ਬਿਨ੍ਹਾਂ ਖ਼ਰੀਦੇ ਘਰ ਲੈ ਜਾਓ ਮਾਰੂਤੀ ਦੀ ਨਵੀਂ ਕਾਰ, ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਹੋਈ ਸੇਵਾ

09/25/2020 2:26:14 PM

ਆਟੋ ਡੈਸਕ– ਇਸ ਸਾਲ ਜੁਲਾਈ ਮਹੀਨੇ ’ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਵਾਹਨ ‘ਸਬਸਕ੍ਰਿਪਸ਼ਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਕੋਈ ਵੀ ਗਾਹਕ ਮਾਰੂਤੀ ਦੀ ਨਵੀਂ ਕਾਰ ਨੂੰ ਕਿਰਾਏ ’ਤੇ ਲੈ ਸਕਦਾ ਹੈ। ਇਸ ਪ੍ਰੋਗਰਾਮ ਨੂੰ ਪਾਇਲਟ ਪ੍ਰੋਗਰਾਮ ਦੇ ਰੂਪ ’ਚ ਬੈਂਗਲੁਰੂ ਅਤੇ ਗੁਰੂਗ੍ਰਾਮ ’ਚ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਹੁਣ ਇਸ ਨੂੰ ਦਿੱਲੀ, ਐੱਨ. ਸੀ. ਆਰ., (ਨੋਇਡਾ, ਗਾਜ਼ੀਆਬਾਦ, ਫਰੀਦਾਬਾਦ) ’ਚ ਵੀ ਲਾਂਚ ਕਰ ਦਿੱਤਾ ਗਿਆ ਹੈ। ਵਾਹਨ ‘ਸਬਸਕ੍ਰਿਪਸ਼ਨ’ ਪ੍ਰੋਗਰਾਮ ਤਹਿਤ ਮਿਲਣ ਵਾਲੀਆਂ ਗੱਡੀਆਂ ’ਚ ਮਾਰੂਤੀ ਸੁਜ਼ੂਕੀ ਸਵਿਫਟ, ਡਿਜ਼ਾਇਰ, ਵਿਟਾਰਾ ਬ੍ਰੇਜ਼ਾ, ਅਰਟਿਗਾ, ਬਲੈਨੋ, ਸਿਆਜ਼ ਅਤੇ XL6 ਸ਼ਾਮਲ ਹਨ। 

ਕੰਪਨੀ ਦੀ ਯੋਜਨਾ ਅਗਲੇ ਦੋ ਤੋਂ ਤਿੰਨ ਸਾਲ ’ਚ ਦੇਸ਼ ਦੇ 60 ਸ਼ਹਿਰਾਂ ’ਚ ਇਸ ਪ੍ਰੋਗਰਾਮ ਦਾ ਵਿਸਤਾਰ ਕਰਨ ਦੀ ਹੈ। ਮਾਰੂਤੀ ਸੁਜ਼ੂਕੀ ਨੇ ਬਿਆਨ ’ਚ ਕਿਹਾ ਕਿ ਉਸ ਨੇ ਇਸ ਲਈ ਓਰਿਕਸ ਕਾਰਪੋਰੇਸ਼ਨ ਜਾਪਾਨ ਦੀ ਸਹਾਇਕ ਓਰਿਕਸ ਆਟੋ ਇਨਫ੍ਰਾਸਟ੍ਰਕਚਰ ਸਰਵਿਸੇਜ਼ ਇੰਡੀਆ ਨਾਲ ਗਠਜੋੜ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਤਹਿਤ ਗਾਹਕ ਵਾਹਨ ਦੀ ਮਲਕੀਅਤ ਹਾਸਲ ਕੀਤੇ ਬਿਨਾਂ ਨਵੀਂ ਕਾਰ ਦਾ ਇਸਤੇਮਾਲ ਕਰ ਸਕਦੇ ਹਨ। ਇਸ ਲਈ ਉਸ ਨੂੰ ਮਾਸਿਕ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

ਕੀ ਹੈ ਮਾਰੂਤੀ ਸੁਜ਼ੂਕੀ ਵਾਹਨ ‘ਸਬਸਕ੍ਰਿਪਸ਼ਨ’ ਪ੍ਰੋਗਰਾਮ?
ਇਸ ਪ੍ਰੋਗਰਾਮ ਤਹਿਤ ਗਾਹਕ 12 ਤੋਂ 48 ਮਹੀਨਿਆਂ ਦੇ ਸਮੇਂ ਤਕ ਲਈ ਕਾਰ ਨੂੰ ਕਿਰਾਏ ’ਤੇ ਲੈ ਸਕਦੇ ਹਨ। ਉਦਾਹਰਣ ਲਈ ਜੇਕਰ ਤੁਸੀਂ ਦਿੱਲੀ ’ਚ ਰਹਿੰਦੇ ਹੋ ਅਤੇ ਮਾਰੂਤੀ ਸੁਜ਼ੂਕੀ ਸਵਿਫਟ LXi ਨੂੰ 48 ਮਹੀਨਿਆਂ ਲਈ ਕਿਰਾਏ ’ਤੇ ਲੈਣਾ ਚਾਹੁੰਦੇ ਹੋ ਤਾਂ ਇਸ ਦੀ ਮਾਸਿਕ ਫੀਸ 14,463 ਰੁਪਏ ਹੋਵੇਗੀ। ਇਸ ਰਕਮ ’ਚ ਟੈਕਸ ਵੀ ਸ਼ਾਮਲ ਹਨ। 

ਖ਼ਾਸ ਗੱਲ ਹੈ ਕਿ ਗਾਹਕਾਂ ਨੂੰ ਰੱਖ-ਰਖਾਅ, ਜ਼ੀਰੋ ਡੈਪ ਬੀਮਾ ਅਤੇ 24x7 ਰੋਡ-ਸਾਈਡ ਅਸਿਸਟੈਂਟ ਦੀ ਸੁਵਿਧਾ ਵੀ ਨਾਲ ਦਿੱਤੀ ਜਾ ਰਹੀ ਹੈ। ਸਬਸਕ੍ਰਿਪਸ਼ਨ ਖ਼ਤਮ ਹੋਣ ਤੋਂ ਬਾਅਦ ਗਾਹਕ ਚਾਹੁਣ ਤਾਂ ਕਾਰ ਨੂੰ ਅਪਗ੍ਰੇਡ ਕਰ ਸਕਦੇ ਹਨ, ਸਰਵਿਸ ਨੂੰ ਐਕਸਟੈਂਡ ਕਰਵਾ ਸਕਦੇ ਹਨ ਜਾਂ ਫਿਰ ਉਸੇ ਕਾਰ ਨੂੰ ਮਾਰਕੀਟ ਪ੍ਰਾਈਜ਼ ’ਤੇ ਖ਼ਰੀਦ ਸਕਦੇ ਹਨ। 

ਕੋਈ ਡਾਊਨ ਪੇਮੈਂਟ ਨਹੀਂ
ਖ਼ਾਸ ਗੱਲ ਹੈ ਕਿ ਕਾਰ ਕਿਰਾਏ ’ਤੇ ਲੈਣ ਲਈ ਕੋਈ ਡਾਊਨ ਪੇਮੈਂਟ ਨਹੀਂ ਦੇਣੀ ਹੋਵੇਗੀ। ਕਾਰ ਲੈਣ ਲਈ ਤੁਹਾਨੂੰ ਉਸ ਦਾ ਮਾਡਲ ਅਤੇ ਕਿਰਾਏ ਦੀ ਮਿਆਦ ਚੁਣ ਕੇ ਜ਼ਰੂਰੀ ਫਾਰਮ ਭਰਨਾ ਹੋਵੇਗਾ। ਐਪਲੀਕੇਸ਼ਨ ਮਨਜ਼ੂਰ ਹੋਣ ਤੋਂ ਬਾਅਦ 15 ਦਿਨਾਂ ਦੇ ਅੰਦਰ ਤੁਹਾਨੂੰ ਕਾਰ ਮਿਲ ਜਾਵੇਗੀ। 


Rakesh

Content Editor

Related News