ਇਸ ਕੰਪਨੀ ਨੇ ਨਰਾਤੇ-ਦੁਸਹਿਰੇ ''ਚ ਵੇਚ ''ਤੀਆਂ 2.67 ਲੱਖ ਤੋਂ ਵੱਧ ਬਾਈਕਾਂ ! ਟੁੱਟ ਗਏ ਸੇਲ ਦੇ ਸਾਰੇ ਰਿਕਾਰਡ
Monday, Nov 02, 2026 - 03:19 PM (IST)
ਗੈਜੇਟ ਡੈਸਕ : ਭਾਰਤੀ ਬਾਜ਼ਾਰ 'ਚ ਰਾਇਲ ਐਨਫੀਲਡ ਦਾ ਦਬਦਬਾ ਲਗਾਤਾਰ ਬਰਕਰਾਰ ਹੈ। ਨਰਾਤਰੇ ਅਤੇ ਦੁਸਹਿਰੇ ਵਰਗੇ ਤਿਉਹਾਰੀ ਸੀਜ਼ਨ ਦੌਰਾਨ ਕੰਪਨੀ ਦੀਆਂ ਮੋਟਰਸਾਈਕਲਾਂ ਦੀ ਮੰਗ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਸਤੰਬਰ ਤੇ ਅਕਤੂਬਰ ਦੇ ਦੋ ਮਹੀਨਿਆਂ ਵਿੱਚ ਕੰਪਨੀ ਨੇ ਕੁੱਲ 2,67,400 ਮੋਟਰਸਾਈਕਲਾਂ ਦੀ ਰਿਕਾਰਡ ਵਿਕਰੀ ਕੀਤੀ ਹੈ, ਜੋ ਕੰਪਨੀ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਤਿਉਹਾਰੀ ਸੇਲ ਰਿਕਾਰਡ ਹੈ।
ਅਕਤੂਬਰ ਮਹੀਨੇ ਦੌਰਾਨ ਕੰਪਨੀ ਨੇ ਕੁੱਲ 1,33,442 ਮੋਟਰਸਾਈਕਲਾਂ ਵੇਚੀਆਂ, ਜੋ ਪਿਛਲੇ ਸਾਲ ਅਕਤੂਬਰ ਦੀਆਂ 1,24,951 ਯੂਨਿਟਾਂ ਨਾਲੋਂ 7 ਫੀਸਦੀ ਵੱਧ ਹਨ। ਘਰੇਲੂ ਬਾਜ਼ਾਰ ਵਿੱਚ 1,21,527 ਯੂਨਿਟਾਂ ਦੀ ਵਿਕਰੀ ਹੋਈ (4 ਫੀਸਦੀ ਦਾ ਵਾਧਾ), ਜਦਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਬਰਾਮਦ (ਐਕਸਪੋਰਟ) 47 ਫੀਸਦੀ ਦੇ ਵੱਡੇ ਉਛਾਲ ਨਾਲ 11,915 ਯੂਨਿਟਾਂ ਤੱਕ ਪਹੁੰਚ ਗਈ। ਮਾਲੀ ਸਾਲ 2026-27 ਦੇ ਪਹਿਲੇ 7 ਮਹੀਨਿਆਂ (ਅਪ੍ਰੈਲ ਤੋਂ ਅਕਤੂਬਰ) ਵਿੱਚ ਕੁੱਲ 8,42,538 ਬਾਈਕਾਂ ਦੀ ਵਿਕਰੀ ਹੋਈ ਹੈ, ਜੋ ਪਿਛਲੇ ਸਾਲ ਨਾਲੋਂ 18 ਫੀਸਦੀ ਦੀ ਗ੍ਰੋਥ ਦਰਸਾਉਂਦੀ ਹੈ।
ਕੰਪਨੀ ਵੱਲੋਂ ਲਾਂਚ ਕੀਤਾ ਗਿਆ Classic 650 ਦਾ ਐਨੀਵਰਸਰੀ ਐਡੀਸ਼ਨ 'Hypershift' ਜ਼ਬਰਦਸਤ ਚਰਚਾ ਵਿੱਚ ਰਿਹਾ। ਵਿਸ਼ਵ ਪੱਧਰ 'ਤੇ ਉਪਲਬਧ ਕਰਵਾਈਆਂ ਗਈਆਂ ਇਸ ਦੀਆਂ 125 ਯੂਨਿਟਾਂ ਮਹਿਜ਼ 6 ਮਿੰਟਾਂ ਤੋਂ ਘੱਟ ਸਮੇਂ ਵਿੱਚ ਪੂਰੀ ਤਰ੍ਹਾਂ ਵਿਕ ਗਈਆਂ। 650 Twin ਪਲੇਟਫਾਰਮ 'ਤੇ ਬਣੀ ਇਸ ਵਿਸ਼ੇਸ਼ ਬਾਈਕ ਵਿੱਚ ਕਲਰ-ਸ਼ਿਫਟਿੰਗ ਪੇਂਟ, 125 ਸਾਲਾਂ ਦਾ ਗੋਲਡਨ ਕ੍ਰੈਸਟ ਅਤੇ ਹੱਥ ਨਾਲ ਤਿਆਰ ਕੀਤੀਆਂ ਪਿਨਸਟ੍ਰਾਈਪਸ ਦਿੱਤੀਆਂ ਗਈਆਂ ਹਨ।
ਗਲੋਬਲ ਬਾਜ਼ਾਰ ਵਿੱਚ ਕੰਪਨੀ ਨੇ ਮਲੇਸ਼ੀਆ ਵਿੱਚ Guerrilla Apex 450 ਲਾਂਚ ਕੀਤੀ ਹੈ ਅਤੇ ਤਾਈਵਾਨ ਵਿੱਚ ਨਵਾਂ ਐਕਸਕਲੂਸਿਵ ਸਟੋਰ ਖੋਲ੍ਹਿਆ ਹੈ। ਕੋਰੀਆ ਵਿੱਚ ਹੋਈ ਰੇਟ੍ਰੋ ਰੇਸਿੰਗ ਟ੍ਰੋਫੀ ਵਿੱਚ Continental GT 650 ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ, ਇਲੈਕਟ੍ਰਿਕ ਸੈਕਟਰ ਵਿੱਚ ਕੰਪਨੀ ਨੇ ਆਪਣੇ EV ਬ੍ਰਾਂਡ Flying Flea ਦੇ ਸ਼ੋਰੂਮ ਬੈਂਗਲੁਰੂ ਤੋਂ ਬਾਅਦ ਹੁਣ ਹੈਦਰਾਬਾਦ ਅਤੇ ਪੁਣੇ ਵਿੱਚ ਵੀ ਸ਼ੁਰੂ ਕਰ ਦਿੱਤੇ ਹਨ।
