ਪੁਰਾਣੇ ਸਿਵਿਲ ਹਸਪਤਾਲ ਦੀ ਬਿਲਡਿੰਗ ਦੀ ਵਰਤੋਂ ਕਰ ਰਹੇ ਤਿੰਨ ਵਿਭਾਗ ਹੋਏ ਬੇਘਰ

07/15/2019 5:43:23 PM

ਜਲਾਲਾਬਾਦ (ਸੇਤੀਆ,ਸੁਮਿਤ)—ਸ਼ਹਿਰ ਦੇ ਪੁਰਾਣੇ ਸਿਵਿਲ ਹਸਪਤਾਲ ਦੀ ਬਿਲਡਿੰਗ ਅੰਦਰ ਕਮਰਿਆਂ ਦੀ ਵਰਤਂੋ ਕਰ ਰਹੇ ਤਿੰਨ ਵਿਭਾਗਾਂ ਨੂੰ ਪੁੱਡਾ ਵਿਭਾਗ ਵਲੋਂ ਜਗ੍ਹਾ ਖਾਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਅਤੇ ਮੁੱਢਲੀ ਕਾਰਵਾਈ 'ਚ ਪੁੱਡਾ ਨੇ 4 ਚਾਰ ਕਮਰਿਆਂ ਤਾਲੇ ਲਗਾ ਕੇ ਉਕਤ ਵਿਭਾਗਾਂ ਨੂੰ ਆਪਣੀ ਜਗ੍ਹਾ ਕਿਤੇ ਹੋਰ ਲੱਭਣ ਲਈ ਅਲਟੀਮੇਟ ਦੇ ਦਿੱਤਾ ਹੈ। ਦੂਜੇ ਪਾਸੇ ਕਮਰਿਆਂ ਨੂੰ ਤਾਲੇ ਲੱਗਣ ਤੋਂ ਬਾਅਦ ਵਿਭਾਗੀ ਕਰਮਚਾਰੀ ਬਰਾਡੇ 'ਚ ਕੰਮ ਕਰਨ ਲਈ ਮਜਬੂਰ ਹਨ।

ਜਾਣਕਾਰੀ ਅਨੁਸਾਰ ਪੁੱਡਾ ਅਧੀਨ ਪੁਰਾਨੇ ਸਿਵਿਲ ਹਸਪਤਾਲ ਦੀ ਬਿਲਡਿੰਗ 'ਚ ਫੂਡ ਸਪਲਾਈ ਵਿਭਾਗ, ਜਲ ਭੂਮੀ ਰੱਖਿਆ ਵਿਭਾਗ ਅਤੇ ਕੋਆਪ੍ਰੇਟਿਵ ਸੁਸਾਇਟੀ ਵਿਭਾਗ ਕੰਮ ਕਰ ਰਿਹਾ ਹੈ ਅਤੇ ਪਿਛਲੇ ਕਰੀਬ 8 ਮਹੀਨਿਆਂ ਤੋਂ ਇਹ ਵਿਭਾਗ ਪੁੱਡਾ ਦੀ ਬਿਲਡਿੰਗ ਵਿੱਚ ਕਮਰਿਆਂ ਦੀ ਵਰਤੋਂ ਕਰਕੇ ਵਿਭਾਗੀ 
ਕੰਮ ਕਾਜ ਕਰ ਰਹੇ ਹਨ। ਦੂਜੇ ਪਾਸੇ ਉਕਤ ਵਿਭਾਗਾਂ ਵਲੋਂ ਬਿਲਡਿੰਗ ਦਾ ਖਾਲੀ ਨਾ ਕੀਤੇ ਜਾਣ ਤੋਂ ਬਾਅਦ ਪੁੱਡਾ ਵਿਭਾਗ ਨੇ ਕਾਰਵਾਈ ਕਰਦੇ ਹੋਏ 4 ਕਮਰਿਆਂ ਨੂੰ ਤਾਲੇ ਲਗਾ ਦਿੱਤੇ ਹਨ ਅਤੇ ਜਲਦ ਹੀ ਭਵਿੱਖ ਵਿੱਚ ਇਨ੍ਹਾਂ ਨੂੰ ਆਪਣੇ ਲਈ ਬਿਲਡਿੰਗ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਫ.ਐੱਸ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਸਰਕਾਰੀ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਪੁੱਡਾ ਦੀ ਬਿਲਡਿੰਗ ਵਰਤੋਂ ਕਰਨ ਲਈ ਆਦੇਸ਼ ਜਾਰੀ ਹੋਏ ਸਨ। ਪੁੱਡਾ ਵਲੋਂ ਵਾਰ-ਵਾਰ ਉਨ੍ਹਾਂ ਨੂੰ ਬਿਲਡਿੰਗ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਸਾਡੇ ਕੋਲ ਬੈਠਣ ਲਈ ਅਜੇ ਨਵੇਂ ਦਫਤਰ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁੱਡਾ ਵਲੋਂ 4 ਕਮਰਿਆਂ ਨੂੰ ਤਾਲੇ ਲਗਾ ਦਿੱਤੇ ਹਨ ਅਤੇ ਇੱਕ ਕਮਰਾ ਵਰਤੋਂ ਲਈ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਲਡਿੰਗ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਜ਼ਿਲਾ ਫੂਡ ਕੰਟ੍ਰੋਲਰ ਨੂੰ ਲਿਖਿਆ ਹੈ।
ਉਧਰ ਇਸ ਸਬੰਧੀ ਪੁੱਡਾ ਦੇ ਐੱਸ.ਡੀ.ਓ. ਸਿਵਿਲ ਸ਼੍ਰੀ ਭਾਰਦਵਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਭਾਗਾਂ ਨੂੰ ਕਈ ਵਾਰ ਬਿਲਡਿੰਗ ਖਾਲੀ ਕਰਨ ਲਈ ਕਹਿ ਚੁੱਕੇ ਹਾਂ ਪਰ ਇਨ੍ਹਾਂ ਵਲੋਂ ਖਾਲੀ ਨਹੀਂ ਕੀਤਾ ਗਿਆ ਜਿਸਦੀ ਕਾਰਵਾਈ ਵਜੋਂ ਉਨ੍ਹਾਂ ਨੇ ਕਮਰਿਆਂ ਨੂੰ ਤਾਲੇ ਲਗਾਏ ਹਨ ਕਿਉਂਕਿ ਇਸ ਬਿਲਡਿੰਗ ਨੂੰ ਢਹਾਉਣ ਲਈ ਵਿਭਾਗ ਨੂੰ ਲਿਖ ਚੁੱਕੇ ਹਾਂ ਅਤੇ ਇਸ ਦੇ ਜਲਦੀ ਹੀ ਟੈਂਡਰ ਹੋਣ ਜਾ ਰਹੇ ਹਨ ਇਸ ਲਈ ਇਨ੍ਹਾਂ ਨੂੰ ਖਾਲੀ ਕਰਵਾਇਆ ਜਾ ਸਕੇ। 

ਭਾਵੇਂ ਪੁੱਡਾ ਵਿਭਾਗ ਵਲੋਂ ਪੁਰਾਣੇ ਸਿਵਿਲ ਹਸਪਤਾਲ ਦੀ ਬਿਲਡਿੰਗ ਖਾਲੀ ਕਰਨ ਲਈ ਕਾਰਵਾਈ ਕਰਦਿਆਂ ਕਮਰਿਆਂ ਨੂੰ ਤਾਲੇ ਲਗਾ ਦਿੱਤੇ ਹਨ ਪਰ ਸ਼ਾਇਦ ਇਨ੍ਹਾਂ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ ਇਸ ਲਈ ਗਰਮੀ 'ਚ ਇਨ੍ਹਾਂ ਵਿਭਾਗਾਂ ਦੇ ਕਰਮਚਾਰੀਆਂ ਨੂੰ ਬਰਾਡੇ ਵਿੱਚ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। 


Shyna

Content Editor

Related News