CCI ਦੀ ਸਖਤੀ ਅੱਗੇ ਝੁਕਿਆ ਗੂਗਲ, ਯੂਜ਼ਰਜ਼ ਤੈਅ ਕਰਨਗੇ ਫੋਨ ’ਚ ਗੂਗਲ ਐਪ ਰੱਖਣੇ ਹਨ ਜਾਂ ਨਹੀਂ

Thursday, Jan 26, 2023 - 02:48 PM (IST)

CCI ਦੀ ਸਖਤੀ ਅੱਗੇ ਝੁਕਿਆ ਗੂਗਲ, ਯੂਜ਼ਰਜ਼ ਤੈਅ ਕਰਨਗੇ ਫੋਨ ’ਚ ਗੂਗਲ ਐਪ ਰੱਖਣੇ ਹਨ ਜਾਂ ਨਹੀਂ

ਗੈਜੇਟ ਡੈਸਕ– ਤੁਸੀਂ ਜਦੋਂ ਵੀ ਕੋਈ ਨਵਾਂ ਐਂਡਰਾਇਡ ਫੋਨ ਖ਼ਰੀਦਦੇ ਹੋ ਤਾਂ ਉਸ ਵਿਚ ਪਹਿਲਾਂ ਤੋਂ ਹੀ ਗੂਗਲ ਦੇ ਕੁਝ ਐਪ ਇੰਸਟਾਲ ਰਹਿੰਦੇ ਹਨ। ਤੁਸੀਂ ਚਾਹੋ ਤਾਂ ਵੀ ਇਨ੍ਹਾਂ ਨੂੰ ਫੋਨ ’ਚੋਂ ਨਹੀਂ ਹਟਾ ਸਕਦੇ ਕਿਉਂਕਿ ਗੂਗਲ ਮੋਬਾਇਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਸੇ ਸ਼ਰਤ ’ਤੇ ਐਂਡਰਾਇਡ ਆਪਰੇਟਿੰਗ ਸਿਸਟ ਦੇ ਰਿਹਾ ਸੀ ਕਿ ਉਨ੍ਹਾਂ ਨੂੰ ਉਸਦੇ ਐਪ ਪ੍ਰੀ-ਇੰਸਟਾਲ ਕਰਨੇ ਹੋਣਗੇ ਪਰ ਬੁੱਧਵਾਰ ਨੂੰ ਗੂਗਲ ਨੇ ਐਲਾਨ ਕੀਤਾ ਕਿ ਹੁਣ ਮੋਬਾਇਲ ’ਚ ਗੂਗਲ ਰੱਖਣਾ ਕੰਪਲਸਰੀ ਨਹੀਂ ਹੋਵੇਗਾ। ਇਹ ਮੋਬਾਇਲ ਕੰਪਨੀਆਂ ਦੀ ਇੱਛਾ ’ਤੇ ਨਿਰਭਰ ਹੈ ਕਿ ਉਹ ਗੂਗਲ ਦੇ ਐਪ ਪ੍ਰੀ-ਇੰਸਟਾਲ ਕਰਨ ਜਾਂ ਨਾ ਕਰਨ। ਗੂਗਲ ’ਤੇ ਇਨ੍ਹਾਂ ਹੀ ਐਪ ਰਾਹੀਂ ਵਿਗਿਆਪਨ ਬਾਜ਼ਾਰ ’ਚ ਵੀ ਮੋਨੋਪੋਲੀ ਜਮਾਉਣ ਦੇ ਦੋਸ਼ ਹਨ।

ਗੂਗਲ ਨੂੰ ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਪਿਛਲੇ ਹਫਤੇ ਹੀ ਸੁਪਰੀਮ ਕੋਰਟ ਨੇ ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਦੁਆਰਾ ਉਸ ’ਤੇ ਲਗਾਏ ਗਏ 1337.76 ਕਰੋੜ ਰੁਪਏ ਦੇ ਜ਼ੁਰਮਾਨੇ ’ਤੇ ਰੋਕ ਤੋਂ ਇਨਕਾਰ ਕਰ ਦਿੱਤਾ ਸੀ। ਸੀ.ਸੀ.ਆਈ. ਦੀ ਜ਼ੁਰਮਾਨਾ ਲਗਾਉਣ ਦਾ ਕਾਰਨ ਇਹ ਸੀ ਕਿ ਗੂਗਲ ਐਂਡਰਾਇਡ ਦੇ ਬਦਲੇ ਮਾਰਕੀਟ ’ਚ ਮੁਕਾਬਲੇਬਾਜ਼ੀ ਦੇ ਨਿਯਮਾਂ ਦਾ ਉਲੰਘਣ ਕਰ ਰਿਹਾ ਸੀ। 

ਗੂਗਲ ਨੇ ਕਿਹਾ ਕਿ ਅਸੀਂ ਭਾਰਤ ਦੇ ਨਿਯਮਾਂ ਦਾ ਪਾਲਨ ਕਰਨ ਲਈ ਵਚਨਬੱਧ ਹਾਂ। ਹੁਣ ਮੋਬਾਇਲ ਨਿਰਮਾਤਾ ਕੰਪਨੀਆਂ ਨੂੰ ਫੋਨ ’ਚ ਗੂਗਲ ਐਪ ਪ੍ਰੀ-ਇੰਸਟਾਲ ਕਰਨ ਲਈ ਲਾਈਸੈਂਸ ਦੇਣ ਦੀ ਛੋਟ ਹੋਵੇਗੀ। ਸੀ.ਸੀ.ਆਈ. ਨੇ ਪਲੇਅ ਸਟੋਰ ਪਾਲਿਸੀ ਨੂੰ ਲੈ ਕੇ ਵੀ ਗੂਗਲ ’ਤੇ 936 ਕਰੋੜ ਰੁਪਏ ਦਾ ਜ਼ੁਮਾਨਾ ਲਗਾਇਆ ਸੀ। 

ਇਸ ਫੈਸਲੇ ਨਾਲ ਮੋਬਾਇਲ ਯੂਜ਼ਰਜ਼ ’ਤੇ ਕੀ ਫਰਕ ਪਵੇਗਾ?

ਦੇਸ਼ ’ਚ 97 ਫੀਸਦੀ ਮੋਬਾਇਲ ਯੂਜ਼ਰਜ਼ ਐਂਡਰਾਇਡ ਫੋਨ ਚਲਾਉਂਦੇ ਹਨ। ਗੂਗਲ ਦੇ ਫੈਸਲੇ ਤੋਂ ਬਾਅਦ ਹੁਣ ਇਨ੍ਹਾਂ ਨੂੰ ਆਪਣੀ ਮਰਜ਼ੀ ਦਾ ਡਿਫਾਲਟ ਸਰਚ ਇੰਜਣ ਚੁਣਨ ਦਾ ਆਪਸ਼ਨ ਮਿਲੇਗਾ। ਨਵਾਂ ਐਂਡਰਾਇਡ ਮੋਬਾਇਲ ਜਾਂ ਟੈਬਲੇਟ ਖ਼ਰੀਦਣ ’ਤੇ ਇਕ ਚੌਇਸ ਸਕਰੀਨ ਦਿਸੇਗੀ, ਜਿਸ ਰਾਹੀਂ ਪਸੰਦੀਦਾ ਸਰਚ ਇੰਜਣ ਚੁਣ ਸਕਣਗੇ। ਇਹ ਨਵੀਂ ਵਿਵਸਥਾ ਅਗਲੇ ਮਹੀਨੇ ਤੋਂ ਹੀ ਸ਼ੁਰੂ ਹੋਣ ਦੀ ਉਮੀਦ ਹੈ। 


author

Rakesh

Content Editor

Related News