Apple WWDC 21 ਦਾ ਹੋਇਆ ਐਲਾਨ, iOS 15 ਨਾਲ ਨਵਾਂ ਹਾਰਡਵੇਅਰ ਵੀ ਹੋ ਸਕਦੈ ਲਾਂਚ

3/31/2021 5:38:00 PM

ਗੈਜੇਟ ਡੈਸਕ– ਐਪਲ ਨੇ ਅਧਿਕਾਰਤ ਤੌਰ ’ਤੇ ਆਪਣੇ ਵਰਲਡ ਵਾਈਡ ਡਿਵੈਲਪਰ ਕਾਨਫਰੰਸ (WWDC) 2021 ਦਾ ਐਲਾਨ ਕਰ ਦਿੱਤਾ ਹੈ। WWDC 2021 ਦਾ ਆਯੋਜਨ ਵੀ ਆਨਲਾਈਨ ਹੀ ਹੋਵੇਗਾ। WWDC 2021 ਸੱਤ ਜੂਨ ਤੋਂ ਲੈ ਕੇ 11 ਜੂਨ ਤਕ ਚੱਲੇਗਾ ਯਾਨੀ ਇਸ ਵੱਡੇ ਈਵੈਂਟ ’ਚ ਹੁਣ ਦੋ ਮਹੀਨੇ ਬਚੇ ਹਨ। ਇਸ ਤੋਂ ਪਹਿਲਾਂ ਤਮਾਮ WWDC ’ਚ ਨਵੇਂ ਆਈ.ਓ.ਐੱਸ.,  ਆਈਪੈਡ ਓ.ਐੱਸ., ਮੈਕ ਓ.ਐੱਸ., ਵਾਚ ਓ.ਐੱਸ. ਅਤੇ ਟੀਵੀ ਓ.ਐੱਸ. ਦੀ ਝਲਕ ਲੋਕਾਂ ਨੂੰ ਵੇਖਣ ਨੂੰ ਮਿਲੀ ਹੈ। ਇਸ ਕਾਨਫਰੰਸ ’ਚ ਵੀ ਨਵੇਂ ਆਈ.ਓ.ਐੱਸ. ਯਾਨੀ iOS 15 ਦੀ ਲਾਂਚਿੰਗ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੈਕ ਓ.ਐੱਸ. ਦਾ ਵੀ ਨਵਾਂ ਵਰਜ਼ਨ ਵੇਖਣ ਨੂੰ ਮਿਲ ਸਕਦਾ ਹੈ। 

ਈਵੈਂਟ ਨੂੰ ਲੈ ਕੇ WWDC ਦੇ ਵਾਈਸ ਪ੍ਰੈਜ਼ੀਡੈਂਟ ਸੁਸਾਨ ਪ੍ਰੇਸਕੋਟ ਨੇ ਕਿਹਾ ਕਿ ਅਸੀਂ WWDC 21 ਨੂੰ ਆਪਣਾ ਬੈਸਟ ਈਵੈਂਟ ਬਣਾਉਣ ਲਈ ਕੰਮ ਕਰ ਰਹੇ ਹਾਂ। ਨਾਲ ਹੀ ਅਸੀਂ ਐਪਲ ਡਿਵੈਲਪਰਸ ਨਿਊ ਟੂਲ ਨੂੰ ਲੈ ਕੇ ਵੀ ਕਾਫੀ ਉਤਸ਼ਾਹਿਤ ਹਾਂ ਤਾਂ ਜੋ ਡਿਵੈਲਪਰਾਂ ਨੂੰ ਨਵੇਂ ਐਪ ਬਣਾਉਣ ’ਚ ਮਦਦ ਮਿਲੇ। 

ਹਰ ਸਾਲ WWDC ਤੋਂ ਪਹਿਲਾਂ ਨਵੇਂ ਆਈ.ਓ.ਐੱਸ. ਨੂੰ ਲੈ ਕੇ ਕੁਝ ਲੀਕ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਨਵੇਂ ਫੀਚਰਜ਼ ਦੀ ਜਾਣਕਾਰੀ ਹੁੰਦੀ ਹੈ ਪਰ ਆਈ.ਓ.ਐੱਸ. 15 ਨੂੰ ਲੈ ਕੇ ਅਜੇ ਤਕ ਕੋਈ ਅਜਿਹੀ ਰਿਪੋਰਟ ਸਾਹਮਣੇ ਨਹੀਂ ਆਈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈ.ਓ.ਐੱਸ. 15 ’ਚ ਕੁਝ ਨਵੇਂ ਫੀਚਰਜ਼ ਮਿਲਣਗੇ। 

ਸਾਫਟਵੇਅਰ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ WWDC 21 ’ਚ ਐਪਲ ਕੋਈ ਨਵਾਂ ਹਾਰਡਵੇਅਰ ਵੀ ਲਾਂਚ ਕਰੇਗੀ। ਖ਼ਬਰ ਹੈ ਕਿ ਐਪਲ ਨਵੇਂ ਆਈਪੈਡ ਪ੍ਰੋ, ਮੈਕਬੁੱਕ ਅਤੇ ਆਈਮੈਕ ’ਤੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਏਅਰਟੈਗ ਨੂੰ ਲੈ ਕੇ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਇਕ ਟ੍ਰੈਕਿੰਗ ਡਿਵਾਈਸ ਹੈ। 


Rakesh

Content Editor Rakesh