ਫਿਰੋਜ਼ਪੁਰ ਜੇਲ੍ਹ ਦੇ ਬਾਹਰ ਚੱਲੀ ਗੋਲੀ ਦੇ ਮਾਮਲੇ ''ਚ 3 ਖਿਲਾਫ਼ ਮਾਮਲਾ ਦਰਜ

Saturday, Jun 22, 2024 - 05:54 PM (IST)

ਫਿਰੋਜ਼ਪੁਰ ਜੇਲ੍ਹ ਦੇ ਬਾਹਰ ਚੱਲੀ ਗੋਲੀ ਦੇ ਮਾਮਲੇ ''ਚ 3 ਖਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ) : ਬੀਤੀ ਸ਼ਾਮ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਚੱਲੀ ਗੋਲੀ ਵਿਚ ਜ਼ਖ਼ਮੀ ਹੋਏ ਸ਼ਿਕਾਇਤਕਰਤਾ ਮੁੱਦਈ ਲਲਿਤ ਪਾਸੀ ਵਾਸੀ ਖਟੀਕ ਮੰਡੀ ਫਿਰੋਜ਼ਪੁਰ ਛਾਉਣੀ ਦੇ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਸਲੀਮ ਅਤੇ ਅਜੇ ਖਿਲਾਫ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਗਹਿਣਾ ਰਾਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਬੀਤੀ ਸ਼ਾਮ ਉਹ ਆਪਣੇ ਦੋਸਤ ਰਵੀ ਨੂੰ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਘਰ ਲਿਆਉਣ ਲਈ ਆਪਣੇ ਦੋਸਤਾਂ ਨਾਲ ਇਨੋਵਾ ਕਾਰ ’ਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਇੱਕ ਬੁਲਟ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਉਥੇ ਆਏ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ।

ਸ਼ਿਕਾਇਤਕਰਤਾ ਅਨੁਸਾਰ ਸਲੀਮ ਕੋਲ ਪਿਸਤੌਲ ਸਨ ਅਤੇ ਅਜੈ ਮੋਟਰਸਾਈਕਲ ਚਲਾ ਰਿਹਾ ਸੀ ਤਾਂ ਸਲੀਮ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੇ ਪਿਸਤੌਲ ਨਾਲ ਉਸ ’ਤੇ ਸਿੱਧੇ ਫਾਇਰ ਕੀਤੇ, ਜੋ ਇਕ ਫਾਇਰ ਉਸ ਦੇ ਪੇਟ ਵਿਚ ਅਤੇ ਦੂਸਰਾ ਉਸਦੀ ਲੱਤ ਉਪਰ ਵਾਲੇ ਹਿੱਸੇ ਵਿਚ ਲੱਗਾ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਦਾ ਆਪਸ ਵਿਚ ਪੁਰਾਣਾ ਝਗੜਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਐਸ.ਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਸ਼ਿਕਾਇਤਕਰਤਾ ਲਲਿਤ ਪਾਸੀ ਖ਼ਿਲਾਫ਼ ਪਹਿਲਾਂ ਹੀ ਕਤਲ, ਕਾਤਲਾਨਾ ਹਮਲਾ ਕਰਨ, ਲੜਾਈ-ਝਗੜੇ ਅਤੇ ਮਾਰਕੁੱਟ ਕਰਨ ਆਦਿ ਦੋਸ਼ਾਂ ਤਹਿਤ 8 ਮੁਕੱਦਮੇ ਵੱਖ ਵੱਖ ਥਾਣਿਆਂ ਵਿਚ ਦਰਜ ਹਨ ਅਤੇ ਉਹ ਜੁਲਾਈ 2023 ਤੋਂ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਰਜ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News