ਏਅਰਟੈੱਲ ਦੇ ਇਸ਼ਤਿਹਾਰ ਹਨ ਗੁੰਮਰਾਹ ਕਰਨ ਵਾਲੇ : ਰਿਲਾਇੰਸ ਜਿਓ

Tuesday, May 02, 2017 - 11:33 AM (IST)

ਏਅਰਟੈੱਲ ਦੇ ਇਸ਼ਤਿਹਾਰ ਹਨ ਗੁੰਮਰਾਹ ਕਰਨ ਵਾਲੇ : ਰਿਲਾਇੰਸ ਜਿਓ
ਜਲੰਧਰ- ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਵਿਚਾਲੇ ਇਕ ਨਵਾਂ ਵਿਵਾਦ ਇਸ਼ਤਿਹਾਰ ਨੂੰ ਲੈ ਕੇ ਪੈਦਾ ਹੋ ਗਿਆ ਹੈ। ਰਿਲਾਇੰਸ ਜਿਓ ਨੇ ਦੋਸ਼ ਲਾਇਆ ਹੈ ਕਿ ਭਾਰਤੀ ਏਅਰਟੈੱਲ ਗੁੰਮਰਾਹ ਕਰਨ ਵਾਲੇ ਆਫਰ ਪੇਸ਼ ਕਰ ਕੇ ਦਰ ਨਿਰਧਾਰਣ ਸਬੰਧੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਸਾਧਾਰਨ ਪਲਾਨ ਲੈਣ ਵਾਲੇ ਆਪਣੇ ਹੀ ਗਾਹਕਾਂ ਨਾਲ ਮਨਮਰਜ਼ੀ ਵਾਲੇ ਤਰੀਕੇ ਨਾਲ ਭੇਦ-ਭਾਵ ਕਰ ਰਹੀ ਹੈ।  
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜਿਓ ਨੇ ਦੂਰਸੰਚਾਰ ਰੈਗੂਲੇਟਰੀ ਟਰਾਈ ਨੂੰ ਸੁਨੀਲ ਭਾਰਤੀ ਮਿੱਤਲ ਦੀ ਭਾਰਤੀ ਏਅਰਟੈੱਲ ''ਤੇ ਵੱਡਾ ਜੁਰਮਾਨਾ ਲਾਉਣ ਦੀ ਮੰਗ ਕੀਤੀ ਹੈ। ਰਿਲਾਇੰਸ ਜਿਓ ਨੇ ਦੋਸ਼ ਲਾਇਆ ਹੈ ਕਿ ਏਅਰਟੈੱਲ ਦੇ 293 ਅਤੇ 449 ਰੁਪਏ ਦੇ ਪਲਾਨ ਗੁੰਮਰਾਹ ਕਰਨ ਵਾਲੇ ਤਰੀਕੇ ਨਾਲ ਬਾਜ਼ਾਰ ''ਚ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਏਅਰਟੈੱਲ ਦੇ ਇਨ੍ਹਾਂ ਆਫਰਾਂ ਦੇ ਇਸ਼ਤਿਹਾਰ ਸੰਭਾਵੀ ਗਾਹਕਾਂ ਦੇ ਮਨ ''ਚ ਇਹ ਵਿਸ਼ਵਾਸ ਜਗਾ ਕੇ ਉਨ੍ਹਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਨੂੰ 70 ਦਿਨਾਂ ਤੱਕ ਰੋਜ਼ਾਨਾ 1 ਜੀ. ਬੀ. ਡਾਟਾ ਮਿਲੇਗਾ। ਜਿਓ ਨੇ ਕਿਹਾ ਕਿ ਪਰ ਜੋ ਗਾਹਕ ਏਅਰਟੈੱਲ ਦੇ ਦੋਹਰੇ ਮਾਪਦੰਡ ਨੂੰ ਪੂਰਾ ਨਹੀਂ ਕਰਦੇ ਹਨ, ਉਨ੍ਹਾਂ ਨੂੰ ਬਸ 50 ਐੱਮ. ਬੀ. ਡਾਟਾ ਮਿਲੇਗਾ ਤੇ ਉਸ ਤੋਂ ਬਾਅਦ ਉਨ੍ਹਾਂ ਕੋਲੋਂ 4000 ਰੁਪਏ ਪ੍ਰਤੀ ਜੀ. ਬੀ. ਦੀ ਉੱਚੀ ਦਰ ਨਾਲ ਚਾਰਜ ਲਿਆ ਜਾਵੇਗਾ।
 
ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਰਿਲਾਇੰਸ ਜਿਓ ਦੀ ਸਾਜ਼ਿਸ਼ ਦਾ ਹਿੱਸਾ :
ਉਧਰ ਭਾਰਤੀ ਏਅਰਟੈੱਲ ਦੇ ਬੁਲਾਰੇ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਹ ਨੈੱਟਵਰਕ ਖਾਮੀ ਸਮੇਤ ਆਪਣੀਆਂ ਸਮੱਸਿਆਵਾਂ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਰਿਲਾਇੰਸ ਜਿਓ ਦੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਰਿਲਾਇੰਸ ਜਿਓ ਪਹਿਲਾਂ ਕਈ ਮਹੀਨਿਆਂ ਤੱਕ ਫ੍ਰੀ ਸੇਵਾਵਾਂ ਦਿੰਦੀ ਰਹੀ ਹੈ ਅਤੇ ਉਹ ਦੂਜੇ ਆਪ੍ਰੇਟਰਾਂ ''ਤੇ ਉਂਗਲੀ ਚੁੱਕ ਰਹੀ ਹੈ।

Related News