ਘਟੀਆ ਖਰੀਦ ਪ੍ਰਬੰਧਾਂ ਖ਼ਿਲਾਫ਼ ਕਿਸਾਨਾਂ ਨੇ ਕੀਤਾ ਰੋਡ ਜਾਮ

04/16/2021 1:26:48 PM

ਫਿਰੋਜ਼ਪੁਰ (ਹਰਚਰਨ, ਬਿੱਟੂ)-ਜਿਥੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਥੇ ਹੀ ਹਾੜ੍ਹੀ ਦੀ ਫਸਲ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਈ ਹੈ। ਮੰਡੀਆਂ ’ਚ ਸਮੇਂ ’ਤੇ ਬਾਰਦਾਨਾ ਨਾ ਆਉਣ ਕਰਕੇ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ । ਪ੍ਰਵਾਸੀ ਮਜ਼ਦੂਰ ਵੀ ਵਿਹਲੇ ਹੋਣ ਕਰਕੇ ਸਰਕਾਰ ਨੂੰ ਨਿੰਦ ਰਹੇ ਹਨ, ਜਿਸ ਨੂੰ ਲੈ ਕੇ ਅੱਜ ਗੁਰਮੀਤ ਸਿੰਘ ਮਹਿਮਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਝੋਕ ਹਰੀਹਰ ਵਿਖੇ ਫੀਡਾ ਡ੍ਰੇਨ ਦੇ ਪੁਲ ’ਤੇ ਰੋਡ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਆਰੇਬਾਜ਼ੀ ਕੀਤੀ ਗਈ ।

PunjabKesari

ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ‘ਆਪ’ ਆਗੂ, ਮਲਕੀਤ ਸਿੰਘ ਭਾਰਤੀ ਕਿਸਾਨ ਯੂਨੀਅਨ, ਹਰਵਿੰਦਰ ਸਿੰਘ ਭੁੱਲਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਮਲਕੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਮਾਨਸਾ, ਜਰਮਲ ਸਿੰਘ ਮਹਿਮਾ, ਗੁਰਵਿੰਦਰ ਸਿੰਘ ਧੀਰਾ ਪੱਤਰਾ, ਲਖਵਿੰਦਰ ਸਿੰਘ ਨੰਬਰਦਾਰ ਧੀਰਾ ਪੱਤਰਾ, ਜਰਨੈਲ ਸਿੰਘ, ਜੋਗਿੰਦਰ ਸਿੰਘ, ਗੁਰਮੁੱਖ ਸਿੰਘ ਹਾਜੀ ਵਾਲਾ, ਹਰਪ੍ਰੀਤ ਆਦਿ ਹਾਜ਼ਰ ਸਨ । ਧਰਨੇ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪ‌ਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਦੇ ਨਾਕਸ ਖਰੀਦ ਪ੍ਰਬੰਧਾਂ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਹਫਤੇ ਤੋਂ ਮੰਡੀਆਂ ’ਚ ਕਣਕ ਵੱਡੀ ਮਾਤਰਾ ’ਚ ਆ ਰਹੀ ਹੈ ਪਰ ਖਰੀਦ ਅਤੇ ਬਾਰਦਾਨਾ ਨਾ ਆਉਣ ਕਰਕੇ ਉਨ੍ਹਾਂ ਨੂੰ ਭਾਰੀ ਮੁਸ਼ਕਿਲ ਦਾ ਸਹਮਣਾ ਕਰਨਾ ਪੈ ਰਿਹਾ ਹੈ।  ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਮੰਡੀਆਂ ਵਿਚ ਸੌਣਾ ਪੈ ਰਿਹਾ ਹੈ । ਕਿਸਾਨਾਂ ਅਤੇ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ’ਚ ਸਮੇਂ ਸਿਰ ਕਣਕ ਦੀ ਖਰੀਦ ਕਰਕੇ ਬਾਰਦਾਨਾ ਮੁਹੱਈਆ ਕਰਵਾਇਆ ਜਾਵੇ।


Anuradha

Content Editor

Related News