ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਫਿਰੋਜ਼ਪੁਰ ਪੁੱਜੇ ਫਾਰੁੱਖ ਅਬਦੁੱਲਾ, ਨਿਸ਼ਾਨੇ 'ਤੇ ਕੇਂਦਰ ਸਰਕਾਰ

Thursday, Mar 18, 2021 - 03:04 PM (IST)

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਫਿਰੋਜ਼ਪੁਰ ਪੁੱਜੇ ਫਾਰੁੱਖ ਅਬਦੁੱਲਾ, ਨਿਸ਼ਾਨੇ 'ਤੇ ਕੇਂਦਰ ਸਰਕਾਰ

ਫ਼ਿਰੋਜ਼ਪੁਰ (ਕੁਮਾਰ): ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਨੇ ਅੱਜ ਫਿਰੋਜ਼ਪੁਰ ਦੇ ਇਤਿਹਾਸਿਕ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਮੱਥਾ ਟੇਕਿਆ। ਇਸ ਮੌਕੇ ਖੇਡ ਮੰਤਰੀ ਪੰਜਾਬ, ਦਿਹਾਤੀ ਹਲਕੇ ਦੀ ਵਿਧਾਇਕਾ ਸਤਿਕਾਰ ਕੌਰ, ਚੇਅਰਮੈਨ ਅਤੇ ਯੁਵਾ ਕਾਂਗਰਸ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਵੀ ਮੌਜੂਦ ਸਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਉਨ੍ਹਾਂ ਦਾ ਸੁਪਨਾ ਅੱਜ ਪੂਰਾ ਹੋਇਆ ਹੈ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੀ ਅਤੇ ਆਪਣੇ ਮੁਲਕ ਦੇ ਲਈ ਦੁਆ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੇ ਬਾਅਦ ਉੱਥੇ ਕੋਈ ਵਿਕਾਸ ਨਹੀਂ ਹੋਇਆ ਅਤੇ ਸਾਂਬਾ ਵਿੱਚ ਪਹਿਲਾਂ ਕਰੀਬ 12 ਹਜ਼ਾਰ ਉਦਯੋਗ ਸਨ, ਉਨ੍ਹਾਂ ਵਿਚੋਂ ਕਰੀਬ 5 ਹਜ਼ਾਰ ਉਦਯੋਗ ਬੰਦ ਹੋ ਚੁੱਕੇ ਹਨ। ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਰਹਾਂਗੇ। ਅਬਦੁੱਲਾ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਸਾਰਿਆਂ ਨੂੰ ਇਹ ਗਲਤਫਹਿਮੀ ਕੱਢ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ:  ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਨੇ ਮੁੜ ਫੜ੍ਹੀ ਰਫ਼ਤਾਰ, ਹੁਣ ਤੱਕ 5 ਹਜ਼ਾਰ ਦੇ ਕਰੀਬ ਪੁੱਜੀ ਪੀੜਤਾਂ ਦੀ ਗਿਣਤੀ

ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੇ ਵਾਲਿਦ ਮੁਹੰਮਦ ਅਬਦੁੱਲਾ ਸਾਹਿਬ ਨੇ ਗਾਂਧੀ ਦੇ ਹਿੰਦੁਸਤਾਨ ਦੇ ਨਾਲ ਰਹਿਣ ਦਾ ਫੈਸਲਾ ਲਿਆ ਸੀ ਅਤੇ ਅਸੀਂ ਅੱਜ ਵੀ ਇਸ ਦੇਸ਼ ਨੂੰ ਗਾਂਧੀ ਦੇ ਹਿੰਦੁਸਤਾਨ ਵਾਲਾ ਦੇਸ਼ ਦੇਖਣਾ ਚਾਹੁੰਦੇ ਹਾਂ, ਜਿੱਥੇ ਕਦੇ ਵੀ ਧਰਮ ਅਤੇ ਮਜ਼ਹਬ ਦੇ ਨਾਮ ਤੇ ਨਫ਼ਰਤ ਨਹੀਂ ਸੀ। ਫਾਰੁੱਖ ਅਬਦੁੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਆਪਣਾ ਹੱਕ ਲੈ ਕੇ ਰਹਾਂਗੇ। ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਮੰਦਰ, ਮਸਜਿਦ ਅਤੇ ਗੁਰਦੁਆਰਿਆਂ ਦੇ ਨਾਮ ਤੇ ਵੰਡਿਆ ਜਾ ਰਿਹਾ ਹੈ। ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਵੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਅਬਦੁੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਤਿੰਨੋਂ ਕਾਨੂੰਨ ਵਾਪਸ ਲਵੇ ਅਤੇ ਕਿਸਾਨਾਂ ਨਾਲ ਵਿਚਾਰ ਚਰਚਾ ਕਰਨ ਦੇ ਬਾਅਦ ਨਵੇਂ ਕਾਨੂੰਨ ਬਣਾ ਕੇ  ਲਾਗੂ ਕੀਤੇ ਜਾਣ।

ਇਹ ਵੀ ਪੜ੍ਹੋ:  ਜਲੰਧਰ: ਹਵੇਲੀ ਰੈਸਟੋਰੈਂਟ ਦੇ ਸੀ.ਈ.ਓ. ਦੀ ਨਾਕੇ 'ਤੇ ਪੁਲਸ ਵੱਲੋਂ ਕੁੱਟਮਾਰ, ਮਾਮਲਾ ਭਖਿਆ

ਫਾਰੁੱਖ ਅਬਦੁੱਲਾ ਨੇ ਕਿਹਾ ਕਿ ਹੁਣ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਲੋਕਾਂ ਨੂੰ ਧਰਮ ਜਾਤੀ ਅਤੇ ਮਜ਼੍ਹਬ ਦੇ ਨਾਂ ਤੇ ਵੰਡਿਆ ਜਾਵੇਗਾ ਅਤੇ ਸਮਾਜ ਵਿਚ ਨਫਰਤ ਪੈਦਾ ਕੀਤੀ ਜਾਵੇਗੀ, ਜੋ ਗਲਤ ਹੈ। ਇਕ ਸਵਾਲ ਦੇ ਜਆਬ ਵਿਚ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇੱਕ ਢੌਂਗੀ ਪ੍ਰਧਾਨ ਮੰਤਰੀ ਹੈ, ਜੋ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਦੇ ਹੋਏ ਦੇਸ਼ ਦਾ ਭੱਠਾ ਬਿਠਾ ਰਿਹਾ ਹੈ ਅਤੇ  ਲੋਕਾਂ ਵਿੱਚ ਨਫ਼ਰਤ ਪੈਦਾ ਕਰ ਰਿਹਾ ਹੈ। ਇੱਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਫਾਰੂਖ ਅਬਦੁੱਲਾ ਨੇ ਕਿਹਾ ਕਿ ਜੇਕਰ ਅਸੀਂ ਚੋਣ ਨਹੀਂ ਲੜਦੇ ਤਾਂ ਇਨ੍ਹਾਂ ਨੇ ਕਹਿਣਾ ਸੀ ਕਿ ਪਾਕਿਸਤਾਨ ਤੋਂ ਕਾਲ ਆ ਗਈ ਹੈ, ਇਸ ਲਈ ਚੋਣ ਨਹੀਂ ਲੜ ਰਹੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰਾਂ ਵਿੱਚ ਬੰਦ ਸੀ, ਫਿਰ ਵੀ ਅਸੀਂ ਚੋਣ ਲੜੀ ਅਤੇ ਡੰਕੇ ਦੀ ਚੋਟ ਤੇ ਇਹ ਦੱਸਿਆ ਕਿ ਸਾਡਾ ਗੱਠਜੋੜ ਜਿੰਦਾਂ ਅਤੇ ਤਾਕਤਵਰ ਹੈ। ਇਸ ਮੌਕੇ ਤੇ ਗੁਰਦੀਪ ਸਿੰਘ ਢਿੱਲੋਂ, ਨਸੀਬ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਜੰਗ, ਅੰਗਰੇਜ ਸਿੰਘ, ਵਿੱਕੀ ਨਰੂਲਾ, ਸੋਨੂੰ ਮੌਂਗਾ, ਐਮ.ਐਮ. ਗਰੋਵਰ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰਿਆ ਭਿਆਨਕ ਕਾਰ ਹਾਦਸਾ, 12 ਸਾਲ ਦੇ ਬੱਚੇ ਸਮੇਤ 4 ਜੀਆਂ ਦੀ ਮੌਤ

 


author

Shyna

Content Editor

Related News