ਸਾਲ 2015 ''ਚ ਟੈਕਨਾਲੋਜੀ ਵਿਚ ਆਏ ਹੈਰਾਨੀਜਨਕ ਬਦਲਾਅ
Wednesday, Dec 30, 2015 - 11:27 AM (IST)
ਜਲੰਧਰ : ਇਕ ਆਮ ਇਨਸਾਨ ਲਈ ਸਾਲ 2015 ਟੈਕਨਾਲੋਜੀ ਦੇ ਮਾਮਲੇ ''ਚ ਬਹੁਤ ਵੱਡਾ ਸਾਲ ਰਿਹਾ ਹੈ । ਜਿਥੇ ਵੱਡੀ ਸਕਰੀਨ ਵਾਲੇ ਸਮਾਰਟਫੋਨ ਅਤੇ ਬਿਹਤਰ ਅਪਡੇਟਸ ਨਾਲ ਐਪਲੀਕੇਸ਼ਨਜ਼ ਇਸ ਸਾਲ ਇਨੋਵੇਟ ਹੋਈਆਂ, ਉਥੇ ਹੀ ਟੈਕਨਾਲੋਜੀ ਦੇ ਮਾਮਲੇ ਵਿਚ ਹੋਰ ਵੀ ਬਹੁਤ ਕੁਝ ਹੋਇਆ । ਬਹੁਤ ਵੱਡੀ ਗਿਣਤੀ ''ਚ ਟੈਕਨਾਲੋਜੀ ਅਜਿਹੀਆਂ ਉਚਾਈਆਂ ਛੂਹ ਰਹੀ ਹੈ, ਜਿਸ ਦਾ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੈ । ਅਜਿਹੀ ਟੈਕਨਾਲੋਜੀ ਜੋ ਪੂਰੀ ਮਨੁੱਖਤਾ ''ਤੇ ਡੂੰਘਾ ਪ੍ਰਭਾਵ ਛੱਡਦੀ ਹੈ । ਉਦਾਹਰਣ ਦੇ ਤੌਰ ''ਤੇ 14ਵੀਂ ਸਦੀ ਵਿਚ ਜਿਵੇਂ ਮਨੁੱਖਤਾ ਉੱਤੇ ਪ੍ਰਿੰਟਿੰਗ ਪ੍ਰੈੱਸ ਦੀ ਖੋਜ ਨੇ ਪ੍ਰਭਾਵ ਪਾਇਆ, ਉਸੇ ਤਰ੍ਹਾਂ 2015 ਵਿਚ ਟੈਕਨਾਲੋਜੀ ''ਚ ਆਏ ਹੈਰਾਨੀਜਨਕ ਬਦਲਾਅ ਇਸ ਪ੍ਰਕਾਰ ਹਨ ।
ਇੰਟਰਨੈੱਟ ਅਤੇ ਜਾਣਕਾਰੀ
ਇਸ ਵਿਕਸਿਤ ਦੁਨੀਆ ''ਚ ਅਸੀਂ ਅਜਿਹੀਆਂ ਡਿਵਾਈਸਿਜ਼ ਦੇ ਆਦੀ ਹੋ ਗਏ ਹਾਂ, ਜਿਨ੍ਹਾਂ ਤੋਂ ਸਾਨੂੰ ਇਸ ਪ੍ਰਕਾਰ ਦੀ ਜਾਣਕਾਰੀ ਮਿਲੇ, ਜੋ ਕਿ ਸਰਵਿਸ ਆਨ ਡਿਮਾਂਡ ਹੋਵੇ, ਜਿਸ ਕਰਕੇ ਇਕ ਬਹੁਤ ਵੱਡੇ ਵਿਕਸਿਤ ਸਮਾਜ ਦੀ ਸਥਾਪਨਾ ਹੋ ਰਹੀ ਹੈ । ਇਸ ਸਾਲ ਚੀਨ (ਸੰਸਾਰ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼) ਦੀ ਅੱਧੀ ਤੋਂ ਵੱਧ ਆਬਾਦੀ ਇੰਟਰਨੈੱਟ ਨਾਲ ਜੁੜ ਚੁੱਕੀ ਹੈ ਅਤੇ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵਿਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਅਮਰੀਕਾ ਤੋਂ ਦੁੱਗਣੀ ਹੈ ।
ਨਾਲ ਹੀ ਨਾਲ ਟੈਕਨਾਲੋਜੀ ਲਗਾਤਾਰ ਸਸਤੀ ਹੋ ਰਹੀ ਹੈ ਅਤੇ ਇਕ ਅੰਦਾਜ਼ਾ ਹੈ ਕਿ ਸਾਲ 2020 ਤਕ ਆਈਫੋਨ ਦੀ ਕੀਮਤ 50 ਡਾਲਰ ਤੋਂ ਵੀ ਘੱਟ ਹੋ ਜਾਵੇਗੀ । ਫੇਸਬੁੱਕ, ਗੂਗਲ ਅਤੇ ਇਸ ਵਰਗੀਆਂ ਕਈ ਕੰਪਨੀਆਂ ਇੰਟਰਨੈੱਟ ਨੂੰ ਸਸਤਾ ਕਰ ਕੇ ਡ੍ਰੋਨ, ਗੁਬਾਰਿਆਂ ਅਤੇ ਮਾਈਕ੍ਰੋ ਸੈਟੇਲਾਈਟਾਂ ਰਾਹੀਂ ਲੋਕਾਂ ਤਕ ਪਹੁੰਚਾ ਰਹੀਆਂ ਹਨ ਅਤੇ ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਬਹੁਤ ਜਲਦ ਹੋਰ 3 ਬਿਲੀਅਨ ਲੋਕ ਆਨਲਾਈਨ ਜੁੜ ਜਾਣਗੇ । ਮਨੁੱਖਤਾ ਇਸ ਤਰ੍ਹਾਂ ਇਕ ਵੱਡੇ ਪੈਮਾਨੇ ''ਤੇ ਇਕੱਠੀ ਪਹਿਲਾਂ ਕਦੇ ਨਹੀਂ ਜੁੜੀ ।
ਜੇਬ ''ਚ ਡਾਕਟਰ
ਕੰਪਿਊਟਿੰਗ ਦਿਨੋ-ਦਿਨ ਐਡਵਾਂਸ ਹੋ ਰਹੀ ਹੈ ਅਤੇ ਹਰ 18 ਮਹੀਨਿਆਂ ''ਚ ਸੰਸਾਰ ਵਿਚ ਇੰਟਰਨੈੱਟ ਦੀ ਸਪੀਡ ਦੁੱਗਣੀ ਹੋ ਰਹੀ ਹੈ । ਲੱਗਭਗ 6 ਹਜ਼ਾਰ ਰੁਪਏ ਦੀ ਕੀਮਤ ਵਾਲਾ ਸਮਾਰਟਫੋਨ 1970 ਦੇ ਸੁਪਰ ਕੰਪਿਊਟਰ ਤੋਂ ਵੱਧ ਤੇਜ਼ ਤੇ ਸਮਾਰਟ ਹੈ । ਜ਼ਿਆਦਾ ਤੇਜ਼ ਕੰਪਿਊਟਰ ਨਾਲ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕਈ ਪ੍ਰਕਾਰ ਦੇ ਸੈਂਸਰਜ਼ ਤਿਆਰ ਕਰਨ ''ਚ ਸਮਰੱਥ ਹੋ ਗਏ ਹਾਂ । ਜ਼ਿਆਦਾ ਬਿਹਤਰ ਸੈਂਸਰਜ਼ ਨਾਲ ਅਸੀਂ ਇਨ੍ਹਾਂ ਦਾ ਇਸਤੇਮਾਲ ਮੈਡੀਕਲ ਖੇਤਰ ''ਚ ਪ੍ਰਯੋਗ ਹੋਣ ਵਾਲੇ ਡਿਵਾਈਸਿਜ਼ ਵਿਚ ਕਰ ਸਕਦੇ ਹਾਂ । 2015 ਇਕ ਅਜਿਹਾ ਸਾਲ ਹੈ, ਜਿਥੇ ਸਮਾਰਟਫੋਨ ਨਾਲ ਕੁਨੈਕਟਿਡ ਮੈਡੀਕਲ ਡਿਵਾਈਸਿਜ਼ ਦਾ ਚੱਲਣਾ ਆਮ ਹੋ ਚੁੱਕਿਆ ਹੈ । ਫਿਲਹਾਲ ਇਹ ਟੈਕਨਾਲੋਜੀ ਮਹਿੰਗੀ ਹੈ ਪਰ ਚੀਨ, ਭਾਰਤ ਤੇ ਅਫਰੀਕਾ ਜਿਹੇ ਦੇਸ਼ ਇਸ ਲਈ ਸਸਤਾ ਬਦਲ ਖੋਜ ਰਹੇ ਹਨ ।
ਡਿਜੀਟਲ ਕਰੰਸੀ
ਇਹ ਟੈਕਨਾਲੋਜੀ ਕਈ ਸਾਲਾਂ ਤੋਂ ਏ. ਟੀ. ਐੱਮ. ਕਾਰਡ ਦੇ ਰੂਪ ਵਿਚ ਮੌਜੂਦ ਹੈ ਤੇ 2015 ਵਿਚ ਇਹ ਹਰ ਉਸ ਵਿਅਕਤੀ ਦੇ ਹੱਥਾਂ ਤਕ ਪਹੁੰਚ ਗਈ ਹੈ, ਜਿਸ ਦੇ ਕੋਲ ਸਮਾਰਟਫੋਨ, ਸਮਾਰਟਵਾਚ, ਸਮਾਰਟ ਬੈਂਡ ਆਦਿ ਜਿਹੇ ਡਿਵਾਈਸਿਜ਼ ਹਨ, ਜਿਸ ਨਾਲ ਖਰੀਦਦਾਰੀ ਤੋਂ ਬਾਅਦ ਪੇਮੈਂਟ ਕਰਨ ਲਈ ਨਕਦ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ । ਡਿਜੀਟਲ ਕਰੰਸੀ ਨਾਲ ਜੇਬ ਵਿਚ ਪੈਸੇ ਰੱਖ ਕੇ ਚੱਲਣ ਅਤੇ ਗੁਆਚਣ ਦੇ ਡਰ ਤੋਂ ਵੀ ਕੁਝ ਹੱਦ ਤਕ ਛੁਟਕਾਰਾ ਮਿਲਿਆ ਹੈ । ਹਾਲਾਂਕਿ ਹੈਕਰ ਡਿਜੀਟਲ ਕਰੰਸੀ ਦਾ ਫਾਇਦਾ ਚੁੱਕ ਕੇ ਲੋਕਾਂ ਨੂੰ ਚੂਨਾ ਵੀ ਲਗਾ ਦਿੰਦੇ ਹਨ ਪਰ ਫਿਰ ਵੀ ਇਕ ਵੱਡੀ ਗਿਣਤੀ ਵਲੋਂ ਡਿਜੀਟਲ ਕਰੰਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ ।
ਜੀਵਨ ਦੀ ਇੰਜੀਨੀਅਰਿੰਗ
ਜੈਨੇਟਿਕ ਇੰਜੀਨੀਅਰਿੰਗ ਵਿਚ ਬਹੁਤ ਜ਼ਿਆਦਾ ਬਦਲਾਅ ਆ ਚੁੱਕਾ ਹੈ । ਨਵੀਂ ਟੈਕਨਾਲੋਜੀ CRISPR ''ਤੇ ਕੁਝ ਸਾਲ ਪਹਿਲਾਂ ਬਹਿਸ ਹੋਈ ਸੀ ਅਤੇ ਇਸ ਸਾਲ ਵਿਗਿਆਨੀ ਇਸ ਟੈਕਨਾਲੋਜੀ ਨੂੰ ਸੰਭਵ ਕਰਨ ''ਚ ਬਹੁਤ ਕਰੀਬ ਪਹੁੰਚ ਚੁੱਕੇ ਹਨ। ਡੀ. ਐੱਨ. ਏ. ਵਿਚ ਬਦਲਾਅ ਕਰਨਾ ਕਈ ਵਿਗਿਆਨੀਆਂ ਨੂੰ ਅਸੰਭਵ ਲੱਗਦਾ ਸੀ ਪਰ CRISPR ਤਕਨੀਕ ਨੇ ਇਹ ਸਾਬਤ ਕਰ ਦਿੱਤਾ ਕਿ ਇਨਸਾਨਾਂ ਦੇ ਅੰਦਰ ਡੀ. ਐੱਨ. ਏ. ਵਿਚ ਜੈਨੇਟਿਕ ਬਦਲਾਅ ਸੰਭਵ ਹੈ । ਇਸ ਨਵੀਂ ਪ੍ਰਕਾਰ ਦੀ ਜੈਨੇਟਿਕ ਇੰਜੀਨੀਅਰਿੰਗ ਨਾਲ ਕਈ ਬੀਮਾਰੀਆਂ ਦਾ ਇਲਾਜ ਸੰਭਵ ਹੋ ਰਿਹਾ ਹੈ । ਹਾਲਾਂਕਿ ਇਸ ਵਿਚ ਹੁਣ ਵੀ ਬਹੁਤ ਸਾਰੇ ਸੁਧਾਰ ਆਉਣੇ ਬਾਕੀ ਹਨ । ਇਸ ਤਕਨੀਕ ਨੂੰ ਸਭ ਤੋਂ ਜ਼ਿਆਦਾ ਇਸ ਲਈ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਸਤੀ ਹੈ ।
ਡ੍ਰੋਨ ਦਾ ਯੁੱਗ
ਅਜਿਹਾ ਅਨੁਮਾਨ ਹੈ ਕਿ ਇਸ ਸਾਲ ਛੁੱਟੀਆਂ ਦੇ ਸੀਜ਼ਨ ਵਿਚ ਅਮਰੀਕੀਆਂ ਨੇ ਅੱਧਾ ਮਿਲੀਅਨ ਡ੍ਰੋਨ ਖਰੀਦੇ । ਡ੍ਰੋਨ ਇਕ ਐਡਵਾਂਸ ਟੈਕਨਾਲੋਜੀ ਹੈ, ਜੋ ਛੋਟੀ ਹੋਣ ਦੇ ਨਾਲ ਸਸਤੀ ਹੈ ਅਤੇ ਇਸ ਨੂੰ ਕੰਮ ਅਤੇ ਮਨੋਰੰਜਨ ਦੋਵਾਂ ਦੇ ਤੌਰ ''ਤੇ ਇਸਤੇਮਾਲ ਕੀਤਾ ਜਾ ਸਕਦਾ ਹੈ । ਜਿਸ ਤਰ੍ਹਾਂ ਡ੍ਰੋਨ ਵਿਕ ਰਹੇ ਹਨ ਅਤੇ ਇਨ੍ਹਾਂ ਦੀ ਕੀਮਤ ਵਿਚ ਕਮੀ ਆ ਰਹੀ ਹੈ, ਸਾਲ 2015 ਨੂੰ ਡ੍ਰੋਨ ਦਾ ਯੁੱਗ ਕਿਹਾ ਜਾ ਸਕਦਾ ਹੈ । ਅਮੇਜ਼ਨ ਅਤੇ ਵਾਲਮਾਰਟ ਨੇ ਤਾਂ ਡ੍ਰੋਨ ਦੇ ਸਹਾਰੇ ਸਾਮਾਨ ਦੀ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ ।
ਬੇਹੱਦ ਸਵੱਛ ਊਰਜਾ ਨਾਲ ਗ੍ਰਹਿ ਦਾ ਬਚਾਅ
ਕਲੀਨ ਐਨਰਜੀ ਨੂੰ ਊਰਜਾ ਦੇ ਸਭ ਤੋਂ ਵੱਡੇ ਸਰੋਤਾਂ ਦੇ ਰੂਪ ਵਿਚ ਸਾਹਮਣੇ ਲਿਆਉਣ ਲਈ ਇਸ ਸਾਲ 196 ਦੇਸ਼ਾਂ ਨੇ ਪਹਿਲ ਕੀਤੀ ਅਤੇ ਸਾਰਿਆਂ ਨੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਘੱਟ ਕਰਨ ਲਈ ਇਕੱਠਿਆਂ ਹਾਮੀ ਭਰੀ । ਸੌਰ ਊਰਜਾ ਅਤੇ ਪੌਣ ਊਰਜਾ ਤੋਂ ਪੈਦਾ ਹੋਈ ਐਨਰਜੀ ''ਤੇ ਲੱਗਣ ਵਾਲੇ ਟੈਕਸ ਨੂੰ ਘੱਟ ਕਰ ਕੇ ਇਸ ਦਾ ਉਦੇਸ਼ ਦੁਨੀਆ ਭਰ ਵਿਚ ਊਰਜਾ ਦੇ ਸਰੋਤਾਂ ਨੂੰ ਵਧਾਉਣਾ ਤੇ ਧਰਤੀ ''ਤੇ ਅਸੀਮਤ ਸਵੱਛ ਊਰਜਾ ਦਾ ਭੰਡਾਰ ਕਰਨਾ ਹੈ । ਹੋ ਸਕਦਾ ਹੈ ਸਾਲ 2035 ਤਕ ਇਹ ਊਰਜਾ ਫ੍ਰੀ ਹੋ ਜਾਵੇ ਅਤੇ ਇਸ ਲਈ ਸਿਰਫ ਫੋਨਕਾਲ ਦੀ ਲੋੜ ਪਵੇ ।
