ਮਾਰਕਿਟ ਕਮੇਟੀ ਦੀ ਫੀਸ ਚੋਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਸੈਕਟਰੀ ਬਲਜਿੰਦਰ ਸਿੰਘ

10/20/2023 5:52:07 PM

ਗੁਰੂਹਰਸਹਾਏ (ਵਿਪਨ ਅਨੇਜਾ) : ਪੰਜੇ ਕੇ ਉਤਾੜ ਦੀ ਮਾਰਕਿਟ ਕਮੇਟੀ ਦੇ ਅਧੀਨ ਆਉਂਦੀ ਮੰਡੀ ਖੈਰੇ ਕੇ ਉਤਾੜ ਦੇ ਇਕ ਆੜ੍ਹਤੀਏ ਵੱਲੋਂ ਬਿਨਾਂ ਮਾਰਕਿਟ ਕਮੇਟੀ ਵਿਚ ਝੋਨੇ ਦੀਆਂ ਬੋਰੀਆਂ ਦੀ ਗਿਣਤੀ ਨੂੰ ਦਰਜ ਕਰਵਾਏ ਜਲਾਲਾਬਾਦ ਦੇ ਇਕ ਸ਼ੈਲਰ ਵਿਚ ਭੇਜਦਿਆਂ ਮਾਰਕਿਟ ਕਮੇਟੀ ਦੇ ਸੈਕਟਰੀ ਨੇ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਮਾਰਕਿਟ ਕਮੇਟੀ ਦੇ ਸੈਕਟਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਸ਼ਾਮ ਨੂੰ ਹਲਕਾ ਗੁਰੂਹਰਸਹਾਏ ਦੇ ਐੱਸ.ਡੀ.ਐੱਮ ਸੂਰਜ ਵੱਲੋਂ ਮਾਰਕਿਟ ਕਮੇਟੀ ਪੰਜੇ ਕੇ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨਾਲ ਇਕ ਮੀਟਿੰਗ ਕੀਤੀ ਅਤੇ ਨਿਰਦੇਸ਼ ਜਾਰੀ ਕੀਤੇ ਗਏ ਕਿ ਕੋਈ ਵੀ ਆੜ੍ਹਤੀ ਮਾਰਕਿਟ ਕਮੇਟੀ ਵਿਚ ਫਸਲ ਨੂੰ ਦਰਜ ਕਰਵਾਏ ਬਿਨਾਂ ਨਾ ਵੇਚੇ।

ਇਸ ਤਰ੍ਹਾਂ ਐੱਸ.ਡੀ.ਐੱਮ ਸੂਰਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੱਲ ਸ਼ਾਮ ਨੂੰ ਗੋਲੂਕਾ ਮੌੜ ਵਿਖੇ ਨਾਕਾ ਲਗਾਇਆ ਗਿਆ ਅਤੇ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਮੰਡੀ ਖੈਰੇ ਕੇ ਉਤਾੜ ਵਿਖੇ ਮੈਸ: ਮੰਗਲ ਸਿੰਘ ਮਹਿਲ ਸਿੰਘ ਆੜ੍ਹਤੀ ਵੱਲੋਂ 570 ਗੱਟੇ ਝੋਨੇ ਦੀਆਂ ਬੋਰੀਆਂ ਨੂੰ ਮਾਰਕਿਟ ਕਮੇਟੀ ’ਚ ਦਰਜ ਕਰਵਾਏ ਬਿਨਾਂ ਮਿੱਢਾ ਇੰਡਸਟਰੀ ਜਲਾਲਾਬਾਦ ਦੇ ਟਰੈਕਟਰ ਟਰਾਲੇ ਵਿਚ ਲੱਦਿਆ ਜਾ ਰਿਹਾ ਹੈ। ਇਸ ’ਤੇ ਮੌਕੇ ’ਤੇ ਪਹੁੰਚ ਕੇ ਮਾਰਕਿਟ ਕਮੇਟੀ ਦੀ ਟੀਮ ਵੱਲੋਂ ਕਾਰਵਾਈ ਕਰਦਿਆ ਆੜ੍ਹਤੀ ਅਤੇ ਸ਼ੈਲਰ ਮਾਲਕ ਨੂੰ ਸਪੱਸ਼ਟੀਕਰਨ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਾਰਕਿਟ ਕਮੇਟੀ ਦੇ ਸੈਕਟਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਤਸੱਲੀਬਖਸ਼ ਜਵਾਬ ਨਾ ਆਇਆ ਤਾਂ ਇਨ੍ਹਾਂ ਫਰਮਾਂ ਵਿਰੁੱਧ ਤੁਰੰਤ ਲਾਇਸੰਸ ਮੁਅੱਤਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕੀ ਕਹਿਣਾ ਹੈ ਆੜ੍ਹਤੀ ਦਾ

ਮਾਰਕਿਟ ਕਮੇਟੀ ਦੀ ਫੀਸ ਚੋਰੀ ਸਬੰਧੀ ਆੜ੍ਹਤੀ ਸੋਭਾ ਸਿੰਘ ਸਿੱਧੂ ਨੇ ਕਿਹਾ ਕਿ ਖੈਰੇਕੀ ਮੰਡੀ ਵਿਚ 7 ਦੇ ਕਰੀਬ ਆੜ੍ਹਤੀਏ ਹਨ, ਪਰ ਬਾਕੀਆਂ ਕੋਲ ਜਲਾਲਾਬਾਦ ਮੰਡੀ ਵਿਚ ਜਗ੍ਹਾ ਹੈ ਅਤੇ ਉਹ ਆਪਣੀ ਫਸਲ ਜਲਾਲਾਬਾਦ ਮੰਡੀ ਵਿਚ ਵੇਚ ਰਹੇ ਹਨ ਪਰ ਸਾਡੇ ਕੋਲ ਜਲਾਲਾਬਾਦ ਮੰਡੀ ਵਿਚ ਜਗ੍ਹਾ ਨਾ ਹੋਣ ਕਰਕੇ ਖੈਰੇਕੀ ਮੰਡੀ ਵਿਚ ਮਾਲ ਪਲਟਿਆ ਸੀ ਅਤੇ ਭਰ ਕੇ ਮਿੱਢਾ ਸ਼ੈਲਰ ਵਾਲਿਆਂ ਕੋਲੋਂ ਟਰਾਲੀ ਦੀ ਮੰਗ ਕੀਤੀ ਕਿ ਅਸੀਂ ਇਥੋਂ ਮਾਲ ਚੱਕ ਕੇ ਜਲਾਲਾਬਾਦ ਲੈ ਕੇ ਜਾਣਾ ਹੈ ਅਤੇ ਉਥੋ ਦੀ ਮਾਰਕਿਟ ਕਮੇਟੀ ਵਿਚ ਦਰਜ ਕਰਵਾ ਕੇ ਜਿਸ ਮਰਜ਼ੀ ਸ਼ੈਲਰ ਮਾਲਕ ਨੂੰ ਚੁਕਵਾ ਦਿਆਂਗੇ। ਇਸੇ ਤਹਿਤ ਮਿੱਢਾ ਸ਼ੈਲਰ ਵੱਲੋਂ ਇਕ ਟਰੈਕਟਰ ਟਰਾਲਾ ਸ਼ਾਮ ਨੂੰ 4 ਵਜੇ ਭੇਜਿਆ ਗਿਆ ਅਤੇ ਲੇਬਰ ਨਾ ਹੋਣ ਕਰਕੇ ਦੇਰ ਰਾਤ ਨੂੰ ਝੋਨੇ ਦੀ ਲੱਦਾਈ ਸ਼ੁਰੂ ਕੀਤੀ ਗਈ। ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਲੱਗਿਆ ਕਿ ਉਨ੍ਹਾਂ ਵੱਲੋਂ ਚੋਰੀ ਕੀਤੀ ਜਾ ਰਹੀ ਹੈ ਪਰ ਸਾਡੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਚੋਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੰਡੀ ਪੰਜੇ ਕੇ ਉਤਾੜ੍ਹ ਦੀ ਮਾਰਕਿਟ ਕਮੇਟੀ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ ਅਤੇ ਉਹ ਮੰਗ ਕਰਦੇ ਹਨ ਕਿ ਸਾਨੂੰ ਬਿਨਾਂ ਖੱਜਲ ਖੁਆਰੀ ਤੋਂ ਜਲਾਲਾਬਾਦ ਦੀ ਮਾਰਕਿਟ ਕਮੇਟੀ ਨਾਲ ਜੋੜਿਆ ਜਾਵੇ।   


Gurminder Singh

Content Editor

Related News