ਐਪਲ ਦਾ ਸਸਤਾ ਲੈਪਟਾਪ ‘ਮੈਕਬੁੱਕ ਨੀਓ’ ਬਾਜ਼ਾਰ ’ਚ ਮਚਾ ਸਕਦੈ ਹਲਚਲ

Monday, Apr 06, 2026 - 06:11 PM (IST)

ਐਪਲ ਦਾ ਸਸਤਾ ਲੈਪਟਾਪ ‘ਮੈਕਬੁੱਕ ਨੀਓ’ ਬਾਜ਼ਾਰ ’ਚ ਮਚਾ ਸਕਦੈ ਹਲਚਲ

ਗੈਜੇਟ ਡੈਸਕ : ਤਕਨਾਲੋਜੀ ਦੀ ਦੁਨੀਆ ’ਚ ਕਦੇ-ਕਦੇ ਅਜਿਹੇ ਪ੍ਰੋਡਕਟਸ ਆਉਂਦੇ ਹਨ, ਜੋ ਸਿਰਫ ਲਾਂਚ ਨਹੀਂ ਹੁੰਦੇ ਸਗੋਂ ਪੂਰੇ ਬਾਜ਼ਾਰ ਦੀ ਦਿਸ਼ਾ ਬਦਲ ਦਿੰਦੇ ਹਨ। ਅਜਿਹਾ ਹੀ ਇਕ ਕਦਮ ਐਪਲ ਨੇ ਆਪਣੇ ਨਵੇਂ ਲੈਪਟਾਪ MacBook Neo ਨਾਲ ਚੁੱਕਿਆ ਹੈ। ₹69,900 ਦੀ ਸ਼ੁਰੂਆਤੀ ਕੀਮਤ ਨਾਲ ਆਇਆ ਇਹ ਡਿਵਾਈਸ ਪਹਿਲੀ ਵਾਰ ਐਪਲ ਨੂੰ ਸਿੱਧੇ ਉਸ ਸੈਗਮੈਂਟ ’ਚ ਖੜ੍ਹਾ ਕਰਦਾ ਹੈ, ਜਿੱਥੇ ਹੁਣ ਤੱਕ ਵਿੰਡੋਜ਼ ਲੈਪਟਾਪਸ ਦਾ ਦਬਦਬਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਸਟੂਡੈਂਟਸ (ਵਿਦਿਆਰਥੀਆਂ) ਲਈ ਇਸ ਦੀ ਕੀਮਤ ₹59,900 ਤੈਅ ਕੀਤੀ ਗਈ ਹੈ, ਜੋ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ।

ਮੈਕਬੁੱਕ ਨੀਓ ਦੀ ਸਭ ਤੋਂ ਵੱਡੀ ਚਰਚਾ ਇਸ ਦੀ ਚਿੱਪ ਨੂੰ ਲੈ ਕੇ ਹੈ। ਇਸ ’ਚ ਉਹੀ A18 ਪ੍ਰੋ-ਪ੍ਰਾਸੈਸਰ ਦਿੱਤਾ ਗਿਆ ਹੈ, ਜੋ ਹੁਣ ਤੱਕ ਆਈਫੋਨ 16 ਪ੍ਰੋ ’ਚ ਦੇਖਣ ਨੂੰ ਮਿਲਦਾ ਸੀ। ਹੁਣ ਤੱਕ ਐਪਲ ਆਪਣੇ ਲੈਪਟਾਪਸ ’ਚ ਐੱਮ-ਸੀਰੀਜ਼ ਚਿੱਪਸ ਦਾ ਇਸਤੇਮਾਲ ਕਰਦਾ ਰਿਹਾ ਹੈ, ਅਜਿਹੇ ’ਚ ਇਹ ਬਦਲਾਅ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੇ ਪਿੱਛੇ ਕੰਪਨੀ ਦੀ ਰਣਨੀਤੀ ਸਾਫ ਹੈ-ਲਾਗਤ ਘੱਟ ਰੱਖਦੇ ਹੋਏ ਪ੍ਰਫਾਰਮੈਂਸ ਨੂੰ ਉਸ ਪੱਧਰ ਤੱਕ ਬਣਾਈ ਰੱਖਣਾ, ਜੋ ਇਕ ਆਮ ਯੂਜ਼ਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ।
ਰੋਜ਼ਾਨਾ ਦੇ ਇਸਤੇਮਾਲ ’ਚ ਇਹ ਲੈਪਟਾਪ ਤੇਜ਼, ਸਮੂਥ ਅਤੇ ਭਰੋਸੇਮੰਦ ਅਨੁਭਵ ਦਿੰਦਾ ਹੈ। ਹਾਲਾਂਕਿ ਜੇਕਰ ਤੁਸੀਂ ਇਸ ਨੂੰ ਹੈਵੀ ਪ੍ਰੋਫੈਸ਼ਨਲ ਕੰਮਾਂ ਜਿਵੇਂ ਹਾਈ-ਐਂਡ ਵੀਡੀਓ ਐਡੀਟਿੰਗ ਜਾਂ ਵੱਡੇ ਸਾਫਟਵੇਅਰ ਪ੍ਰਾਜੈਕਟਸ ਲਈ ਲੈਣਾ ਚਾਹੁੰਦੇ ਹੋ, ਤਾਂ ਇਹ ਤੁਹਾਡੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰਾ ਨਹੀਂ ਉਤਰ ਸਕੇਗਾ। ਡਿਜ਼ਾਈਨ ਦੀ ਗੱਲ ਕਰੀਏ ਤਾਂ ਐਪਲ ਨੇ ਇੱਥੇ ਵੀ ਆਪਣੀ ਪਛਾਣ ਬਰਕਰਾਰ ਰੱਖੀ ਹੈ। ਐਲੂਮੀਨੀਅਮ ਬਾਡੀ, ਪਤਲਾ ਅਤੇ ਸਲੀਕ ਫਾਰਮ ਫੈਕਟਰ ਅਤੇ ਲੱਗਭਗ 1.2 ਕਿਲੋ ਵਜ਼ਨ ਇਸ ਨੂੰ ਪੋਰਟੇਬਲ ਬਣਾਉਂਦੇ ਹਨ। 13 ਇੰਚ ਦਾ ਬ੍ਰਾਈਟ ਡਿਸਪਲੇਅ ਵਿਜ਼ੂਅਲ ਐਕਸਪੀਰੀਅਨਸ ਨੂੰ ਬਿਹਤਰ ਬਣਾਉਂਦਾ ਹੈ ਅਤੇ ਪਹਿਲੀ ਨਜ਼ਰ ’ਚ ਇਹ ਕਿਸੇ ਪ੍ਰੀਮੀਅਮ ਮੈਕਬੁੱਕ ਤੋਂ ਘੱਟ ਨਹੀਂ ਲੱਗਦਾ।
ਹਾਲਾਂਕਿ ਘੱਟ ਕੀਮਤ ਨਾਲ ਕੁਝ ਸਮਝੌਤੇ ਵੀ ਦੇਖਣ ਨੂੰ ਮਿਲਦੇ ਹਨ।

ਬੇਸ ਮਾਡਲ ’ਚ ਟੱਚ ਆਈ. ਡੀ. ਨਹੀਂ ਹੈ, ਕੀਬੋਰਡ ਬੈਕਲਿਟ ਨਹੀਂ ਹੈ ਅਤੇ MagSafe ਵਰਗੇ ਪ੍ਰੀਮੀਅਮ ਫੀਚਰਸ ਵੀ ਇਸ ’ਚ ਸ਼ਾਮਲ ਨਹੀਂ ਕੀਤੇ ਗਏ ਹਨ ਪਰ ਜਿਸ ਯੂਜ਼ਰ ਨੂੰ ਇਹ ਟਾਰਗੈੱਟ ਕਰਦਾ ਹੈ, ਉਸ ਲਈ ਇਹ ਕਮੀਆਂ ਸ਼ਾਇਦ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ। ਐਪਲ ਨੇ ਇੱਥੇ ਜ਼ਰੂਰੀ ਚੀਜ਼ਾਂ ’ਤੇ ਹੀ ਫੋਕਸ ਕੀਤਾ ਹੈ ਅਤੇ ਉਹੀ ਯੂਜ਼ਰ ਨੂੰ ਮਿਲਦਾ ਵੀ ਹੈ। ਮੈਕਬੁੱਕ ਨੀਓ ਖਾਸ ਤੌਰ ’ਤੇ ਸਟੂਡੈਂਟਸ, ਫ੍ਰੀਲਾਂਸਰ ਅਤੇ ਉਨ੍ਹਾਂ ਲੋਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਪਹਿਲੀ ਵਾਰ ਮੈਕ ਦੀ ਦੁਨੀਆ ’ਚ ਕਦਮ ਰੱਖਣਾ ਚਾਹੁੰਦੇ ਹਨ। ਬ੍ਰਾਊਜ਼ਿੰਗ, ਡਾਕੂਮੈਂਟਸ, ਆਨਲਾਈਨ ਕਲਾਸਾਂ, ਮੀਟਿੰਗਾਂ ਅਤੇ ਹਲਕੀ ਐਡੀਟਿੰਗ ਵਰਗੇ ਕੰਮ ਇਹ ਆਸਾਨੀ ਨਾਲ ਸੰਭਾਲ ਲੈਂਦਾ ਹੈ। macOS ਦਾ ਸਮੂਥ ਤਜਰਬਾ ਇਸ ਨੂੰ ਬਾਕੀ ਬਜਟ ਲੈਪਟਾਪਸ ਤੋਂ ਵੱਖਰਾ ਬਣਾਉਂਦਾ ਹੈ।
ਇਸ ਲਾਂਚ ਦੀ ਅਸਲੀ ਕਹਾਣੀ ਸਿਰਫ ਕੀਮਤ ਜਾਂ ਸਪੈਸੀਫਿਕੇਸ਼ਨ ਨਹੀਂ, ਸਗੋਂ ਐਪਲ ਦਾ ਈਕੋਸਿਸਟਮ ਹੈ। ਕੰਪਨੀ ਜਾਣਦੀ ਹੈ ਕਿ ਇਕ ਵਾਰ ਯੂਜ਼ਰ ਮੈਕ ’ਤੇ ਆ ਗਿਆ ਤਾਂ ਉਹ ਹੌਲੀ-ਹੌਲੀ iPhone, iPad ਅਤੇ ਬਾਕੀ ਸਰਵਿਸਿਜ਼ ਵੱਲ ਵੀ ਵਧੇਗਾ। ਭਾਵ ਇਹ ਲੈਪਟਾਪ ਸਿਰਫ ਇਕ ਡਿਵਾਈਸ ਨਹੀਂ, ਸਗੋਂ ਐਪਲ ਦੀ ਦੁਨੀਆ ਦਾ ਐਂਟਰੀ ਗੇਟ ਹੈ। Apple ਹੁਣ ਹੌਲੀ-ਹੌਲੀ ‘ਕਿਫਾਇਤੀ ਪਰ ਦਮਦਾਰ’ ਰਣਨੀਤੀ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਸਮੇਂ ’ਚ ਕੰਪਨੀ ਨੇ ਆਪਣੇ iPhone ਲਾਈਨਅੱਪ (16e, 17e) ’ਚ ਵੀ ਜ਼ਿਆਦਾ ਅਫੋਰਡੇਬਲ ਬਦਲ ਦੇਣੇ ਸ਼ੁਰੂ ਕੀਤੇ ਹਨ, ਜਿਸ ਤੋਂ ਸਾਫ ਹੈ ਕਿ ਫੋਕਸ ਸਿਰਫ ਪ੍ਰੀਮੀਅਮ ਯੂਜ਼ਰਸ ਤੱਕ ਸੀਮਤ ਨਹੀਂ ਰਿਹਾ। MacBook Neo ਉਸੇ ਰਣਨੀਤੀ ਦਾ ਅਗਲਾ ਕਦਮ ਲੱਗਦਾ ਹੈ, ਜਿੱਥੇ ਐਪਲ ਆਪਣੇ ਈਕੋਸਿਸਟਮ ਨੂੰ ਜ਼ਿਆਦਾ ਵੱਡੇ ਯੂਜ਼ਰ ਬੇਸ ਤੱਕ ਪਹੁੰਚਾਉਣ ਦੀ ਤਿਆਰੀ ’ਚ ਹੈ। -ਪਿਊਸ਼ ਪੰਜਾਬੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News