ਸੀਵਰੇਜ ਬੋਰਡ ਦੀ ਲਾਪ੍ਰਵਾਹੀ ਨਾਲ ਆਵਾਰਾ ਸਾਨ੍ਹ ਦੀ ਮੌਤ

11/14/2018 5:16:37 PM

ਫਿਰੋਜ਼ਪੁਰ (ਸੁਨੀਲ)– ਲਾਈਨ ਪਾਰ ਖੇਤਰ ਕੰਧਵਾਲਾ ਰੋਡ ’ਤੇ ਸੀਵਰੇਜ ਵਿਭਾਗ ਵੱਲੋਂ ਪਾਈਪ ਪਾਉਣ ਲਈ ਪੁੱਟੇ ਗਏ ਖੱਡੇ ’ਚ ਬੀਤੀ ਰਾਤ ਇਕ ਆਵਾਰਾ ਸਾਨ੍ਹ ਦੇ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਨੇ ਕਿਹਾ ਕਿ ਪੁੱਟੇ ਗਏ ਖੱਡੇ ਦੇ ਨੇਡ਼ੇ-ਤੇਡ਼ੇ ਠੇਕੇਦਾਰ ਵੱਲੋਂ ਬੋਰਡ ਨਹੀਂ ਰੱਖੇ ਗਏ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਜੇਕਰ ਇੰਝ ਹੀ ਲਾਪ੍ਰਵਾਹੀ ਨਾਲ ਕੰਮ ਹੋਇਆ ਤਾਂ ਇਨਸਾਨੀ ਜਾਨ-ਮਾਲ ਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਦੱਖਣ ਮੰਡਲ ਪ੍ਰਧਾਨ ਰਮੇਸ਼ ਸੋਨੀ ਤੇ ਰਘੁਵੀਰ ਭਾਖਰ ਨੇ ਕਿਹਾ ਕਿ ਮੰਡੀ ਬੋਰਡ ਸੀਵਰੇਜ ਬੋਰਡ ਦਾ ਆਪਸੀ ਤਾਲਮੇਲ ਠੀਕ ਨਾ ਹੋਣ ਕਾਰਨ ਕੰਧਵਾਲਾ ਰੋਡ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਹੋ ਰਿਹਾ ਹੈ, ਜਿਸ ਦਾ ਖਮਿਆਜ਼ਾ ਮੁਹੱਲਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਸੀਵਰੇਜ ਬੋਰਡ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਸ਼੍ਰੀ ਗੰਗਾਨਗਰ ਚੁੰਗੀ ਤੋਂ ਮੈਟਰੋ ਕਾਲੋਨੀ ਤੱਕ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਪੂਰਾ ਕਰ ਲਿਆ ਹੈ, ਜਦ ਤੱਕ ਸੀਵਰੇਜ ਬੋਰਡ ਪੁੱਟੀ ਗਈ ਸਡ਼ਕ ਦੇ ਮਲਬੇ ਦਾ ਹਿਸਾਬ ਨਹੀਂ ਦਿੰਦਾ, ਤਦ ਤੱਕ ਸਡ਼ਕ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ। ਇਸ ਸਮੱਸਿਆ ਸਬੰਧੀ ਲੋਕਾਂ ਨੇ ਇਕ ਮੰਗ-ਪੱਤਰ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੂੰ ਸੌਂਪਿਆ ਸੀ। ਉਪਮੰਡਲ ਅਧਿਕਾਰੀ ਨੇ ਕੰਧਵਾਲਾ ਰੋਡ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਵੀ ਲਿਆ ਅਤੇ ਬੀਤੇ ਸੋਮਵਾਰ ਤੱਕ ਕੰਮ ਸ਼ੁਰੂ ਕਰਵਾ ਦੇਣ ਦਾ ਭਰੋਸਾ ਵੀ ਉਥੋਂ ਦੇ ਲੋਕਾਂ ਨੂੰ ਦਿੱਤਾ ਸੀ ਪਰ ਇਕ ਹਫਤੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਉਪਰੰਤ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।


Related News