Airtel ਦੀ 5ਜੀ ਸੇਵਾ ਇਸੇ ਮਹੀਨੇ ਹੀ ਹੋਵੇਗੀ ਸ਼ੁਰੂ, ਜੀਓ ਨੂੰ ਟੱਕਰ ਦੇਣ ਦੀ ਤਿਆਰੀ
Thursday, Aug 04, 2022 - 02:21 PM (IST)
ਗੈਜੇਟ ਡੈਸਕ– ਹਾਲ ਹੀ ’ਚ ਟੈਲੀਕਾਮ ਕੰਪਨੀ ਜੀਓ ਨੇ ਸੰਕੇਤ ਦਿੱਤਾ ਸੀ ਕਿ ਉਹ 15 ਅਗਸਤ ਨੂੰ ਪੂਰੇ ਦੇਸ਼ ’ਚ 5ਜੀ ਨੈੱਟਵਰਕ ਸਰਵਿਸ ਲਾਂਚ ਕਰ ਸਕਦੀ ਹੈ। ਹੁਣ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ 5ਜੀ ਨੈੱਟਵਰਕ ਸਰਵਿਸ ਰੋਲਆਊਟ ਦਾ ਐਲਾਨ ਕਰ ਦਿੱਤਾ ਹੈ. ਕੰਪਨੀ ਨੇ ਕਿਹਾ ਹੈ ਕਿ ਅਗਸਤ ਦੇ ਅਖੀਰ ਤਕ 5ਜੀ ਨੈੱਟਵਰਕ ਸਰਵਿਸ ਜਾਰੀ ਕੀਤੀ ਜਾਵੇਗੀ।
ਏਅਰਟੈੱਲ ਨੇ ਇਹ ਵੀ ਕਿਹਾ ਹੈ ਕਿ 5ਜੀ ਨੈੱਟਵਰਕ ਦੇਣ ਲਈ ਇਸਨੇ Ericsson, Nokia ਅਤੇ Samsung ਨਾਲ ਐਗਰੀਮੈਂਟ ਸਾਈਨ ਕੀਤਾ ਹੈ। ਜੇਕਰ ਜੀਓ ਦੀ 5ਜੀ ਸੇਵਾ 15 ਅਗਸਤ ਨੂੰ ਲਾਂਚ ਨਹੀਂ ਹੁੰਦੀ ਤਾਂ ਏਅਰਟੈੱਲ ਇਸ ਮਾਮਲੇ ’ਚ ਅੱਗੇ ਨਿਕਲ ਜਾਵੇਗੀ। ਹਾਲ ਹੀ ’ਚ 5ਜੀ ਸਪੈਕਟ੍ਰਮ ਦੀ ਨਿਲਾਮੀ ਖਤਮ ਹੋਈ ਹੈ। ਏਅਰਟੈੱਲ ਵੀ ਇਸ ਨਿਲਾਮੀ ਦਾ ਹਿੱਸਾ ਸੀ। ਕੰਪਨੀ ਨੇ ਨਿਲਾਮੀ ’ਚ 900 MHz, 1800 MHz, 2100 MHz, 3300 MHz ਅਤੇ 26 GHz ਫ੍ਰੀਕਵੈਂਸੀ ’ਚ 19867.8 MHZ ਸਪੈਕਟ੍ਰਮ ਹਾਸਿਲ ਕੀਤਾ ਸੀ।
ਅਗਸਤ ’ਚ ਲਾਂਚ ਹੋਵੇਗੀ ਸੇਵਾ
ਏਅਰਟੈੱਲ ਦੇ ਐੱਮ.ਡੀ. ਅਤੇ ਸੀ.ਈ.ਓ. ਗੋਪਾਲ ਵਿੱਠਲ ਨੇ 5ਜੀ ਸੇਵਾ ਰੋਲਆਊਟ ਨੂੰ ਲੈ ਕੇ ਦੱਸਿਆ ਕਿ ਸਾਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਏਅਰਟੈੱਲ 5ਜੀ ਸੇਵਾ ਨੂੰ ਅਗਸਤ ਮਹੀਨੇ ’ਚ ਹੀ ਰੋਲਆਊਟ ਕਰਨ ਜਾ ਰਹੀ ਹੈ। ਇਸ ਲਈ ਐਗਰੀਮੈਂਟ ਫਾਈਨਲ ਹੋ ਗਿਆਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਪੂਰੀ ਦੁਨੀਆ ਦੇ ਬੈਸਟ ਤਕਨਾਲੋਜੀ ਪਾਰਟਨਰ ਦੇ ਨਾਲ ਕੰਮ ਕਰਕੇ ਭਾਰਤ ਦੇ ਗਾਹਕਾਂ ਨੂੰ 5ਜੀ ਕੁਨੈਕਟੀਵਿਟੀ ਦਾ ਪੂਰਾ ਫਾਇਦਾ ਦੇਵੇਗੀ। ਦੱਸ ਦੇਈਏ ਕਿ ਤਿੰਨੋਂ ਟੈਲੀਕਾਮ ਕੰਪਨੀਆਂ ’ਚ 5ਜੀ ਨੈੱਟਵਰਕ ਟੈਸਟ ਕਰਨ ਵਾਲਾ ਏਅਰਟੈੱਲ ਪਹਿਲਾ ਟੈਲੀਕਾਮ ਆਪਰੇਟਰ ਸੀ।