4ਜੀ ਡਾਊਨਲੋਡ ਸਪੀਡ ’ਚ ਜੀਓ ਨੇ ਫਿਰ ਮਾਰੀ ਬਾਜ਼ੀ, ਅਪਲੋਡ ’ਚ ਇਹ ਕੰਪਨੀ ਨਿਕਲੀ ਅੱਗੇ
Wednesday, Oct 14, 2020 - 11:56 AM (IST)
ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਇਕ ਵਾਰ ਫਿਰ ਔਸਤ 4ਜੀ ਡਾਊਨਲੋਡ ਸਪੀਡ ’ਚ ਬਾਜ਼ੀ ਮਾਰ ਲਈ ਹੈ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਸਤੰਬਰ ਦੇ ਅੰਕੜਿਆਂ ਮੁਤਾਬਕ, ਜੀਓ ਦੀ ਔਸਤ ਡਾਊਨਲੋਡ ਸਪੀਡ 19.3 ਐੱਮ.ਬੀ.ਪੀ.ਐੱਸ. ਨਾਪੀ ਗਈ। ਇਹ ਸਪੀਡ ਪਿਛਲੇ ਮਹੀਨੇ ਅਗਸਤ ਦੇ ਮੁਕਾਬਲੇ 3.4 ਐੱਮ.ਬੀ.ਪੀ.ਐੱਸ. ਜ਼ਿਆਦਾ ਹੈ। ਅਗਸਤ ’ਚ ਰਿਲਾਇੰਸ ਜੀਓ ਦੀ 4ਜੀ ਡਾਊਨਲੋਡਸਪੀਡ 15.9 ਐੱਮ.ਬੀ.ਪੀ.ਐੱਸ. ਸੀ।
ਏਅਰਟੈੱਲ ਦੇ ਮੁਕਾਬਲੇ ਜੀਓ ਦੀ ਸਪੀਡ ਜ਼ਿਆਦਾ
ਦੱਸ ਦੇਈਏ ਕਿ ਪਿਛਲੇ ਤਿੰਨ ਸਾਲਾਂ ਤੋਂ ਰਿਲਾਇੰਸ ਜੀਓ ਡਾਊਨਲੋਡ ਸਪੀਡ ਦੇ ਮਾਮਲੇ ’ਚ ਲਗਾਤਾਰ ਨੰਬਰ 1 4ਜੀ ਆਪਰੇਟਰ ਬਣਿਆ ਹੋਇਆ ਹੈ। ਟਰਾਈ ਮੁਤਾਬਕ, ਸਤੰਬਰ ’ਚ ਭਾਰਤੀ ਏਅਰਟੈੱਲ ਦੇ ਪ੍ਰਦਰਸ਼ਨ ’ਚ ਮਾਮੂਲੀ ਸੁਧਾਰ ਵੇਖਿਆ ਗਿਆ ਹੈ। ਏਅਰਟੈੱਲ ਦੀ ਔਸਤ 4ਜੀ ਡਾਊਨਲੋਡ ਸਪੀਡ ਅਗਸਤ ਦੇ 7.0 ਐੱਮ.ਬੀ.ਪੀ.ਐੱਸ. ਦੇ ਮੁਕਾਬਲੇ ਸਤੰਬਰ ’ਚ 7.5 ਐੱਮ.ਬੀ.ਪੀ.ਐੱਸ. ਰਹੀ। ਏਅਰਟੈੱਲ ਦੇ ਮੁਕਾਬਲੇ ਰਿਲਾਇੰਸ ਜੀਓ ਦੀ ਸਪੀਡ 2.5 ਗੁਣਾ ਤੋਂ ਵੀ ਜ਼ਿਆਦਾ ਰਹੀ। ਹਾਲਾਂਕਿ, ਵੋਡਾਫੋਨ ਅਤੇ ਆਈਡੀਆ ਸੈਲੁਲਰ ਨੇ ਆਪਣੇ ਕਾਰੋਬਾਰ ਦਾ ਮਰਜ ਕਰ ਲਿਆ ਹੈ ਅਤੇ ਹੁਣ ਵੋਡਾਫੋਨ-ਆਈਡੀਆ ਦੇ ਰੂਪ ’ਚ ਕੰਮ ਕਰ ਰਹੇ ਹਨ ਪਰ ਟਰਾਈ ਦੋਵਾਂ ਦੇ ਅੰਕੜੇ ਵੱਖ-ਵੱਖ ਦਿਖਾਉਂਦੀ ਹੈ।
ਵੋਡਾਫੋਨ ਔਸਤ 4ਜੀ ਅਪਲੋਡ ਸਪੀਡ ਚਾਰਜ ’ਚ ਸਭ ਤੋਂ ਉਪਰ
ਸਤੰਬਰ ’ਚ 6.5 ਐੱਮ.ਬੀ.ਪੀ.ਐੱਸ. ਨਾਲ ਵੋਡਾਫੋਨ ਔਸਤ 4ਜੀ ਅਪਲੋਡ ਸਪੀਡ ਚਾਰਜ ’ਚ ਸਭ ਤੋਂ ਉਪਰ ਰਹੀ। ਆਈਡੀਆ ਦੀ ਅਪਲੋਡ ਸਪੀਡ ਥੋੜ੍ਹੀ ਘੱਟ 6.4 ਐੱਮ.ਬੀ.ਪੀ.ਐੱਸ. ਰਹੀ। ਉਥੇ ਹੀ ਰਿਲਾਇੰਸ ਜੀਓ ਅਤੇ ਏਅਰਟੈੱਲ ਦੀ ਸਤੰਬਰ ਮਹੀਨੇ ’ਚ ਔਸਤ ਅਪਲੋਡ ਸਪੀਡ ਇਕੋ ਜਿੰਨੀ 3.5 ਐੱਮ.ਬੀ.ਪੀ.ਐੱਸ. ਨਾਪੀ ਗਈ। ਟਰਾਈ ਦੁਆਰਾ ਔਸਤ ਸਪੀਡ ਦੀ ਗਣਨਾ ਮਾਈਸਪੀਡ ਐਪਲੀਕੇਸ਼ਨ ਦੀ ਮਦਦ ਨਾਲ ਇਕੱਠੇ ਕੀਤੇ ਗਏ ਰੀਅਲ ਟਾਈਮ ਅੰਕੜਿਆਂ ਦੇ ਅਧਾਰ ’ਤੇ ਕੀਤੀ ਜਾਂਦੀ ਹੈ।