ਨਵੀਂ SUV ਲਾਂਚ ਹੁੰਦਿਆਂ ਹੀ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ, ਵਿਕਰੀ ''ਚ 50% ਦਾ ਭਾਰੀ ਉਛਾਲ

Monday, Nov 02, 2026 - 09:48 PM (IST)

ਨਵੀਂ SUV ਲਾਂਚ ਹੁੰਦਿਆਂ ਹੀ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ, ਵਿਕਰੀ ''ਚ 50% ਦਾ ਭਾਰੀ ਉਛਾਲ

ਬਿਜ਼ਨੈਸ ਡੈਸਕ : ਆਟੋਮੋਬਾਈਲ ਕੰਪਨੀ ਨਿਸਾਨ ਮੋਟਰ ਇੰਡੀਆ ਲਈ ਅਕਤੂਬਰ 2026 ਦਾ ਮਹੀਨਾ ਵਿਕਰੀ ਦੇ ਲਹਾਜ਼ ਨਾਲ ਬਹੁਤ ਵਧੀਆ ਰਿਹਾ ਹੈ। ਕੰਪਨੀ ਵੱਲੋਂ ਭਾਰਤੀ ਬਾਜ਼ਾਰ ਵਿੱਚ ਨਵੀਂ 'ਟੈਕਟਨ' ਸਮੇਤ ਹੋਰ SUV ਗੱਡੀਆਂ ਦੀ ਮਜ਼ਬੂਤ ਮੰਗ ਕਾਰਨ ਅਕਤੂਬਰ ਮਹੀਨੇ ਦੀ ਘਰੇਲੂ ਵਿਕਰੀ ਵਿੱਚ ਸਾਲਾਨਾ ਆਧਾਰ 'ਤੇ 50 ਫ਼ੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਨਿਸਾਨ ਮੋਟਰ ਇੰਡੀਆ ਨੇ ਅਕਤੂਬਰ 2026 ਦੌਰਾਨ ਘਰੇਲੂ ਬਾਜ਼ਾਰ ਵਿੱਚ ਕੁੱਲ 3,600 ਗੱਡੀਆਂ ਡੀਲਰਾਂ ਕੋਲ ਭੇਜੀਆਂ ਹਨ, ਜਦਕਿ ਪਿਛਲੇ ਸਾਲ ਅਕਤੂਬਰ 2025 ਵਿੱਚ ਇਹ ਆਂਕੜਾ 2,402 ਯੂਨਿਟ ਸੀ। ਇਸ ਤਰ੍ਹਾਂ ਕੰਪਨੀ ਦੀ ਘਰੇਲੂ ਵਿਕਰੀ 'ਚ 50 ਫ਼ੀਸਦੀ ਦਾ ਉਛਾਲ ਆਇਆ ਹੈ। ਖ਼ਾਸ ਗੱਲ ਇਹ ਹੈ ਕਿ ਕੰਪਨੀ ਨੇ ਲਗਾਤਾਰ 8ਵੇਂ ਮਹੀਨੇ ਆਪਣੀ ਵਿਕਰੀ ਵਿੱਚ ਸਾਲਾਨਾ ਵਾਧਾ ਦਰਜ ਕੀਤਾ ਹੈ।

ਕੰਪਨੀ ਦੀ ਇਸ ਸਫ਼ਲਤਾ ਪਿੱਛੇ ਉਸ ਦੀਆਂ SUV ਗੱਡੀਆਂ ਦੀ ਵਧਦੀ ਮੰਗ ਨੂੰ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ। ਨਿਸਾਨ ਦੇ ਪੋਰਟਫ਼ੋਲੀਓ ਵਿੱਚ ਮੈਗਨਾਈਟ (Magnite), ਗ੍ਰੈਵਿਟ (Gravite) ਅਤੇ ਨਵੀਂ ਟੈਕਟਨ (Tekton) ਵਰਗੀਆਂ ਗੱਡੀਆਂ ਸ਼ਾਮਲ ਹਨ। ਕੰਪਨੀ ਅਨੁਸਾਰ ਨਵੀਂ 'ਟੈਕਟਨ' SUV ਭਾਰਤੀ ਬਾਜ਼ਾਰ ਵਿੱਚ ਉਸ ਦੀ ਪਕੜ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਘਰੇਲੂ ਵਿਕਰੀ ਤੋਂ ਇਲਾਵਾ ਨਿਸਾਨ ਨੇ ਅਕਤੂਬਰ ਮਹੀਨੇ ਦੌਰਾਨ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ 4,710 ਯੂਨਿਟਾਂ ਦਾ ਨਿਰਯਾਤ ਕੀਤਾ ਹੈ। ਜਨਵਰੀ ਤੋਂ ਅਕਤੂਬਰ 2026 ਦਰਮਿਆਨ ਨਿਸਾਨ ਨੇ ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਨੂੰ ਮਿਲਾ ਕੇ ਕੁੱਲ 85,124 ਗੱਡੀਆਂ ਦੀ ਵਿਕਰੀ ਅਤੇ ਸਪਲਾਈ ਦਰਜ ਕੀਤੀ ਹੈ। ਕੰਪਨੀ ਆਪਣੀ ਗਲੋਬਲ ਰਣਨੀਤੀ 'One Car. One World.' ਤਹਿਤ ਭਾਰਤ 'ਚ ਬਣਨ ਵਾਲੀਆਂ ਗੱਡੀਆਂ ਦੂਜੇ ਦੇਸ਼ਾਂ ਵਿੱਚ ਵੀ ਵੇਚ ਰਹੀ ਹੈ। ਭਾਰਤੀ ਬਾਜ਼ਾਰ 'ਚ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਅਤੇ ਮਹਿੰਦਰਾ ਵਰਗੀਆਂ ਕੰਪਨੀਆਂ ਦੀਆਂ ਚੁਣੌਤੀਆਂ ਦਰਮਿਆਨ ਵਿਕਰੀ ਦਾ ਵਧਣਾ ਕੰਪਨੀ ਲਈ ਸਕਾਰਾਤਮਕ ਸੰਕੇਤ ਹੈ।


author

Inder Prajapati

Content Editor

Related News