ਬੀਮਾ ਕੰਪਨੀ ਨੂੰ 1.93 ਕਰੋੜ ਰੁਪਏ ਦਾ ਦਾਅਵਾ ਚੁਕਾਉਣ ਦੇ ਹੁਕਮ

Saturday, Jun 20, 2026 - 02:17 PM (IST)

ਬੀਮਾ ਕੰਪਨੀ ਨੂੰ 1.93 ਕਰੋੜ ਰੁਪਏ ਦਾ ਦਾਅਵਾ ਚੁਕਾਉਣ ਦੇ ਹੁਕਮ

ਚੰਡੀਗੜ੍ਹ (ਪ੍ਰੀਕਸ਼ਿਤ) : ਰਾਜ ਖ਼ਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਬੀਮਾ ਦਾਅਵਿਆਂ ਨਾਲ ਜੁੜੇ ਇਕ ਅਹਿਮ ਮਾਮਲੇ ’ਚ ਚੰਡੀਗੜ੍ਹ ਦੀ ਫਰਮ ਬਿੱਟੂ ਫੈਸ਼ਨਰਜ਼ ਦੇ ਹੱਕ ’ਚ ਫ਼ੈਸਲਾ ਸੁਣਾਉਂਦਿਆਂ ਬੀਮਾ ਕੰਪਨੀ ਨੂੰ ਇਕ ਕਰੋੜ 93 ਲੱਖ 79 ਹਜ਼ਾਰ 529 ਰੁਪਏ ਦੀ ਦਾਅਵਾ ਰਾਸ਼ੀ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਬੀਮਾਯੁਕਤ ਇਮਾਰਤ ਦਾ ਬੇਸਮੈਂਟ ਉਸ ਦਾ ਅਟੁੱਟ ਹਿੱਸਾ ਹੈ ਅਤੇ ਉੱਥੇ ਰੱਖੇ ਸਟਾਕ ਨੂੰ ਵੀ ਬੀਮਾ ਸੁਰੱਖਿਆ ਦਾ ਲਾਭ ਮਿਲੇਗਾ। ਮਾਮਲੇ ਅਨੁਸਾਰ ਸੈਕਟਰ-26 ਸਥਿਤ ਬਿੱਟੂ ਫੈਸ਼ਨਰਜ਼ ਨੇ 6 ਕਰੋੜ ਰੁਪਏ ਦੀ ਬੀਮਾ ਪਾਲਿਸੀ ਕਰਵਾਈ ਹੋਈ ਸੀ, ਜਿਸ ਵਿੱਚ 5 ਕਰੋੜ ਰੁਪਏ ਦਾ ਸਟਾਕ ਅਤੇ 1 ਕਰੋੜ ਰੁਪਏ ਦਾ ਫਰਨੀਚਰ ਤੇ ਫਿਕਸਚਰ ਬੀਮਾਯੁਕਤ ਸੀ।

27 ਫਰਵਰੀ 2023 ਨੂੰ ਗੁਆਂਢੀ ਐੱਸ. ਸੀ. ਓ. ਦੇ ਬੇਸਮੈਂਟ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੂੰ ਬੁਝਾਉਣ ਦੌਰਾਨ ਵਰਤੇ ਗਏ ਪਾਣੀ ਅਤੇ ਧੂੰਏਂ ਨਾਲ ਫਰਮ ਦੇ ਬੇਸਮੈਂਟ ਅਤੇ ਗਰਾਊਂਡ ਫਲੋਰ ਵਿੱਚ ਪਿਆ ਮਾਲ ਨੁਕਸਾਨਿਆ ਗਿਆ ਸੀ। ਫਰਮ ਵੱਲੋਂ ਬੀਮਾ ਕੰਪਨੀ ਕੋਲ ਦਾਅਵਾ ਪੇਸ਼ ਕੀਤਾ ਗਿਆ ਪਰ ਸਰਵੇਅਰ ਨੇ ਇਹ ਕਹਿੰਦੇ ਹੋਏ ਬੇਸਮੈਂਟ ਵਿੱਚ ਹੋਏ ਨੁਕਸਾਨ ਨੂੰ ਕਵਰੇਜ ਤੋਂ ਬਾਹਰ ਦੱਸਿਆ ਕਿ ਪਾਲਿਸੀ ਵਿੱਚ ਬੇਸਮੈਂਟ ਦਾ ਵੱਖਰੇ ਤੌਰ ’ਤੇ ਜ਼ਿਕਰ ਨਹੀਂ ਹੈ। ਇਸ ਤੋਂ ਬਾਅਦ ਵਿਵਾਦ ਕਾਨੂੰਨੀ ਲੜਾਈ ਵਿੱਚ ਤਬਦੀਲ ਹੋ ਗਿਆ। ਕਮਿਸ਼ਨ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਪਾਲਿਸੀ ਦੀ ਵਿਆਖਿਆ ਸਮੁੱਚੇ ਦਸਤਾਵੇਜ਼ ਨੂੰ ਧਿਆਨ ’ਚ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ। ਜੇਕਰ ਪਾਲਿਸੀ ’ਚ ਇਮਾਰਤ ਨੂੰ ਕਵਰ ਕੀਤਾ ਗਿਆ ਹੈ ਤਾਂ ਉਸ ਦੇ ਬੇਸਮੈਂਟ ਨੂੰ ਇਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਕਮਿਸ਼ਨ ਨੇ ਬੀਮਾ ਕੰਪਨੀ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਤਕਨੀਕੀ ਆਧਾਰਾਂ ’ਤੇ ਜਾਇਜ਼ ਦਾਅਵਾ ਖਾਰਜ ਨਹੀਂ ਕੀਤਾ ਜਾ ਸਕਦਾ।
ਰਾਜ ਕਮਿਸ਼ਨ ਦਾ ਫ਼ੈਸਲਾ
ਬੀਮਾ ਕੰਪਨੀ ਨੇ ਜ਼ਿਲ੍ਹਾ ਕਮਿਸ਼ਨ ਦੇ ਹੁਕਮ ਨੂੰ ਚੁਣੌਤੀ ਦਿੱਤੀ। ਰਾਜ ਕਮਿਸ਼ਨ ਨੇ ਜ਼ਿਲ੍ਹਾ ਕਮਿਸ਼ਨ ਦੇ ਹੁਕਮ ਨੂੰ ਰੱਦ ਕਰ ਕਿਹਾ ਕਿ ਬੀਮਾ ਕੰਪਨੀ ਪਾਲਿਸੀ ਦੀਆਂ ਸ਼ਰਤਾਂ ਦੀ ਸੰਖੇਪ ਵਿਆਖਿਆ ਕਰਕੇ ਦਾਅਵੇ ਨੂੰ ਰੱਦ ਨਹੀਂ ਕਰ ਸਕਦੀ। ਰਾਜ ਕਮਿਸ਼ਨ ਨੇ ਬੀਮਾ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਉਹ ਸ਼ਿਕਾਇਤਕਰਤਾ ਨੂੰ 9 ਫ਼ੀਸਦੀ ਸਲਾਨਾ ਵਿਆਜ ਨਾਲ 1 ਕਰੋੜ 93 ਲੱਖ 79 ਹਜ਼ਾਰ 529 ਰੁਪਏ ਦੀ ਦਾਅਵਾ ਰਾਸ਼ੀ ਦਾ ਭੁਗਤਾਨ ਕਰੇ ਅਤੇ 35 ਹਜ਼ਾਰ ਰੁਪਏ ਮੁਕੱਦਮੇਬਾਜ਼ੀ ਖ਼ਰਚੇ ਵਜੋਂ ਅਦਾ ਕਰੇ।


author

Babita

Content Editor

Related News