20,000 ਤੋਂ ਵੱਧ ਇੰਸਟਾਗ੍ਰਾਮ ਅਕਾਊਂਟ ਹੈਕ, ਮੇਟਾ ਨੇ ਮੰਨੀ ਸੁਰੱਖਿਆ ''ਚ ਹੋਈ ਵੱਡੀ ਚੂਕ

Tuesday, Jun 09, 2026 - 10:46 PM (IST)

20,000 ਤੋਂ ਵੱਧ ਇੰਸਟਾਗ੍ਰਾਮ ਅਕਾਊਂਟ ਹੈਕ, ਮੇਟਾ ਨੇ ਮੰਨੀ ਸੁਰੱਖਿਆ ''ਚ ਹੋਈ ਵੱਡੀ ਚੂਕ

ਨਵੀਂ ਦਿੱਲੀ - ਸੋਸ਼ਲ ਮੀਡੀਆ ਦਿੱਗਜ ਮੇਟਾ ਨੇ ਸਵੀਕਾਰ ਕੀਤਾ ਹੈ ਕਿ ਉਸਦੇ ਏਆਈ (AI) ਅਧਾਰਿਤ ਅਕਾਊਂਟ ਰਿਕਵਰੀ ਸਿਸਟਮ ਵਿੱਚ ਇੱਕ ਗੰਭੀਰ ਤਕਨੀਕੀ ਖਾਮੀ ਕਾਰਨ 20,000 ਤੋਂ ਵੱਧ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਏ ਹਨ। ਕੰਪਨੀ ਅਨੁਸਾਰ, ਹਮਲਾਵਰਾਂ ਨੇ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਯੂਜ਼ਰਸ ਦੇ ਪਾਸਵਰਡ ਰੀਸੈੱਟ ਲਿੰਕ ਹਾਸਲ ਕਰ ਲਏ ਅਤੇ ਕਈ ਅਕਾਊਂਟਸ 'ਤੇ ਕਬਜ਼ਾ ਕਰ ਲਿਆ। ਇਸ ਸਾਈਬਰ ਅਟੈਕ ਵਿਚ ਫੋਟੋ, ਈਮੇਲ ਐਡਰੈੱਸ. ਡਾਇਰੈਕਟ ਮੈਸੇਜ, ਅਕਾਉਂਟ ਐਕਟੀਵਿਟੀ ਰਿਕਾਰਡ, ਜਨਮ ਤਰੀਕ ਅਤੇ ਹੋਰ ਪ੍ਰਾਈਵੇਟ ਜਾਣਕਾਰੀ ਪ੍ਰਭਾਵਿਤ ਹੋ ਸਕਦੀ ਹੈ। 

ਰਿਪੋਰਟਾਂ ਅਨੁਸਾਰ, ਇਹ ਸਾਰੀ ਘਟਨਾ ਮੇਟਾ ਦੇ 'ਹਾਈ ਟੱਚ ਸਪੋਰਟ ਟੂਲ' ਵਿੱਚ ਮੌਜੂਦ ਇੱਕ ਕਮਜ਼ੋਰੀ ਕਾਰਨ ਵਾਪਰੀ ਹੈ। ਇਹ ਸਿਸਟਮ ਉਹਨਾਂ ਯੂਜ਼ਰਸ ਦੀ ਮਦਦ ਲਈ ਬਣਾਇਆ ਗਿਆ ਸੀ ਜੋ ਆਪਣੇ ਅਕਾਊਂਟ ਤੱਕ ਪਹੁੰਚ ਗੁਆ ਚੁੱਕੇ ਹੁੰਦੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਿਸਟਮ ਇਹ ਤਸਦੀਕ ਨਹੀਂ ਕਰ ਰਿਹਾ ਸੀ ਕਿ ਰਿਕਵਰੀ ਦੌਰਾਨ ਦਿੱਤਾ ਗਿਆ ਈਮੇਲ ਐਡਰੈੱਸ ਅਸਲ ਵਿੱਚ ਉਸ ਅਕਾਊਂਟ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਇਸੇ ਚੂਕ ਦਾ ਫਾਇਦਾ ਉਠਾ ਕੇ ਹੈਕਰਾਂ ਨੇ ਸਪੋਰਟ ਬੋਟ ਨੂੰ ਨਵਾਂ ਈਮੇਲ ਜੋੜਨ ਲਈ ਰਾਜ਼ੀ ਕਰ ਲਿਆ ਅਤੇ ਫਿਰ ਪਾਸਵਰਡ ਬਦਲ ਕੇ ਅਕਾਊਂਟ ਦਾ ਕੰਟਰੋਲ ਲੈ ਲਿਆ।

ਇਹ ਸਾਈਬਰ ਅਟੈਕ 17 ਅਪ੍ਰੈਲ 2026 ਦੇ ਆਲੇ-ਦੁਆਲੇ ਸ਼ੁਰੂ ਹੋਇਆ ਸੀ। ਇਸ ਸੁਰੱਖਿਆ ਚੂਕ ਕਾਰਨ ਕੁਝ ਪ੍ਰਮੁੱਖ ਅਕਾਊਂਟਸ ਵੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਬਰਾਕ ਓਬਾਮਾ ਦਾ ਵ੍ਹਾਈਟ ਹਾਊਸ ਅਕਾਊਂਟ ਅਤੇ ਸਪੇਸ ਫੋਰਸ ਦੇ ਉੱਚ ਅਧਿਕਾਰੀਆਂ ਦੇ ਅਕਾਊਂਟ ਸ਼ਾਮਲ ਦੱਸੇ ਜਾ ਰਹੇ ਹਨ। ਮੇਟਾ ਨੇ ਦੱਸਿਆ ਕਿ ਜਿਨ੍ਹਾਂ ਅਕਾਊਂਟਸ ਵਿੱਚ ਟੂ-ਫੈਕਟਰ ਆਥੈਂਟੀਕੇਸ਼ਨ ਚਾਲੂ ਨਹੀਂ ਸੀ, ਉਹ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸੁਰੱਖਿਆ ਮਾਹਿਰਾਂ ਅਤੇ ਕੰਪਨੀ ਨੇ ਯੂਜ਼ਰਸ ਨੂੰ ਤੁਰੰਤ ਟੂ-ਫੈਕਟਰ ਆਥੈਂਟੀਕੇਸ਼ਨ ਚਾਲੂ ਕਰਨ, ਸਟ੍ਰੌਂਗ ਪਾਸਵਰਡ ਰੱਖਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ। 


author

Inder Prajapati

Content Editor

Related News