ਭਾਰਤ ''ਚ ਲਾਂਚ ਹੋਈ 343 ਕਿਲੋਮੀਟਰ ਰੇਂਜ ਵਾਲੀ ਇਲੈਕਟ੍ਰਿਕ ਬਾਈਕ, ਮਿਲਣਗੇ ਦਮਦਾਰ ਫੀਚਰਜ਼
Friday, Oct 23, 2026 - 04:37 AM (IST)
ਨਵੀਂ ਦਿੱਲੀ : ਪ੍ਰਮੁੱਖ ਇਲੈਕਟ੍ਰਿਕ ਬਾਈਕ ਨਿਰਮਾਤਾ ਕੰਪਨੀ ਅਲਟਰਾਵਾਇਲਟ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਇਲੈਕਟ੍ਰਿਕ ਮੋਟਰਸਾਈਕਲ X-47 Venom ਲਾਂਚ ਕਰ ਦਿੱਤੀ ਹੈ। ਇਸ ਇਲੈਕਟ੍ਰਿਕ ਬਾਈਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ 343 ਕਿਲੋਮੀਟਰ ਤੱਕ ਦੀ ਆਈ.ਡੀ.ਸੀ. (IDC) ਰੇਂਜ ਹੈ। ਇਹ ਬਾਈਕ 7kWh ਅਤੇ 11kWh ਦੇ ਦੋ ਬੈਟਰੀ ਵਿਕਲਪਾਂ ਨਾਲ ਆਉਂਦੀ ਹੈ, ਜਿਸ ਵਿੱਚੋਂ 11kWh ਬੈਟਰੀ ਵਾਲੇ ਮਾਡਲ ਦੀ ਰੇਂਜ 343 ਕਿਲੋਮੀਟਰ ਹੈ। ਬਾਈਕ ਵਿੱਚ ਦਿੱਤੀ ਗਈ 30kW (ਲਗਭਗ 40 bhp) ਦੀ ਇਲੈਕਟ੍ਰਿਕ ਮੋਟਰ 550Nm ਦਾ ਜ਼ਬਰਦਸਤ ਟਾਰਕ ਪੈਦਾ ਕਰਦੀ ਹੈ। ਇਹ ਮੋਟਰਸਾਈਕਲ ਮਹਿਜ਼ 2.7 ਸੈਕਿੰਡ ਵਿੱਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਅਤੇ 5.9 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦਾ ਹੈ। ਇਸ ਦੀ ਟੌਪ ਸਪੀਡ 155 ਕਿਲੋਮੀਟਰ ਪ੍ਰਤੀ ਘੰਟਾ ਹੈ। ਬਾਈਕ ਵਿੱਚ 12kW ਤੱਕ ਦੀ ਡੀ.ਸੀ. (DC) ਫਾਸਟ ਚਾਰਜਿੰਗ ਅਤੇ 1.6kW ਦਾ ਆਨਬੋਰਡ ਚਾਰਜਰ ਦਿੱਤਾ ਗਿਆ ਹੈ।
X-47 Venom ਕੰਪਨੀ ਦੀ ਪਹਿਲੀ ਅਜਿਹੀ ਮੋਟਰਸਾਈਕਲ ਹੈ, ਜਿਸ ਨੂੰ ਨਵੇਂ VX-100 ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸ ਨਵੇਂ ਪਲੇਟਫਾਰਮ ਕਾਰਨ ਬਾਈਕ ਦਾ ਕੁੱਲ ਵਜ਼ਨ 180 ਕਿਲੋਗ੍ਰਾਮ ਹੈ, ਜੋ ਪਿਛਲੇ ਮਾਡਲ ਨਾਲੋਂ ਲਗਭਗ 20 ਕਿਲੋਗ੍ਰਾਮ ਹਲਕਾ ਹੈ। ਇਸ ਦੀ ਨਵੀਂ ਬੈਟਰੀ ਪਹਿਲਾਂ ਨਾਲੋਂ 15% ਹਲਕੀ ਹੈ ਅਤੇ ਇਸ ਦੀ ਊਰਜਾ ਸੰਭਾਲਣ ਦੀ ਸਮਰੱਥਾ 25% ਜ਼ਿਆਦਾ ਹੈ। ਇਸ ਤੋਂ ਇਲਾਵਾ ਇਸ ਦੇ ਕੂਲਿੰਗ ਸਿਸਟਮ ਨੂੰ ਵੀ ਪਹਿਲਾਂ ਨਾਲੋਂ ਦੁੱਗਣਾ ਬਿਹਤਰ ਬਣਾਇਆ ਗਿਆ ਹੈ।
ਸੁਰੱਖਿਆ ਦੇ ਲਿਹਾਜ਼ ਨਾਲ ਇਸ ਬਾਈਕ ਵਿੱਚ 'ਹਾਈਪਰਸੈਂਸ' ਸੁਰੱਖਿਆ ਪ੍ਰਣਾਲੀ ਦਿੱਤੀ ਗਈ ਹੈ, ਜਿਸ ਵਿੱਚ 77GHz ਦਾ ਪਿਛਲਾ ਰਡਾਰ ਸ਼ਾਮਲ ਹੈ। ਇਹ ਰਡਾਰ 200 ਮੀਟਰ ਪਿੱਛੇ ਤੱਕ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਦਾ ਹੈ। ਇਸ ਰਾਹੀਂ ਬਲਾਈਂਡ ਸਪੌਟ ਮਾਨੀਟਰਿੰਗ, ਲੇਨ ਬਦਲਣ ਵਿੱਚ ਮਦਦ, ਓਵਰਟੇਕ ਅਲਰਟ ਅਤੇ ਪਿੱਛੇ ਤੋਂ ਟੱਕਰ ਹੋਣ ਦੀ ਚੇਤਾਵਨੀ ਵਰਗੇ ਆਧੁਨਿਕ ਫੀਚਰਜ਼ ਮਿਲਦੇ ਹਨ। ਖ਼ਤਰਾ ਮਹਿਸੂਸ ਹੋਣ 'ਤੇ ਬਾਈਕ ਦੀਆਂ ਹੈਜ਼ਾਰਡ ਲਾਈਟਾਂ ਆਟੋਮੈਟਿਕ ਚਾਲੂ ਹੋ ਜਾਂਦੀਆਂ ਹਨ।
ਇਸ ਬਾਈਕ ਵਿੱਚ 7 ਇੰਚ ਦੀ ਟਚਸਕ੍ਰੀਨ ਦਿੱਤੀ ਗਈ ਹੈ ਜੋ ਇੰਟਰਫੇਸ X ਸਿਸਟਮ 'ਤੇ ਕੰਮ ਕਰਦੀ ਹੈ। ਇਸ ਵਿੱਚ Mappls ਨੇਵੀਗੇਸ਼ਨ, ਰੀਅਰ ਕੈਮਰੇ ਦੀ ਮਦਦ ਨਾਲ ਪਾਰਕਿੰਗ ਅਸਿਸਟ ਅਤੇ ਕਰੂਜ਼ ਕੰਟਰੋਲ ਦੀ ਸੁਵਿਧਾ ਮਿਲਦੀ ਹੈ। ਨਾਲ ਹੀ 'VIOLETTE AI' ਅਲਰਟ ਰਾਹੀਂ ਬਾਈਕ ਦੇ ਹਿੱਲਣ, ਡਿੱਗਣ ਜਾਂ ਦੁਰਘਟਨਾ ਸਬੰਧੀ ਜਾਣਕਾਰੀ ਤੁਰੰਤ ਮਿਲ ਜਾਂਦੀ ਹੈ। ਇਹ ਬਾਈਕ 4 ਰੰਗਾਂ— ਆਫ਼ਟਰਬਰਨਰ ਯੈਲੋ, ਟਰਬੋ ਰੈੱਡ, ਕੌਸਮਿਕ ਬਲੈਕ ਅਤੇ ਸਟੈਲਰ ਵ੍ਹਾਈਟ ਵਿੱਚ ਉਪਲਬਧ ਹੋਵੇਗੀ।
ਕੰਪਨੀ ਵੱਲੋਂ ਪਹਿਲੇ 5,000 ਗਾਹਕਾਂ ਲਈ ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 2.65 ਲੱਖ ਰੁਪਏ ਰੱਖੀ ਗਈ ਹੈ, ਜਿਸ ਤੋਂ ਬਾਅਦ ਇਸ ਦੀ ਸ਼ੁਰੂਆਤੀ ਕੀਮਤ 3 ਲੱਖ ਰੁਪਏ ਹੋ ਜਾਵੇਗੀ। ਇਸ ਬਾਈਕ ਦੀ ਬੁਕਿੰਗ 22 ਅਕਤੂਬਰ 2026 ਤੋਂ ਸ਼ੁਰੂ ਹੋ ਚੁੱਕੀ ਹੈ, ਜਦਕਿ ਇਸ ਦੀ ਡਿਲੀਵਰੀ ਨਵੰਬਰ 2026 ਤੋਂ ਸ਼ੁਰੂ ਹੋਣ ਦੀ ਉਮੀਦ ਹੈ।
