ਅਪ੍ਰੈਲ ’ਚ ਕਾਰ ਖਰੀਦਣਾ ਪੈ ਸਕਦਾ ਹੈ ਮਹਿੰਗਾ, ਜਾਣੋ ਕਿੰਨੀ ਵਧੇਗੀ ਕੀਮਤ

Wednesday, Mar 04, 2020 - 03:10 PM (IST)

ਅਪ੍ਰੈਲ ’ਚ ਕਾਰ ਖਰੀਦਣਾ ਪੈ ਸਕਦਾ ਹੈ ਮਹਿੰਗਾ, ਜਾਣੋ ਕਿੰਨੀ ਵਧੇਗੀ ਕੀਮਤ

ਆਟੋ ਡੈਸਕ– ਅਪ੍ਰੈਲ ਮਹੀਨੇ ’ਚ ਆਟੋ ਕੰਪਨੀਆਂ ਆਪਣੀਆਂ ਕਾਰਾਂ ਦੀਆਂ ਕੀਮਤਾਂ ’ਚ ਵਾਧਾ ਕਰ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਾਰ ਦੀਆਂ ਕੀਮਤਾਂ ’ਚ 3 ਤੋਂ 6 ਫੀਸਦੀ ਤਕ ਵਾਧਾ ਹੋ ਸਕਦਾ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਰ (ਸਿਆਮ) ਦੇ ਅਧਿਕਾਰੀਆਂ ਮੁਤਾਬਕ, ਬੀ.ਐੱਸ.-6 ਨਿਯਮਾਂ ਤਹਿਤ ਕਾਰ ਦੇ ਨਿਰਮਾਣ ’ਚ ਬੀ.ਐੱਸ.-4 ਦੇ ਮੁਕਾਬਲੇ ਲਾਗਤ ਵਧ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀ.ਐੱਸ.-6 ਇੰਜਣ ਵਾਲੀ ਪੈਟਰੋਲ ਕਾਰ ਦੀ ਲਾਗਤ ਬੀ.ਐੱਸ.-4 ਕਾਰ ਦੀ ਲਾਗਤ ਦੇ ਮੁਕਾਬਲੇ 3 ਤੋਂ 4 ਫੀਸਦੀ ਜ਼ਿਆਦਾ ਹੋਵੇਗੀ। ਉਥੇ ਹੀ ਡੀਜ਼ਲ ਮਾਡਲ ’ਚ ਇਹ ਫਰਕ 5 ਤੋਂ 6 ਫੀਸਦੀ ਹੋਵੇਗਾ। ਸਿਆਮ ਮੁਤਾਬਕ, ਇਹ ਕਾਰ ਕੰਪਨੀਆਂ ’ਤੇ ਨਿਰਭਰ ਕਰੇਗਾ ਕਿ ਉਹ ਕਾਰ ਦੀ ਕੀਮਤ ਕਿਸ ਪੱਧਰ ਤਕ ਵਧਾਉਂਦੀਆਂ ਹਨ ਪਰ ਪਿਹਲਾਂ ਤੋਂ ਹੀ ਲਾਗਤ ਦਾ ਦਬਾਅ ਝੱਲ ਰਹੀਆਂ ਕੰਪਨੀਆਂ ਬੀ.ਐੱਸ.-6 ਇੰਜਣ ਵਾਲੀ ਕਾਰ ਦੀ ਕੀਮਤ ਵਧਾ ਸਕਦੀਆਂ ਹਨ। 

ਕਾਰ ਕੰਪਨੀਆਂ ਮੁਤਾਬਕ, ਬੀ.ਐੱਸ.4 ਇੰਜਣ ਵਾਲੀ ਕਾਰ ਦਾ ਸਟਾਕ ਕਾਫੀ ਘੱਟ ਰਹਿ ਗਿਆ ਹੈ ਅਤੇ 15 ਮਾਰਚ ਤਕ ਸਟਾਕ ਖਤਮ ਹੋਣ ਦੀ ਉਮੀਦ ਹੈ ਪਰ ਗਾਹਕ ਵੀ ਬੀ.ਐੱਸ.-6 ਦੇ ਇੰਤਜ਼ਾਰ ’ਚ ਹਨ। ਅਜਿਹੇ ’ਚ 31 ਮਾਰਚ ਤੋਂ ਬਾਅਦ ਬੀ.ਐੱਸ.-4 ਕਾਰ ਦਾ ਕੀ ਹੋਵੇਗਾ, ਇਸ ’ਤੇ ਕੰਪਨੀਆਂ ਕੁਝ ਨਹੀਂ ਕਹਿ ਰਹੀਆਂ। ਅਪ੍ਰੈਲ ’ਚ ਕਾਰ ਡਲਿਵਰੀ ’ਚ ਦਿੱਕਤ ਹੋ ਸਕਦੀ ਹੈ। ਕਾਰ ਕੰਪਨੀਆਂ ਮੁਤਾਬਕ, ਚੀਨ ਤੋਂ ਆਟੋ ਪਾਰਟਸ ਦੀ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਅਪ੍ਰੈਲ ਮਹੀਨੇ ’ਚ ਕਾਰਾਂ ਦੀ ਡਲਿਵਰੀ ’ਚ ਦੇਰੀ ਹੋ ਸਕਦੀ ਹੈ। ਕੰਪਨੀਆਂ ਬੀ.ਐੱਸ.-6 ਨਿਯਮਾਂ ਮੁਤਾਬਕ, ਕਾਰ ਬਣਾਉਣ ਦਾ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਕੋਲ ਬੀ.ਐੱਸ.-6 ਗੱਡੀਆਂ ਦਾ ਸਟਾਕ ਨਹੀਂ ਹੈ। ਬੀ.ਐੱਸ.-4 ਦਾ ਕੁਝ ਸਟਾਕ ਹੈ ਜਿਸ ਨੂੰ ਇਕ ਅਪ੍ਰੈਲ ਤੋਂ ਨਹੀਂ ਵੇਚਿਆ ਜਾ ਸਕਦਾ। ਚੀਨ ਤੋਂ ਸਪਲਾਈ ਚੇਨ ਬੰਦ ਹੋਣ ਕਾਰਨ ਕਾਰ ਨਿਰਮਾਤਾ ਪ੍ਰਭਾਵਿਤ ਹੋ ਰਹੇ ਹਨ। ਓਦਯੋਗਿਕ ਸੰਗਠਨ CII ਦੇ ਅਨੁਮਾਨ ਮੁਤਾਬਕ, ਚੀਨ ਤੋਂ ਆਟੋ ਪਾਰਟਸ ਦੀ ਸਪਲਾਈ ਲੰਬੇ ਸਮੇਂ ਲਈ ਪ੍ਰਭਾਵਿਤ ਰਹਿਣ ’ਤੇ ਸਾਲ 2020 ਦੌਰਾਨ ਆਟੋ ਮੈਨਿਊਫੈਕਚਰਿੰਗ ’ਚ 8 ਤੋਂ 10 ਫੀਸਦੀ ਦੀ ਗਿਰਾਵਟ ਹੋ ਸਕਦੀ ਹੈ। 

ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ’ਚ ਵੀ ਗਿਰਾਵਟ ਉਦਯੋਗਿਕ ਸੰਗਠਨ CII ਦੀ ਰਿਪੋਰਟ ਮੁਤਾਬਕ, ਭਾਰਤ ਇਲੈਕਟ੍ਰਿਕ ਵਾਹਨ ਲਈ ਇਸਤੇਮਾਲ ਹੋਣ ਵਾਲੀ ਬੈਟਰੀ ਦੇ ਮਾਮਲੇ ’ਚ ਕਾਫੀ ਹੱਦ ਤਕ ਚੀਨ ’ਤੇ ਨਿਰਭਰ ਹੈ। ਵਿਸ਼ਵ ਦੀ ਤਿੰਨ ਚੌਥਾਈ ਬੈਟਰੀ ਦਾ ਉਤਪਾਦਨ ਚੀਨ ’ਚ ਕੀਤਾ ਜਾਂਦਾ ਹੈ। ਲੀਥੀਅਮ ਕੈਮੀਕਲਸ, ਜਿਸ ਦਾ ਇਸਤੇਮਾਲ ਕੈਥੋਡ ਅਤੇ ਬੈਟਰੀ ਸੈੱਲ ਬਣਾਉਣ ’ਚ ਕੀਤਾ ਜਾਂਦਾ ਹੈ, ਲਈ ਭਾਰਤ ਪੂਰੀ ਤਰ੍ਹਾਂ ਚੀਨ ’ਤੇ ਨਿਰਭਰ ਹੈ। 


Related News