ਗੂਗਲ ਲਾਂਚ ਕਰੇਗੀ ਆਪਣਾ ਪ੍ਰੋਸੈਸਰ, Pixel 6 ਤੇ Pixel 6 Pro ’ਚ ਹੋਵੇਗਾ ਇਸਤੇਮਾਲ

Tuesday, Aug 03, 2021 - 12:25 PM (IST)

ਗੂਗਲ ਲਾਂਚ ਕਰੇਗੀ ਆਪਣਾ ਪ੍ਰੋਸੈਸਰ, Pixel 6 ਤੇ Pixel 6 Pro ’ਚ ਹੋਵੇਗਾ ਇਸਤੇਮਾਲ

ਗੈਜੇਟ ਡੈਸਕ– ਗੂਗਲ ਦੇ ਨਵੇਂ ਪਿਕਸਲ ਫੋਨ ਦੀ ਲਾਂਚਿੰਗ ਹੋਣ ਵਾਲੀ ਹੈ ਪਰ ਲਾਂਚਿੰਗ ਤੋਂ ਪਹਿਲਾਂ ਇਕ ਵੱਡੀ ਖਬਰ ਆਈ ਹੈ ਅਤੇ ਉਹ ਖਬਰ ਇਹ ਹੈ ਕਿ ਗੂਗਲ ਆਪਣੇ ਪਿਕਸਲ ਸਮਾਰਟਫੋਨਾਂ ਲਈ ਖੁਦ ਦਾ ਪ੍ਰੋਸੈਸਰ ਲਾਂਚ ਕਰੇਗੀ। ਦੱਸ ਦੇਈਏ ਕਿ ਪਿਛਲੇ 15 ਸਾਲਾਂ ਤੋਂ ਗੂਗਲ ਆਪਣੇ ਪਿਕਸਲ ਫੋਨਾਂ ’ਚ ਕੁਆਲਕਾਮ ਦਾ ਪ੍ਰੋਸੈਸਰ ਇਸਤੇਮਾਲ ਕਰ ਰਹੀ ਹੈ। 

ਗੂਗਲ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਪ੍ਰੋਸੈਸਰ ਦਾ ਨਾਂ ਵੀ ਦੱਸਿਆ ਹੈ। ਗੂਗਲ ਦੇ ਪਿਕਸਲ ਫੋਨ ’ਚ ਇਸਤੇਮਾਲ ਹੋਣ ਵਾਲੇ ਪ੍ਰੋਸੈਸਰ ਦਾ ਨਾਂ Tensor ਹੋਵੇਗਾ। ਇਸੇ ਪ੍ਰੋਸੈਸਰ ਦੇ ਨਾਲ ਪਿਕਸਲ 6 ਅਤੇ ਪਿਕਸਲ 6 ਪ੍ਰੋ ਫੋਨ ਨੂੰ ਲਾਂਚ ਕੀਤਾ ਜਾਵੇਗਾ। ਗੂਗਲ ਦੇ ਇਸ ਐਲਾਨ ਤੋਂ ਬਾਅਦ ਕੁਆਲਕਾਮ ਦੇ ਸ਼ੇਅਰਾਂ ’ਚ ਗਿਰਾਵਟ ਵੇਖੀ ਗਈ ਹੈ। 

 

ਗੂਗਲ ਦੇ ਆਪਣੇ ਪ੍ਰੋਸੈਸਰ ਦੀ ਲਾਂਚਿੰਗ ਤੋਂ ਬਾਅਦ ਕੁਆਲਕਾਮ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਉਹ ਗੂਗਲ ਦੇ ਨਾਲ ਕੰਮ ਕਰ ਰਹੀ ਹੈ ਅਤੇ ਭਵਿੱਖ ਦੇ ਪ੍ਰੋਡਕਟ ਸਨੈਪਡ੍ਰੈਗਨ ਦੇ ਨਾਲ ਪੇਸ਼ ਕੀਤੇ ਜਾਣਗੇ। ਦੱਸ ਦੇਈਏ ਕਿ ਪਿਛਲੇ ਸਾਲ ਐਪਲ ਨੇ ਆਪਣਾ ਪ੍ਰੋਸੈਸਰ ਪੇਸ਼ ਕੀਤਾ ਸੀ ਅਤੇ ਇੰਟੈਲ ਨੂੰ ਅਲਵਿਦਾ ਕਿਹਾ ਸੀ। ਐਪਲ ਦੇ ਮੈਕਬੁੱਕ ’ਚ ਹੁਣ ਐਪਲ ਦੇ ਚਿਪਸੈੱਟ ਦਾ ਹੀ ਇਸਤੇਮਾਲ ਹੋ ਰਿਹਾ ਹੈ। 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਗੁਗਲ ਪਿਕਸਲ 5ਏ ਦੀ ਲਾਂਚਿੰਗ ਅਗਸਤ ’ਚ ਹੋਣ ਵਾਲੀ ਹੈ ਅਤੇ ਇਸੇ ਮਹੀਨੇ ਤੋਂ ਹੀ ਫੋਨ ਦੀ ਵਿਕਰੀ ਵੀ ਸ਼ੁਰੂ ਹੋ ਜਾਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੂਗਲ ਪਿਕਸਲ 5ਏ ਨੂੰ ਕੁਆਲਕਾਮ 765ਜੀ ਪ੍ਰੋਸੈਸਰ ਮਿਲੇਗਾ। ਰਿਪੋਰਟ ’ਚ ਫੋਨ ਦਾ ਕੋਡ ਨੇਮ Barbet ਦੱਸਿਆ ਜਾ ਰਿਹਾ ਹੈ, ਹਾਲਾਂਕਿ, ਗੂਗਲ ਨੇ ਅਧਿਕਾਰਤ ਤੌਰ ’ਤੇ ਫੋਨ ਦੀ ਲਾਂਚਿੰਗ ਜਾਂ ਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। 


author

Rakesh

Content Editor

Related News