ਵਿਧਾਨ ਸਭਾ ਸਪੀਕਰ ਸੰਧਵਾਂ ਨੇ ਬੇਰਾਂ ਦੇ ਬਾਗ ਅਤੇ ਮਿਰਚ ਕਲਸਟਰ ਦਾ ਕੀਤਾ ਦੌਰਾ
04/09/2023 1:20:00 PM

ਫਿਰੋਜ਼ਪੁਰ (ਮਲਹੋਤਰਾ) : ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਿਚ ਵਾਧੇ ਦੇ ਲਈ ਅਤੇ ਕਿਸਾਨਾਂ ਦੀ ਭਲਾਈ ਦੇ ਲਈ ਹਰ ਕਦਮ ਚੁੱਕ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਨੀਵਾਰ ਨੂੰ ਹਲਕਾ ਦਿਹਾਤੀ ਦੇ ਪਿੰਡ ਤੂਤ ਵਿਚ ਬੇਰਾਂ ਦੇ ਬਾਗ ਅਤੇ ਮਿਰਚ ਕਲਸਟਰ ਦਾ ਦੌਰਾ ਕਰਨ ਮੌਕੇ ਕੀਤਾ। ਸੰਧਵਾਂ ਨੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ ਰਵਾਇਤੀ ਫ਼ਸਲੀ ਚੱਕਰ ਬਹੁਤ ਮਹਿੰਗਾ ਸਾਬਤ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਇਸ ਚੱਕਰ ਵਿਚੋਂ ਕੱਢਣ ਦੇ ਲਈ ਸਰਕਾਰ ਆਮਦਨ ਵਾਲੀਆਂ ਫ਼ਸਲਾਂ ਬੀਜਣ ਲਈ ਪ੍ਰੇਰਿਤ ਕਰ ਰਹੀ ਹੈ। ਇਨ੍ਹਾਂ ਫ਼ਸਲਾਂ ਨਾਲ ਜਿੱਥੇ ਕਿਸਾਨਾਂ ਦੀ ਖੇਤੀ ਲਾਗਤ ਘੱਟ ਹੋਵੇਗੀ, ਉਥੇ ਉਨ੍ਹਾਂ ਦੀ ਆਮਦਨ ਵਧੇਗੀ ਅਤੇ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚੇਗਾ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਪੁਆਏ ਵੈਣ, ਦਿੜ੍ਹਬਾ ਵਿਖੇ ਨੌਜਵਾਨ ਦੀ ਹੋਈ ਦਰਦਨਾਕ ਮੌਤ
ਵਿਧਾਇਕ ਰਜਨੀਸ਼ ਕੁਮਾਰ ਨੇ ਨਾਲ ਪਿੰਡ ਦੇ ਦੌਰੇ ਦੌਰਾਨ ਉਨ੍ਹਾਂ ਅਗਾਂਹਵਧੂ ਕਿਸਾਨਾਂ ਨਛੱਤਰ ਸਿੰਘ, ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਉਹ ਇੱਕ ਏਕੜ ਵਿਚ ਬੇਰਾਂ ਦਾ ਬਾਗ ਅਤੇ ਇੱਕ ਏਕੜ ਵਿਚ ਮਿਰਚਾਂ ਦੀ ਖੇਤੀ ਕਰਦੇ ਹਨ ਅਤੇ ਲਗਭਗ 25 ਸਾਲਾਂ ਤੋਂ ਬੇਰਾਂ ਦੀ ਕਾਸ਼ਤ ਕਰਦੇ ਆ ਰਹੇ ਹਨ ਜਦਕਿ ਮਿਰਚ ਦੀ ਖੇਤੀ ਪਿਛਲੇ 8 ਸਾਲ ਤੋਂ ਸ਼ੁਰੂ ਕੀਤੀ ਹੈ। ਸੰਧਵਾਂ ਨੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਅਤੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਦਾ ਹਿੱਸਾ ਬਣ ਕੇ ਅਜਿਹੀਆਂ ਫਲਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਰਹੇਗਾ ਮੌਸਮ, ਪੰਜਾਬ 'ਚ ਸਮਰਾਲਾ ਸਭ ਤੋਂ ਗਰਮ ਤੇ ਹੁਸ਼ਿਆਰਪੁਰ ਠੰਡਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।