ਕੋਰੋਨਾ ਤੋਂ ਬਾਅਦ ਚੀਨ ’ਚ ਪਹਿਲੇ ਮੋਟਰ ਸ਼ੋਅ ਦਾ ਆਗਾਜ਼, ਕਈ ਵੱਡੀਆਂ ਕੰਪਨੀਆਂ ਕਰਨਗੀਆਂ ਸ਼ਿਰਕਤ
Monday, Sep 28, 2020 - 01:13 PM (IST)

ਆਟੋ ਡੈਸਕ– ਦੁਨੀਆ ਭਰ ’ਚ ਕੋਰੋਨਾ ਨਾਂ ਦੀ ਮਹਾਮਾਰੀ ਨੂੰ ਫੈਲਾਉਣ ਤੋਂ ਬਾਅਦ ਹੁਣ ਚੀਨ ਦਾ ਵਪਾਰ ਵਾਪਸ ਪਟਰੀ ’ਤੇ ਪਰਤ ਰਿਹਾ ਹੈ। ਦੱਸ ਦੇਈਏ ਕਿ ਚੀਨ ਦਾ ਆਟੋ ਬਾਜ਼ਾਰ ਇਕ ਵਾਰ ਫਿਰ ਤੋਂ ਸਰਗਰਮ ਹੋ ਗਿਆ ਹੈ। ਬੀਜਿੰਗ ’ਚ ਇਸ ਆਟੋ ਸ਼ੋਅ ਦਾ ਆਗਾਜ਼ ਸ਼ਨੀਵਾਰ ਨੂੰ ਹੋਇਆ ਹੈ, ਜੋ 5 ਅਕਤੂਬਰ ਤਕ ਚੱਲੇਗਾ। ਦੱਸ ਦੇਈਏ ਕਿ ਇਸ ਮਹਾਮਾਰੀ ਦੌਰਾਨ ਸ਼ੁਰੂ ਹੋਇਆ ਇਹ ਸ਼ੋਅ ਦੁਨੀਆ ਦੇ ਹੋਰ ਵੱਡੇ ਕਾਰ ਬਾਜ਼ਾਰਾਂ ਲਈ ਇਕ ਉਮੀਦ ਹੈ। ਹਾਲਾਂਕਿ, ਇਸ ਵਿਚ ਹੁਣ ਪਹਿਲਾਂ ਨਾਲੋਂ ਘੱਟ ਕੰਪਨੀਆਂ ਸ਼ਿਰਕਤ ਕਰਨਗੀਆਂ।
ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਪ੍ਰੈਲ ਤੋਂ ਬਾਅਦ ਚੀਨੀ ਬਾਜ਼ਾਰ ’ਚ ਤੇਜ਼ੀ ਨਾਲ ਉਛਾਲ ਆਇਆ ਹੈ। ਇਥੇ ਵੱਡੇ ਲਗਜ਼ਰੀ ਵਾਹਨ ਅਤੇ ਇਲੈਕਟ੍ਰਿਕ ਵਾਹਨਾਂ ਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਵਧ ਗਈ ਹੈ। ਇਕ ਸਾਲ ਪਹਿਲਾਂ ਅਗਸਤ ’ਚ ਚੀਨ ਦੀ ਆਟੋ ਵਿਕਰੀ 11.6 ਫੀਸਦੀ ਵਧੀ ਸੀ ਜੋ ਤਾਲਾਬੰਦੀ ਦੌਰਾਨ ਪੰਜਵਾਂ ਵਾਧਾ ਸੀ। ਹਾਲਾਂਕਿ, ਮਾਰਚ ਤੋਂ ਸ਼ੁਰੂ ਹੋਈ ਤਾਲਾਬੰਦੀ ’ਚ 79 ਫੀਸਦੀ ਤਕ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਮੋਟਰ ਸ਼ੋਅ ’ਚ ਟੋਇਟਾ ਅਤੇ ਹੋਂਡਾ ਨਾਲ ਸਾਂਝੇਦਾਰੀ ਕਰਨ ਵਾਲੀ ਗਵਾਂਗਝੂ ਦੀ ਕੰਪਨੀ ਜੀ.ਏ.ਸੀ. ਇਸ ਸਾਲ ਵਿਕਰੀ ’ਚ ਕਾਫੀ ਤੇਜ਼ੀ ਹੋਣ ਦੇ ਸੰਕੇਤ ਦੇ ਰਹੀ ਹੈ। ਉਥੇ ਹੀ ਜਰਮਨੀ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ ਨੂੰ ਉਮੀਦ ਹੈ ਕਿ ਇਸ ਸਾਲ ਚੀਨ ’ਚ ‘ਸਿੰਗਲ ਡਿਜਿਟ ਗ੍ਰੋਥ੍ਯ ਹੋਵੇਗੀ। ਹਾਲ ਹੀ ’ਚ ਸਾਹਮਣੇ ਆਏ ਅੰਕੜਿਆਂ ਮੁਤਾਬਕ, ਸਤੰਬਰ ਦੇ ਪਹਿਲੇ 20 ਦਿਨਾਂ ’ਚ 12 ਫੀਸਦੀ ਤਕ ਯਾਤਰੀ ਕਾਰਾਂ ਦੀ ਵਿਕਰੀ ਨਾਲ ‘ਗੋਲਡਨ ਸਤੰਬਰ ਅਤੇ ਅਕਤੂਬਰ ਸਿਲਵਰ’ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ।