ਸਾਵਧਾਨ! ਦਰਵਾਜ਼ੇ ਦੀ ਘੰਟੀ ਨਾਲ ਵੀ ਤੁਹਾਡੀ ਜਾਸੂਸੀ ਕਰ ਸਕਦੇ ਹਨ ਚੀਨੀ
Wednesday, Jan 25, 2023 - 01:04 PM (IST)

ਨਵੀਂ ਦਿੱਲੀ– ਤੁਹਾਡੇ ਬਾਰੇ ’ਚ ਸਭ ਕੁਝ ਦੱਸ ਦੇਣਾ ਹੁਣ ਕੋਈ ਮੁਸ਼ਕਲ ਕੰਮ ਨਹੀਂ ਹੈ। ਘਰੇਲੂ ਉਪਯੋਗ ਦੀਆਂ ਚੀਜ਼ਾਂ ਨਾਲ ਵੀ ਤੁਹਾਡੀ ਪੂਰੀ ਜਾਸੂਸੀ ਹੋ ਸਕਦੀ ਹੈ। ਇਕ ਤਾਜ਼ਾ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਘਰ ਵਿਚ ਲੱਗੇ ਸਮਾਰਟ ਲਾਈਟ ਬਲੱਬ, ਸਮਾਰਟ ਫ੍ਰਿਜ, ਵਾਸ਼ਿੰਗ ਮਸ਼ੀਨ ਤੇ ਦਰਵਾਜ਼ੇ ਦੀ ਘੰਟੀ ਨਾਲ ਵੀ ਚੀਨੀ ਤੁਹਾਡੀ ਜਾਸੂਸੀ ਕਰ ਸਕਦੇ ਹਨ। ਕਾਰਾਂ ਵਿਚ ਲੱਗੇ ਸਮਾਰਟ ਉਪਕਰਣਾਂ ਤੋਂ ਵੀ ਇਹੋ ਖਤਰਾ ਹੈ।
ਇਨ੍ਹਾਂ ਘਰੇਲੂ ਉਪਕਰਣਾਂ ਵਿਚ ਲੱਗੇ ਮਾਈਕ੍ਰੋਚਿਪਸ ਨੂੰ ਰਾਸ਼ਟਰੀ ਸੁਰੱਖਿਆ ਅਤੇ ਨਿੱਜੀ ਡਾਟਾ ਲਈ ਇਕ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਜਾਸੂਸੀ ਦਾ ਇਹ ਮਾਡਯੂਲ ਤੁਹਾਡੇ ਲੈਪਟਾਪ, ਵਾਇਸ ਕੰਟਰੋਲ ਸਪੀਕਰਸ, ਸਮਾਰਟ ਵਾਚ, ਸਮਾਰਟ ਐਨਰਜੀ ਮੀਟਰ, ਡੋਰਬੈੱਲ ਕੈਮਰਾ, ਕੈਸ਼ ਪੁਆਇੰਟ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਸਰਗਰਮ ਕੀਤਾ ਜਾ ਸਕਦਾ ਹੈ।
ਵਾਸ਼ਿੰਗਟਨ ਦੀ ਇਕ ਕੰਸਲਟੈਂਸੀ ਓਬਜਰਬ ਓਰੀਐਂਟ ਡਿਸਾਈਡ ਐਕਟ (ਓ. ਓ. ਡੀ. ਏ.) ਦੀ ਰਿਪੋਰਟ ਵਿਚ ਬ੍ਰਿਟੇਨ ਨੂੰ ਇਸਨੂੰ ਲੈ ਕੇ ਸੁਚੇਤ ਕੀਤਾ ਗਿਆ ਹੈ ਕਿ ਸਮਾਰਟ ਘਰੇਲੂ ਉਪਕਰਣਾਂ ਨੂੰ ਚੀਨ ਲੱਖਾਂ ਬ੍ਰਿਟੇਨ ਵਾਸੀਆਂ ਖਿਲਾਫ ਹਥਿਆਰ ਵਾਂਗ ਇਸਤੇਮਾਲ ਕਰ ਸਕਦਾ ਹੈ।
ਹੋ ਸਕਦੇ ਹਨ ਘਰ ਦੇ ਭੇਤੀ
- ਸਮਾਰਟ ਫ੍ਰਿਜ
- ਲਾਈਟ ਬਲੱਬ
- ਟੀ. ਵੀ. ਵਾਸ਼ਿੰਗ ਮਸ਼ੀਨ
- ਲੈਪਟਾਪ ਵਾਇਸ ਕੰਟਰੋਲ ਸਪੀਕਰਸ
- ਸਮਾਰਟ ਵਾਚ
- ਸਮਾਰਟ ਐਨਰਜੀ ਮੀਟਰ
- ਡੋਰਬੈੱਲ ਕੈਮਰਾ
- ਕੈਸ਼ ਪੁਆਇੰਟ ਸੀਸੀਟੀਵੀ ਕੈਮਰੇ
ਹੁਆਵੇਈ ਵੀ ਬਦਨਾਮ
ਚੀਨੀ ਕੰਪਨੀ ਹੁਆਵੇਈ ਤਕਨਾਲੌਜੀ ’ਤੇ ਤਾਂ 2020 ਤੋਂ ਹੀ ਬ੍ਰਿਟੇਨ ਸਰਕਾਰ ਦੀ ਨਜ਼ਰ ਹੈ। ਜਾਸੂਸੀ ਦੇ ਖਦਸ਼ੇ ਨਾਲ ਹੀ ਬ੍ਰਿਟੇਨ ਦੇ ਮੋਬਾਈਲ ਇੰਫਰਾਸਟ੍ਰਕਚਰ ਨਾਲ ਹੁਆਵੇਈ ਨੂੰ 2027 ਤੱਕ ਪੂਰੀ ਤਰ੍ਹਾਂ ਹਟਾਉਣ ਦਾ ਫੈਸਲਾ ਲਿਆ ਗਿਆ ਹੈ।
ਤਿੰਨ ਚੀਨੀ ਕੰਪਨੀਆਂ ਦਾ ਸਾਰਾ ਖੇਡ
ਰਿਪੋਰਟ ਮੁਤਾਬਕ ਗਲੋਬਲ ਸਮਾਰਟ ਡਿਵਾਈਸ ਮਾਰਕੀਟ ਵਿਚ 54 ਫੀਸਦੀ ਕਬਜ਼ਾ ਤਿੰਨ ਚੀਨੀ ਕੰਪਨੀਆਂ ਕਵੇਕਟੈੱਲ, ਫਾਈਬੋਕੋਮ ਅਤੇ ਚਾਈਨਾ ਮੋਬਾਈਲ ਦਾ ਹੈ। ਪਿਛਲੇ ਮਹੀਨੇ ਬ੍ਰਿਟੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਮੰਤਰਾਲਾ ਦੀਆਂ ਕਾਰਾਂ ਨੂੰ ਡਿਸਮੈਂਟਲ ਕੀਤਾ ਤਾਂ ਪਾਇਆ ਕਿ ਹਰ ਕਾਰ ਵਿਚ ਘੱਟ ਤੋਂ ਘੱਟ ਇਕ ਅਜਿਹੀ ਡਿਵਾਈਸ ਸੀ। ਇਸ ਨਾਲ ਇਹ ਖਤਰਾ ਸਾਹਮਣੇ ਆਇਆ ਕਿ ਚੀਨ ਹਰ ਕਿਸੇ ਦੀ ਜਾਸੂਸੀ ਕਰ ਸਕਦਾ ਹੈ, ਇਥੋਂ ਤੱਕ ਕਿ ਪ੍ਰਧਾਨ ਮੰਤਰੀ ਦੀ ਵੀ।