ਭੂਚਾਲ ਆਉਣ ਤੋਂ ਪਹਿਲਾਂ ਹੀ ਦੱਸ ਦੇਵੇਗਾ ਤੁਹਾਡਾ ਫੋਨ, ਗੂਗਲ ਲਿਆ ਰਹੀ ਕੰਮ ਦਾ ਫੀਚਰ
Wednesday, Aug 12, 2020 - 05:36 PM (IST)

ਗੈਜੇਟ ਡੈਸਕ– ਕੁਦਰਤੀ ਆਫ਼ਤਾਂ ਬਾਰੇ ਕਿਸੇ ਨੂੰ ਵੀ ਪਹਿਲਾਂ ਜਾਣਕਾਰੀ ਨਹੀਂ ਹੁੰਦੀ। ਇਸ ਨੂੰ ਲੈ ਕੇ ਅਨੁਮਾਨ ਲਗਾਏ ਜਾਂਦੇ ਹਨ ਜੋ ਕਈ ਵਾਰ ਸਹੀ ਵੀ ਨਿਕਲਦੇ ਹਨ। ਇਨ੍ਹਾਂ ’ਚ ਭੂਚਾਲ ਸਭ ਤੋਂ ਪ੍ਰਮੁੱਖ ਕੁਦਰਤੀ ਆਫ਼ਤਾਂ ’ਚੋਂ ਇਕ ਹੈ। ਬਾਰਿਸ਼ ਆਦਿ ਬਾਰੇ ਤਾਂ ਪਹਿਲਾਂ ਅਨੁਮਾਨ ਮਿਲ ਜਾਂਦਾ ਹੈ ਪਰ ਭੂਚਾਲ ਬਾਰੇ ਪਹਿਲਾਂ ਜਾਣਕਾਰੀ ਮਿਲਣੀ ਕਾਫੀ ਮੁਸ਼ਕਲ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਗੂਗਲ ਹੁਣ ਤੁਹਾਡੇ ਲਈ ਇਕ ਖ਼ਾਸ ਫੀਚਰ ਲਿਆਉਣ ਵਾਲੀ ਹੈ ਜਿਸ ਰਾਹੀਂ ਆਉਣ ਵਾਲੇ ਸਮੇਂ ’ਚ ਤੁਹਾਡਾ ਫੋਨ ਹੀ ਭੂਚਾਲ ਆਉਣ ਤੋਂ ਪਹਿਲਾਂ ਅਲਰਟ ਕਰੇਗਾ। ਗੂਗਲ ਦਾ ਭੂਚਾਲ ਅਲਰਟ ਫੀਚਰ ਸਭ ਤੋਂ ਪਹਿਲਾਂ ਕੈਲੀਫੋਰਨੀਆ ’ਚ ਜਾਰੀ ਹੋ ਰਿਹਾ ਹੈ। ਜਪਾਨ, ਮੈਕਸੀਕੋ ਅਤੇ ਕੈਲੀਫੋਰਨੀਆ ਭੂਚਾਲ ਦਾ ਪਤਾ ਲਗਾਉਣ ਲਈ ਪਹਿਲਾਂ ਤੋਂ ਹੀ ਲੈਂਡ ਬੇਸਡ (ਜ਼ਮੀਨ ਅਧਾਰਿਤ) ਸੈਂਸਰ ਦਾ ਇਸਤੇਮਾਲ ਕਰਦੇ ਹਨ। ਗੂਗਲ ਇਸ ਫੀਚਰ ਨੂੰ ਲਿਆਉਣ ਲਈ ਪਿਛਲੇ ਚਾਰ ਸਾਲਾਂ ਤੋਂ ਟੈਸਟਿੰਗ ਕਰ ਰਹੀ ਸੀ।
ਜਾਣਕਾਰਾਂ ਦਾ ਕਹਿਣਾ ਹੈ ਕਿ ਗੂਗਲ ਐਂਡਰਾਇਡ ਸਮਾਰਟਫੋਨ ਨੂੰ ਮਿਨੀ ਸਿਸਮੋਗ੍ਰਾਫ ’ਚ ਬਦਲ ਦੇਵੇਗਾ ਜਿਸ ਤੋਂ ਬਾਅਦ ਦੁਨੀਆ ਦੇ 2.5 ਬਿਲੀਅਨ ਐਂਡਰਾਇਡ ਫੋਨ ਯੂਜ਼ਰਸ ਨੂੰ ਭੂਚਾਲ ਬਾਰੇ ਜਾਣਕਾਰੀ ਦੇਣ ’ਚ ਮਦਦ ਕਰਨਗੇ। ਤੁਹਾਡੇ ਸਮਾਰਟਫੋਨ ’ਚ ਪਹਿਲਾਂ ਤੋਂ ਹੀ ਐਕਸਲੈਰੋਮੀਟਰ ਸੈਂਸਰ ਹੁੰਦਾ ਹੈ ਜੋ ਇਹ ਦੱਸਦਾਂ ਹੈ ਕਿ ਫੋਨ ਲੈਂਡਸਕੇਪ ਮੋਡ ’ਚ ਹੈ ਜਾਂ ਪੋਟਰੇਟ ਮੋਡ ’ਚ। ਇਹ ਸੈਂਸਰ ਮੋਸ਼ਨ ਡਿਟੈਕਟ ਕਰਦਾ ਹੈ ਅਤੇ ਗੂਗਲ ਵੀ ਇਸ ਦੀ ਮਦਦ ਨਾਲ ਹੀ ਭੂਚਾਲ ਦਾ ਪਤਾ ਲਗਾਏਗੀ।