ਹੁਣ 1 ਮਿੰਟ ''ਚ ਚਾਰਜ ਹੋਵੇਗੀ ਇਲੈਕਟ੍ਰਿਕ ਕਾਰ! ਆ ਗਈ ਨਵੀਂ ਫਾਸਟ ਚਾਰਜਿੰਗ ਟੈਕਨੋਲੋਜੀ

Monday, Sep 21, 2026 - 08:02 PM (IST)

ਹੁਣ 1 ਮਿੰਟ ''ਚ ਚਾਰਜ ਹੋਵੇਗੀ ਇਲੈਕਟ੍ਰਿਕ ਕਾਰ! ਆ ਗਈ ਨਵੀਂ ਫਾਸਟ ਚਾਰਜਿੰਗ ਟੈਕਨੋਲੋਜੀ

ਨਵੀਂ ਦਿੱਲੀ : ਦੁਨੀਆ ਭਰ ਵਿੱਚ ਇਲੈਕਟ੍ਰਿਕ ਕਾਰਾਂ (EVs) ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਪਰ ਚਾਰਜਿੰਗ ਦਾ ਸਮਾਂ ਅਤੇ ਰੇਂਜ ਅਜੇ ਵੀ ਖਰੀਦਦਾਰਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਚੀਨੀ ਬੈਟਰੀ ਨਿਰਮਾਤਾ ਕੰਪਨੀ 'ਸਨਵੋਡਾ ਈ.ਵੀ.ਬੀ.' ਨੇ ਇਲੈਕਟ੍ਰਿਕ ਵਾਹਨਾਂ ਲਈ ਇੱਕ ਨਵੀਂ 15C LFP ਬੈਟਰੀ ਟੈਕਨੋਲੋਜੀ ਪੇਸ਼ ਕੀਤੀ ਹੈ।

ਕੰਪਨੀ ਦਾ ਦਾਅਵਾ ਹੈ ਕਿ ਇਸ ਨਵੀਂ ਟੈਕਨੋਲੋਜੀ ਨਾਲ ਹਰ 1 ਮਿੰਟ ਦੀ ਚਾਰਜਿੰਗ 'ਤੇ ਵਾਹਨ ਨੂੰ ਲਗਭਗ 100 ਕਿਲੋਮੀਟਰ ਦੀ ਡ੍ਰਾਈਵਿੰਗ ਰੇਂਜ ਮਿਲ ਸਕਦੀ ਹੈ। ਬੈਟਰੀ ਨੂੰ 10 ਤੋਂ 70 ਫੀਸਦੀ ਤੱਕ ਚਾਰਜ ਹੋਣ ਵਿੱਚ ਸਿਰਫ਼ 5 ਮਿੰਟ ਲੱਗਦੇ ਹਨ। ਇਹ ਬੈਟਰੀ ਮਾਤਰ 9 ਮਿੰਟਾਂ ਵਿੱਚ 97 ਫੀਸਦੀ ਤੱਕ ਚਾਰਜ ਹੋ ਸਕਦੀ ਹੈ। LFP ਦਾ ਪੂਰਾ ਨਾਮ ਲਿਥੀਅਮ ਆਇਰਨ ਫਾਸਫੇਟ ਹੈ, ਜੋ ਬੈਟਰੀ ਦੀ ਸੁਰੱਖਿਆ, ਘੱਟ ਲਾਗਤ ਅਤੇ ਲੰਬੀ ਉਮਰ ਲਈ ਜਾਣੀ ਜਾਂਦੀ ਹੈ। ਹਾਲਾਂਕਿ, ਅਸਲ ਰੇਂਜ ਵਾਹਨ ਦੇ ਮਾਡਲ, ਬੈਟਰੀ ਦੀ ਸਮਰੱਥਾ, ਡ੍ਰਾਈਵਿੰਗ ਦੇ ਤਰੀਕੇ ਅਤੇ ਮੌਸਮ ਵਰਗੇ ਕਈ ਕਾਰਕਾਂ 'ਤੇ ਨਿਰਭਰ ਕਰੇਗੀ।

ਤੇਜ਼ ਰਫ਼ਤਾਰ ਨਾਲ ਚਾਰਜਿੰਗ ਕਰਨ ਸਮੇਂ ਬੈਟਰੀ ਵਿੱਚ ਗਰਮੀ ਪੈਦਾ ਹੋਣਾ ਇੱਕ ਵੱਡੀ ਚੁਣੌਤੀ ਹੁੰਦਾ ਹੈ, ਜਿਸ ਨਾਲ ਬੈਟਰੀ ਦੀ ਸੁਰੱਖਿਆ ਅਤੇ ਪ੍ਰਦਰਸ਼ਨ 'ਤੇ ਅਸਰ ਪੈ ਸਕਦਾ ਹੈ। ਸਨਵੋਡਾ ਅਨੁਸਾਰ, ਉਸ ਦੀ ਇਹ ਨਵੀਂ 15C ਬੈਟਰੀ ਟੈਕਨੋਲੋਜੀ ਫਾਸਟ ਚਾਰਜਿੰਗ ਦੌਰਾਨ ਤਾਪਮਾਨ ਨੂੰ ਕੰਟਰੋਲ ਵਿੱਚ ਰੱਖ ਸਕਦੀ ਹੈ ਅਤੇ ਆਮ ਕਮਰੇ ਦੇ ਤਾਪਮਾਨ 'ਤੇ ਥਰਮਲ ਸਥਿਰਤਾ ਬਣਾਏ ਰੱਖਦੀ ਹੈ।

ਬੇਹੱਦ ਠੰਢੇ ਮੌਸਮ ਵਿੱਚ ਵੀ ਇਹ ਬੈਟਰੀ ਕੰਮ ਕਰ ਸਕਦੀ ਹੈ। ਕੰਪਨੀ ਮੁਤਾਬਕ, -20 ਡਿਗਰੀ ਸੈਲਸੀਅਸ ਦੇ ਤਾਪਮਾਨ ਵਿੱਚ ਵੀ ਇਹ ਬੈਟਰੀ 15 ਮਿੰਟਾਂ ਵਿੱਚ 10 ਤੋਂ 97 ਫੀਸਦੀ ਤੱਕ ਚਾਰਜ ਹੋ ਸਕਦੀ ਹੈ, ਜਿਸ ਨਾਲ ਵਾਹਨ ਨੂੰ 700 ਕਿਲੋਮੀਟਰ ਤੱਕ ਦੀ ਰੇਂਜ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਇਹ ਸਾਰੇ ਅੰਕੜੇ ਅਤੇ ਦਾਅਵੇ ਕੰਪਨੀ ਵੱਲੋਂ ਦੱਸੇ ਗਏ ਹਨ। ਅਸਲ ਦੁਨੀਆ ਵਿੱਚ ਚਾਰਜਿੰਗ ਦੀ ਰਫ਼ਤਾਰ ਅਤੇ ਰੇਂਜ ਵੱਖਰੀ ਹੋ ਸਕਦੀ ਹੈ, ਅਤੇ ਫਿਲਹਾਲ ਦੁਨੀਆ ਦੀ ਕਿਸੇ ਵੀ ਵੱਡੀ ਸੁਤੰਤਰ ਸੰਸਥਾ ਨੇ ਇਹਨਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ।
 


author

Inder Prajapati

Content Editor

Related News