BSNL ਦੀ 4ਜੀ ਲਾਂਚਿੰਗ ਦਾ ਹੋਇਆ ਐਲਾਨ, ਪ੍ਰਾਈਵੇਟ ਕੰਪਨੀਆਂ ਦਾ ਸਾਥ ਛੱਡਣਗੇ ਗਾਹਕ!
Saturday, Dec 04, 2021 - 02:49 PM (IST)
ਗੈਜੇਟ ਡੈਸਕ– ਹਾਲ ਹੀ ’ਚ ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਪ੍ਰੀਪੇਡ ਪਲਾਨ 25 ਫੀਸਦੀ ਤਕ ਮਹਿੰਗੇ ਕੀਤੇ ਹਨ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਇਸ ਫੈਸਲੇ ਤੋਂ ਬਾਅਦ ਗਾਹਕਾਂ ’ਚ ਗੁੱਸੇ ਦਾ ਮਾਹੌਲ ਹੈ ਅਤੇ ਉਹ ਸੋਸ਼ਲ ਮੀਡੀਆ ’ਤੇ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੂੰ ਸਪੋਰਟ ਕਰ ਰਹੇ ਹਨ।
ਇਸ ਵਿਚਕਾਰ BSNL ਨੇ ਵੱਡਾ ਐਲਾਨ ਕੀਤਾ ਹੈ ਜਿਸ ਨਾਲ ਉਸ ਦੇ ਗਾਹਕਾਂ ’ਚ ਖੁਸ਼ੀ ਦੀ ਲਹਿਰ ਹੈ। BSNL ਨੇ ਕਿਹਾ ਹੈ ਕਿ ਉਹ ਸਤੰਬਰ 2022 ਤਕ ਪੂਰੇ ਦੇਸ਼ ’ਚ 4ਜੀ ਲਾਂਚ ਕਰੇਗੀ। BSNL ਵਲੋਂ ਇਹ ਗੱਲ ਸੰਸਦ ’ਚ ਕਹੀ ਗਈ ਹੈ। ਕੰਪਨੀ ਨੂੰ ਆਪਣੀ 4ਜੀ ਸਰਵਿਸ ਨਾਲ 900 ਕਰੋੜ ਤਕ ਦੇ ਮੁਨਾਫੇ ਦੀ ਉਮੀਦ ਹੈ।
BSNL ਦੀ 4ਜੀ ਸਰਵਿਸ ਨਿੱਜੀਆਂ ਕੰਪਨੀਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ। ਰਿਪੋਰਟ ਮੁਤਾਬਕ, ਦੂਰਸੰਚਾਰ ਰਾਜ ਮੰਤਰੀ ਨੇ BSNL ਦੁਆਰਾ 4ਜੀ ਰੋਲਆਊਟ ਬਾਰੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਕੰਪਨੀ ਨੇ ਆਪਣੀਆਂ 4ਜੀ ਸੇਵਾਵਾਂ ਦੇ ਰੋਲਆਊਟ ਲਈ ਸਤੰਬਰ 2022 ਦੀ ਸਮਾਂ ਮਿਆਦ ਤੈਅ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ ’ਚ ਇਕੱਠੇ 4ਜੀ ਸੇਵਾ ਸ਼ੁਰੂ ਹੋਣ ਨਾਲ ਪਹਿਲੇ ਸਾਲ ’ਚ BSNL ਨੂੰ ਕਰੀਬ 900 ਕਰੋੜ ਰੁਪਏ ਦਾ ਰੈਵੇਨਿਊ ਪ੍ਰਾਪਤ ਹੋਵੇਗਾ।
ਕੁਝ ਦਿਨ ਪਹਿਲਾਂ ਹੀ BSNL ਨੂੰ 4ਜੀ ਅਪਗ੍ਰੇਡੇਸ਼ਨ ਲਈ ਨੈਸ਼ਨਲ ਸਕਿਓਰਿਟੀ ਕਾਊਂਸਿਲ ਸੈਕ੍ਰੇਟੇਰੀਏਟ (NSCS) ਵਲੋਂ ਮਨਜ਼ੂਰੀ ਮਿਲੀ ਹੈ ਪਰ 4ਜੀ ਲਈ ਨੋਕੀਆ ਦੇ ਪਾਰਟਸ ਨੂੰ ਸਰਕਾਰ ਨੇ ਅਸੁਰੱਖਿਅਤ ਦੱਸਿਆ ਅਤੇ ਰੱਦ ਕਰ ਦਿੱਤਾ ਗਿਆ। ਸਰਕਾਰ ਚਾਹੁੰਦੀ ਹੈ ਕਿ BSNL ਪੂਰੀ ਤਰ੍ਹਾਂ ਮੇਡ-ਇਨ-ਇੰਡੀਆ ਪਾਰਟਸ ਦਾ ਇਸਤੇਮਾਲ ਕਰੇ।