ਨਵੇਂ OnePlus Nord 2 ’ਚ ਅਚਾਨਕ ਹੋਇਆ ਧਮਾਕਾ, ਘਟਨਾ ਤੋਂ ਬਾਅਦ ਸਦਮੇ ’ਚ ਗਾਹਕ
Tuesday, Aug 03, 2021 - 11:48 AM (IST)
ਗੈਜੇਟ ਡੈਸਕ– OnePlus Nord 2 5ਜੀ ਕੰਪਨੀ ਦੀ ਨੋਰਡ ਸੀਰੀਜ਼ ਦਾ ਤੀਜਾ ਸਮਾਰਟਫੋਨ ਹੈ। OnePlus Nord 2 ਨੂੰ ਹਾਲ ਹੀ ’ਚ ਭਾਰਤ ’ਚ ਲਾਂਚ ਕੀਤਾ ਗਿਆ ਹੈ ਪਰ ਲਾਂਚਿੰਗ ਦੇ ਨਾਲ ਹੀ ਫੋਨ ਦੇ ਨਾਲ ਇਕ ਵਿਵਾਦ ਜੁੜ ਗਿਆ ਹੈ। ਖਬਰ ਹੈ ਕਿ ਖ਼ਰੀਦਣ ਦੇ 5 ਦਿਨਾਂ ਬਾਅਦ ਹੀ OnePlus Nord 2 5ਜੀ ਅਚਾਨਕ ਧਮਾਕਾ ਹੋਣ ਤੋਂ ਬਾਅਦ ਫਟ ਗਿਆ ਹੈ।
ਰਿਪੋਰਟ ਮੁਤਾਬਕ, ਇਹ ਘਨਟਾ ਬੈਂਗਲੁਰੂ ਦੀ ਹੈ ਜਿਥੇ ਇਕ ਜਨਾਨੀ ਦੇ ਬੈਗ ’ਚ ਪਏ OnePlus Nord 2 5ਜੀ ’ਚ ਧਮਾਕਾ ਹੋ ਗਿਆ। ਇਹ ਘਟਨਾ ਐਤਵਾਰ ਦੀ ਹੈ। ਇਸ ਘਟਨਾ ਨੂੰ ਲੈ ਕੇ ਟਵਿਟਰ ’ਤੇ ਵਨਪਲੱਸ ਨੂੰ ਟੈਗ ਕਰਦੇ ਹੋਏ ਸ਼ਿਕਾਇਤ ਕੀਤੀ ਗਈ ਹੈ। ਅੰਕੁਰ ਸ਼ਰਮਾ ਨਾਂ ਦੇ ਇਕ ਯੂਜ਼ਰ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਸੀ ਜਿਸ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ, ਇਕ ਟਵਿਟਰ ਯੂਜ਼ਰ ਨੇ ਜਾਣਕਾਰੀ ਦਿੱਤੀ ਕਿ 5 ਦਿਨ ਪਹਿਲਾਂ ਹੀ ਉਸ ਦੀ ਪਤਨੀ ਨੇ OnePlus Nord 2 5ਜੀ ਫੋਨ ਖਰੀਦਿਆ ਸੀ। ਐਤਵਾਰ ਨੂੰ ਉਹ ਫੋਨ ਨੂੰ ਆਪਣੇ ਬੈਗ ’ਚ ਰੱਖ ਕੇ ਸਾਈਕਲ ’ਤੇ ਬਾਜ਼ਾਰ ਜਾ ਰਹੀ ਸੀ, ਇਸੇ ਦੌਰਾਨ ਹੀ ਇਹ ਘਟਨਾ ਵਾਪਰੀ। ਫੋਨ ’ਚ ਅਚਾਨਕ ਅੱਗ ਲੱਗ ਗਈ ਅਤੇ ਧੂੰਆ ਨਿਕਲਣ ਲੱਗਾ ਅਤੇ ਫੋਨ ਫਟ ਗਿਆ। ਇਸ ਘਟਨਾ ਤੋਂ ਬਾਅਦ ਉਸ ਦੀ ਪਤਨੀ ਸਦਮੇ ’ਚ ਹੈ।
ਉਥੇ ਹੀ ਵਨਪਲੱਸ ਦੀ ਸਪੋਰਟ ਟੀਮ ਨੇ ਟਵਿਟਰ ’ਤੇ ਇਸ ਟਵੀਟ ਨੂੰ ਲੈ ਕੇ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤਕ ਇਹ ਸਾਫ ਨਹੀਂ ਹੈ ਕਿ ਵਨਪਲੱਸ ਨੇ ਜਨਾਨੀ ਨੂੰ ਨਵਾਂ ਫੋਨ ਦਿੱਤਾ ਹੈ ਜਾਂ ਨਹੀਂ। ਵਨਪਲੱਸ ਨੇ ਕਿਹਾ ਹੈ ਕਿ ਉਹ ਅਜਿਹੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਸ ਮਾਮਲੇ ਦੀ ਜਾਚ ਵੀ ਕੀਤੀ ਜਾ ਰਹੀ ਹੈ। ਫੋਨ ’ਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ।