1 ਅਕਤੂਬਰ ਤੋਂ ਲਾਂਚ ਹੋਣਗੀਆਂ 5ਜੀ ਸੇਵਾਵਾਂ, ਪੀ. ਐੱਮ. ਮੋਦੀ ਕਰਨਗੇ ਸ਼ੁਰੂਆਤ!
Thursday, Sep 22, 2022 - 04:01 PM (IST)
ਗੈਜੇਟ ਡੈਸਕ– 5ਜੀ ਸਪੈਕਟ੍ਰਮ ਦੀ ਨੀਲਾਮੀ ਤੋਂ ਬਾਅਦ ਦੇਸ਼ ਦੇ ਕਈ ਲੋਕਾਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਉਡੀਕ ਖਤਮ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਮੋਦੀ 1 ਅਕਤੂਬਰ ਨੂੰ 5ਜੀ ਸੇਵਾਵਾਂ ਲਾਂਚ ਕਰ ਸਕਦੇ ਹਨ। ਅਕਤੂਬਰ ’ਚ ਹੀ ਕਈ ਸ਼ਹਿਰਾਂ ’ਚ 5ਜੀ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਇਸ ਖਬਰ ’ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੀ. ਐੱਨ. ਬੀ. ਸੀ. ਆਵਾਜ਼ ਦੇ ਅਸੀਮ ਮਨਚੰਦਾ ਨੇ ਕਿਹਾ ਕਿ ਦੇਸ਼ ’ਚ 1 ਅਕਤੂਬਰ ਤੋਂ ਇੰਡੀਅਨ ਮੋਬਾਇਲ ਕਾਂਗਰਸ ਦੀ ਸ਼ੁਰੂਆਤ ਹੋਵੇਗੀ। ਰਿਪੋਰਟ ਮੁਤਾਬਕ ਇਸ ਲਈ ਪੀ. ਐੱਮ. ਨੇ ਆਪਣੀ ਹਰੀ ਝੰਡੀ ਦੇ ਦਿੱਤੀ ਹੈ। ਇਸੇ ਦਿਨ 5ਜੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ ਸੇਵਾਵਾਂ ਦੇ ਲਾਂਚ ਹੋਣ ਦੇ ਨਾਲ ਹੀ ਅਕਤੂਬਰ ਤੋਂ ਕਈ ਸ਼ਹਿਰਾਂ ’ਚ 5ਜੀ ਸੇਵਾਵਾਂ ਗਾਹਕਾਂ ਲਈ ਮੁਹੱਈਆ ਵੀ ਕਰਵਾਈਆਂ ਜਾਣਗੀਆਂ। ਇਸ ਦੇ ਲਾਂਚਿੰਗ ਪ੍ਰੋਗਰਾਮ ’ਚ ਟੈਲੀਕਾਮ ਇੰਡਸਟ੍ਰੀਜ਼ ਦੇ ਸਾਰੇ ਦਿੱਗਜ਼ ਮੌਜੂਦ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਸ ਪ੍ਰੋਗਰਾਮ ’ਚ ਮੁਕੇਸ਼ ਅੰਬਾਨੀ, ਸੁਨੀਲ ਮਿੱਤਲ ਅਤੇ ਕੁਮਾਰ ਮੰਗਲਮ ਬਿਰਲਾ ਵਰਗੇ ਇੰਡਸਟਰੀ ਦੇ ਦਿੱਗਜ਼ ਹਾਜ਼ਰ ਰਹਿਣਗੇ। ਇਸ ਦੌਰਾਨ ਟੈਲੀਕਾਮ ਕੰਪਨੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ 5ਜੀ ਸੇਵਾਵਾਂ ਦਾ ਡੈਮੋ ਦੇਣਗੀਆਂ। ਇਸੇ ਦੌਰਾਨ ਕੰਪਨੀਆਂ 5ਜੀ ਲਾਂਚ ਦਾ ਰਸਮੀ ਐਲਾਨ ਕਰ ਸਕਦੀਆਂ ਹਨ।
ਅਸੀਮ ਨੇ ਅੱਗ ਕਿਹਾ ਕਿ ਟੈਲੀਕਾਮ ਕੰਪਨੀਆਂ ਦੇ ਪਲਾਨ ਬਾਰੇ ਗੱਲ ਕਰੀਏ ਤਾਂ ਆਰ-ਜੀਓ ਨੇ ਮੈਟਰੋ ਸ਼ਹਿਰਾਂ ’ਚ ਦੀਵਾਲੀ ਤੱਕ 5ਜੀ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਸਬੰਧ ’ਚ ਰਿਲਾਇੰਸ ਦੀ ਏ. ਜੀ. ਐੱਮ. ਵਿਚ ਐਲਾਨ ਕੀਤਾ ਸੀ।
ਉੱਥੇ ਹੀ ਭਾਰਤੀ ਏਅਰਟੈੱਲ ਨੇ ਵੀ 5ਜੀ ਸੇਵਾਵਾਂ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਏਅਰਟੈੱਲ 5ਜੀ ਸੇਵਾਵਾਂ ਦੇ ਲਾਂਚ ਲਈ ਤਿਆਰ ਹੈ। ਮੰਨਿਆ ਜਾ ਰਿਹਾ ਹੈ ਕਿ ਏਅਰਟੈੱਲ ਵਲੋਂ ਵਾਰਾਣਸੀ, ਦਿੱਲੀ, ਬੇਂਗਲੁਰੂ ’ਚ ਅਕਤੂਬਰ ਤੋਂ ਭਾਰਤੀ ਏਅਰਟੈੱਲ ਦੀ ਸੇਵਾ ਸੰਭਵ ਹੈ।