ਗਲੈਕਸੀ ਨੋਟ 7 ''ਚ ਲੱਗੀ ਅੱਗ, ਹੋਇਆ 1,400 ਡਾਲਰ ਦਾ ਨੁਕਸਾਨ
Thursday, Sep 08, 2016 - 01:17 PM (IST)

ਜਲੰਧਰ- ਸੈਮਸੰਗ ਗਲੈਕਸੀ ਨੋਟ 7 ''ਚ ਚਾਰਜਿੰਗ ਦੌਰਾਨ ਅੱਗ ਲੱਗਣ ਦੀਆਂ ਖਬਰਾਂ ਤੋਂ ਬਾਅਦ ਸੈਮਸੰਗ ਵਿਵਾਦਾਂ ''ਚ ਹੈ। ਕਾਫੀ ਸਮੇਂ ਤੋਂ ਗਲੈਕਸੀ ਨੋਟ 7 ''ਚ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਹੁਣ ਆਸਟ੍ਰੇਲੀਆ ''ਚ ਦੇਖਣ ਨੂੰ ਮਿਲਿਆ ਹੈ। ਬਿਜ਼ਨੈੱਸ ਟ੍ਰਿਪ ਲਈ ਆਏ ਵਿਕਟੋਰੀਆ ਦੇ ਥਾਮ ਹੁਆ ਨੇ ਦੱਸਿਆ ਕਿ ਹੋਟਲ ਦੇ ਕਮਰੇ ''ਚ ਉਸ ਦੇ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ ਦੀ ਬੈਟਰੀ ਫਟ ਗਈ।
ਥਾਮ ਹੁਆ ਨੇ ਦੱਸਿਆ ਕਿ ਉਸ ਦਾ ਫੋਨ ਚਾਰਜਿੰਗ ਪਲੱਗ ''ਤੇ ਲੱਗਾ ਹੋਇਆ ਸੀ ਕਿ ਅਚਾਨਕ ਹੀ ਉਸ ਵਿਚ ਅੱਗ ਲੱਗ ਗਈ। ਫੋਨ ਨਾਲ ਲੱਗੀ ਅੱਗ ਪੂਰੇ ਕਮਰੇ ''ਚ ਫੈਲ ਗਈ ਜਿਸ ਨਾਲ 1,400 ਡਾਲਰ ਦਾ ਨੁਕਸਾਨ ਹੋ ਗਿਆ। ਇਸ ਘਟਨਾ ''ਚ ਉਸ ਦੀ ਉਂਗਲੀ ਵੀ ਸੜ ਗਈ। ਸੈਮਸੰਗ ਨੇ ਇਸ ਨੁਕਸਾਨ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।
ਬੈਟਰੀ ''ਚ ਖਾਮੀ ਦੇ ਮਾਮਲੇ ਨੂੰ ਦੇਖਦੇ ਹੋਏ ਸੈਮਸੰਗ ਨੇ ਆਪਣੇ ਵੇਚੇ ਹੋਏ ਸਾਰੇ ਗਲੈਕਸੀ ਨੋਟ 7 ਫੋਨਜ਼ ਨੂੰ ਵਾਪਸ ਮੰਗਾਇਆ ਹੈ। ਗਲੈਕਸੀ ਨੋਟ ਦੇ ਲਾਂਚ ਹੋਣ ਤੋਂ ਬਾਅਦ ਹੁਣ ਤੱਕ ਬੈਟਰੀ ''ਚ ਧਮਾਕਾ ਹੋਣ ਦੇ 35 ਤੋਂ ਜ਼ਿਆਦਾ ਮਾਮਲੇ ਸਾਹਮਏ ਆ ਚੁੱਕੇ ਹਨ। ਸੈਮਸੰਗ ਨੇ ਹੁਣ ਆਪਣੇ ਗਲੈਕਸੀ ਨੋਟ 7 ਦੇ ਮਾਲਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਫੋਨ ਬੰਦ ਕਰਕੇ ਰੱਖ ਦੇਣ ਅਤੇ ਉਸ ਨੂੰ ਬਦਲ ਲੈਣ।