ਜੇ ਤੁਹਾਡੇ ਕੋਲ ਹੈ ਇਸ ਕੰਪਨੀ ਦਾ ਹੋਵਰਬੋਰਡ ਤਾਂ ਨਹੀਂ ਹੈ ਚਿੰਤਾ ਦੀ ਗੱਲ
Saturday, Jan 09, 2016 - 01:44 PM (IST)
ਜਲੰਧਰ— ਅਸੀਂ ਸਭ ਜਾਣਦੇ ਹਾਂ ਕਿ ਹੋਵਰ ਬੋਰਡ 2015 ਦਾ ਇਕ ਮਸ਼ਹੂਰ ਗੈਜੇਟ ਰਿਹਾ ਹੈ। ਸੈਲਫ ਬੈਲੇਂਸਡ, ਦੋ ਪਹੀਆਂ ''ਤੇ ਚੱਲਣ ਵਾਲਾ ਹੋਵਰਬੋਰਡ 2016 ਲਈ ਪੂਰੀ ਤਰ੍ਹਾਂ ਤਿਆਰ ਹੈ। ਰੇਜ਼ਰ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੋਵਰਬੋਰਡ ਇਸ ਕੈਟਾਗਰੀ ਦਾ ਸਭ ਤੋਂ ਮਸ਼ਹੂਰ ਬੋਰਡ ਹੈ। ਲੋਕਾਂ ਵੱਲੋਂ ਇਸ ਨੂੰ ਰਲੀ-ਮਿਲੀ ਪ੍ਰਤੀਕਿਰਿਆ ਮਿਲੀ ਹੈ। ਕੁਝ ਲੋਕ ਇਸ ਤਰ੍ਹਾਂ ਦੇ ਬੋਰਡਸ ਨੂੰ ਪਸੰਦ ਕਰ ਰਹੇ ਹਨ ਤਾਂ ਦੂਜੇ ਪਾਸੇ ਕਈ ਲੋਕ ਇਸ ਦੇ ਮਿਸ ਬੈਲੇਂਸ ਹੋਣ ''ਤੇ ਇਸ ਨੂੰ ਅੱਗ ਲੱਗ ਜਾਣ ਕਰਕੇ ਇਸ ਤੋਂ ਨਾਖੁਸ਼ ਹਨ।
ਇਸ ਦਾ ਕਾਰਨ ਇਹ ਸੀ ਕਿ ਕੁਝ ਚਾਈਨੀਜ਼ ਨਿਰਮਾਤਾ ਇਸ ''ਚ ਸਸਤੀ ਲੀਥੀਅਮ ਆਇਨ ਬੈਟਰੀ ਦੀ ਵਰਤੋਂ ਕਰਦੇ ਸਨ, ਜੋ ਕਿ ਹੋਵਰਬੋਰਡ ''ਚ ਅੱਗ ਲੱਗਣ ਦਾ ਇਕ ਵੱਡਾ ਕਾਰਨ ਹੈ। ਰੇਜ਼ਰ ਵੱਲੋਂ ਤਿਆਰ ਕੀਤਾ ਗਿਆ ਹੋਵਰਬੋਰਡ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਅੱਗ ਨਹੀਂ ਫੜਦਾ। ਉਂਝ ਤਾਂ ਹੋਵਰਬੋਰਡ 1200 ਡਾਲਰ (80,000 ਰੁਪਏ) ਤੋਂ 1500 ਡਾਲਰ (1,00,000 ਰੁਪਏ) ''ਚ ਮਿਲ ਰਹੇ ਹਨ। ਰੇਜ਼ਰ ਵੱਲੋਂ ਤਿਆਰ ਇਹ ਹੋਵਰ ਬੋਰਡ ਐਮੇਜ਼ਾਨ ''ਤੇ 599.99 ਡਾਲਰ (40,000 ਰੁਪਏ) ''ਚ ਮੁਹੱਈਆ ਹੈ। ਇਸ ਦੇ ਡਿਜ਼ਾਈਨ ''ਚ ਹੋਵਰਬੋਰਡ ਨੂੰ ਸਮੋਕ ਕ੍ਰੋਮ ਫਿਨਿਸ਼ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਇਸ ''ਚ ਨੀਲੇ ਰੰਗ ਦੀ ਐੱਲ. ਈ. ਡੀ. ਲੱਗੀ ਹੈ, ਜੋ ਇਸ ਨੂੰ ਆਕਰਸ਼ਕ ਬਣਾਉਂਦੀ ਹੈ।
ਸਿਰਫ ਰੇਜ਼ਰ ਹੀ ਅਜਿਹੀ ਕੰਪਨੀ ਹੈ, ਜਿਸ ਦੇ ਹੋਵਰਬੋਰਡ ਅਮਰੀਕਾ ''ਚ ਆਫੀਸ਼ੀਅਲੀ ਵਿਕਣਗੇ। ਇਸ ਲਈ ਇਸ ਬੋਰਡ ਨੂੰ ਪੂਰੀ ਤਰ੍ਹਾਂ ਟੈਸਟ ਕਰ ਕੇ ਅਪਰੂਵ ਕੀਤਾ ਗਿਆ ਹੈ। ਰਿਸਰਚ ਤੇ ਡਿਵੈੱਲਪਮੈਂਟ ਦੇ ਚੀਫ ਬਾਬ ਹੈਡਲੀ ਦਾ ਕਹਿਣਾ ਹੈ ਕਿ ਇਹ ਨਵਾਂ ਬੋਰਡ ਬਾਜ਼ਾਰ ''ਚ ਮਿਲਣ ਵਾਲੇ ਦੂਸਰੇ ਹੋਵਰਬੋਰਡਸ ਵਰਗਾ ਹੀ ਹੈ ਪਰ ਇਸ ਨੂੰ ਵੱਖਰਾ ਬਣਾਉਂਦੀ ਹੈ ਇਸ ਦੀ ਬਣਤਰ। ਇਸ ਨੂੰ ਤਿਆਰ ਕਰਦਿਆਂ ਸੈਮਸੰਗ ਦੀ ਬੈਟਰੀ ਦੀ ਵਰਤੋਂ ਕੀਤੀ ਗਈ ਹੈ।
ਐਮੇਜ਼ਾਨ ''ਚ ਲੱਗਭਗ ਹਰ ਬ੍ਰਾਂਡ ਦਾ ਹੋਵਰਬੋਰਡ ਆਨਲਾਈਨ ਮੌਜੂਦ ਹੈ। ਇਨ੍ਹਾਂ ਸਭ ਨੂੰ ਸਾਰੀਆਂ ਵੱਡੀਆਂ ਯੂ. ਐੱਸ. ਏਅਰਲਾਈਨਜ਼ ਤੇ ਸ਼ਿਪਿੰਗ ਕੰਪਨੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਬੈਨ ਕਰ ਦਿੱਤਾ ਹੈ ਤੇ ਜੇ ਤੁਸੀਂ ਰੇਜ਼ਰ ਦਾ ਹੋਵਰਬੋਰਡ ਖਰੀਦ ਵੀ ਲੈਂਦੇ ਹੋ ਤਾਂ ਇਹ ਗੈਰ-ਕਾਨੂੰਨੀ ਹੀ ਹੋਵੇਗਾ।
