ਇਸ ਸਾਲ ਆਪਣੇ ਸਸਤੇ iPhone SE ਨੂੰ ਨਵੇਂ ਫੀਚਰ ਦੇ ਨਾਲ ਲਾਂਚ ਕਰ ਸਕਦੈ ਐੱਪਲ
Thursday, Jan 02, 2025 - 05:28 AM (IST)
ਜਲੰਧਰ – ਐੱਪਲ ਇਸ ਸਾਲ ਆਪਣੇ ਸਸਤੇ ਸਮਾਰਟ ਆਈਫੋਨ ਐੱਸ. ਈ.-4 ਨੂੰ ਲਾਂਚ ਕਰੇਗਾ, ਜਿਸ ਦਾ ਨਾਂ ਆਈਫੋਨ-16 ਈ. ਹੋ ਸਕਦਾ ਹੈ। ਇਹ ਸਮਾਰਟਫੋਨ 48 ਐੱਮ. ਪੀ. ਦੇ ਸਿੰਗਲ ਰੀਅਰ ਕੈਮਰਾ, ਏ-18 ਪ੍ਰੋਸੈਸਰ ਤੇ ਫੇਸ ਆਈ. ਡੀ. ਵਰਗੇ ਫੀਚਰਜ਼ ਦੇ ਨਾਲ ਲਾਂਚ ਹੋਵੇਗਾ।
ਐੱਪਲ ਨੇ ਸਾਲ 2022 ’ਚ ਆਪਣਾ ਆਈਫੋਨ ਐੱਸ. ਈ. ਲਾਂਚ ਕੀਤਾ ਸੀ, ਜੋ ਕੁਝ ਖਾਸ ਨਹੀਂ ਕਰ ਸਕਿਆ ਸੀ। ਹੁਣ ਲੋਕਾਂ ਨੂੰ ਆਸ ਹੈ ਕਿ ਬ੍ਰਾਂਡ ਇਕ ਨਵਾਂ ਡਿਵਾਈਸ ਲਾਂਚ ਕਰ ਸਕਦਾ ਹੈ, ਜੋ ਘੱਟ ਬਜਟ ’ਚ ਆਏਗਾ। ਇਸ ਫੋਨ ਨਾਲ ਸਬੰਧਤ ਜਾਣਕਾਰੀਆਂ ਪਿਛਲੇ ਸਾਲ ਖੂਬ ਆਉਂਦੀਆਂ ਰਹੀਆਂ ਹਨ।
ਦਮਦਾਰ ਫੀਚਰਜ਼ ਨਾਲ ਹੋਵੇਗਾ ਲਾਂਚ
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਆਈਫੋਨ ਐੱਸ. ਈ. ਨੂੰ ਆਪਣੀ ਮੇਨ ਫੈਮਿਲੀ ’ਚ ਜੋੜਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਕੰਪਨੀ ਦਾ ਐੱਸ. ਈ. ਲਾਈਨਅੱਪ ਬਿਲਕੁਲ ਵੱਖਰਾ ਹੁੰਦਾ ਸੀ ਅਤੇ ਘੱਟ ਲੋਕ ਹੀ ਇਸ ਨੂੰ ਪਸੰਦ ਕਰਦੇ ਸਨ।
ਪਹਿਲਾ ਮਾਡਲ ਇਸ ਲਈ ਪਸੰਦ ਕੀਤਾ ਗਿਆ ਸੀ ਕਿਉਂਕਿ ਉਸ ਵੇਲੇ ਫੋਨ ਦਾ ਡਿਜ਼ਾਈਨ ਜ਼ਿਆਦਾ ਪੁਰਾਣਾ ਨਹੀਂ ਹੋਇਆ ਸੀ। ਸਮਾਂ ਬੀਤਣ ਦੇ ਨਾਲ ਕੰਪਨੀ ਨੇ ਫੀਚਰਜ਼ ’ਚ ਥੋੜ੍ਹੀ-ਬਹੁਤ ਤਬਦੀਲੀ ਤਾਂ ਕੀਤੀ ਪਰ ਡਿਜ਼ਾਈਨ ਜਿਵੇਂ ਦਾ ਤਿਵੇਂ ਬਣਿਆ ਰਿਹਾ। ਇਹੀ ਕਾਰਨ ਹੈ ਕਿ ਲੋਕਾਂ ਨੂੰ ਬਦਲਦੇ ਸਮੇਂ ਦੇ ਨਾਲ ਇਹ ਫੋਨ ਪੁਰਾਣਾ ਲੱਗਣ ਲੱਗਾ ਅਤੇ ਇਸ ਦੀ ਵਿਕਰੀ ਘਟ ਗਈ।
ਇਸ ਤੋਂ ਇਲਾਵਾ ਸਮਾਰਟਫੋਨ ਦਾ ਕਥਿਤ ਤੌਰ ’ਤੇ ਕਵਰ ਵੀ ਲੀਕ ਹੋਇਆ ਹੈ, ਜੋ ਇਸ ਦੇ ਡਿਜ਼ਾਈਨ ਦੀ ਝਲਕ ਦਿੰਦਾ ਹੈ। ਇਸ ਵਿਚ ਸਿੰਗਲ ਰੀਅਰ ਕੈਮਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ਏ-18 ਪ੍ਰੋਸੈਸਰ ਦੇ ਨਾਲ ਲਾਂਚ ਹੋ ਸਕਦਾ ਹੈ। ਆਉਣ ਵਾਲੇ ਫੋਨ ਵਿਚ ਬ੍ਰਾਂਡ ਵੱਲੋਂ ਟੱਚ ਆਈ. ਡੀ. ਨੂੰ ਹਟਾ ਕੇ ਫੇਸ ਆਈ. ਡੀ. ਜੋੜੀ ਜਾ ਸਕਦੀ ਹੈ। ਹੈਂਡਸੈੱਟ ’ਚ 48 ਐੱਮ. ਪੀ. ਦਾ ਰੀਅਰ ਕੈਮਰਾ ਮਿਲੇਗਾ। ਰਿਪੋਰਟਾਂ ਦੀ ਮੰਨੀਏ ਤਾਂ ਇਹ ਸਮਾਰਟਫੋਨ 499 ਡਾਲਰ (ਲੱਗਭਗ 42,000 ਰੁਪਏ) ਦੀ ਕੀਮਤ ’ਤੇ ਮੁਹੱਈਆ ਹੋ ਸਕਦਾ ਹੈ।