ਬੰਗਾਲ ਵਿਚ ਭਾਜਪਾਈਆਂ ਦੇ ਕਤਲ ਅਤੇ ਭਾਜਪਾ ਦਫਤਰ ’ਤੇ ਹੋਏ ਹਮਲੇ ਦੇ ਵਿਰੋਧ ’ਚ ਫਿਰੋਜ਼ਪੁਰ ’ਚ ਕੀਤਾ ਗਿਆ ਰੋਸ ਪ੍ਰਦਰਸ਼ਨ

05/05/2021 3:30:54 PM

ਫਿਰੋਜ਼ਪੁਰ (ਕੁਮਾਰ): ਬੰਗਾਲ ਵਿਚ ਪਿਛਲੇ ਕੁਝ ਦਿਨਾਂ ਵਿਚ ਭਾਜਪਾਈਆਂ ਦੇ ਹੋਏ ਕਤਲ ਅਤੇ ਭਾਜਪਾ ਦੇ ਦਫਤਰਾਂ ਵਿਚ ਕੀਤੀ ਗਈ ਤੋੜਭੰਨ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅੱਜ ਸ਼ਹਿਰ ਦੇ ਬਾਬਾ ਨਾਮਦੇਵ ਚੌਂਕ ਵਿਚ ਪੰਜਾਬ ਦੇ ਸਾਬਕਾ ਰਾਜ ਮੰਤਰੀ ਦਰਜਾ ਪ੍ਰਾਪਤ ਭਾਜਪਾ ਆਗੂ ਡੀ.ਪੀ. ਚੰਦਨ, ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ, ਸਾਬਕਾ ਨਗਰ ਕੌਂਸਲ ਪ੍ਰਧਾਨ ਦਵਿੰਦਰ ਕਪੂਰ, ਅਸ਼ਵਨੀ ਗਰੋਵਰ, ਜ਼ਿਲ੍ਹਾ ਮਹਾਂਮੰਤਰੀ ਰਾਜੇਸ਼ ਕਪੂਰ ਅਤੇ ਵਿਜੇ ਅਟਵਾਲ ਆਦਿ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਬੰਗਾਲ ਵਿਚ ਭਾਜਪਾਈਆਂ ਨੂੰ ਕਤਲੇਆਮ ਕਰਨ ਅਤੇ ਭਾਜਪਾ ਦਫਤਰਾਂ ਵਿਚ ਅੱਗ ਲਗਾਉਣ ਦੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਬੰਗਾਲ ਵਿਚ ਗੁੰਡਾਗਰਦੀ ਦੀਆਂ ਸਾਰੀਆਂ ਹੱਦਾ ਲੰਘ ਕੇ ਸ਼ਰੇਆਮ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ ਅਤੇ ਮਮਤਾ ਬੈਨਰਜੀ ਤੇ ਉਨ੍ਹਾਂ ਦੀ ਪਾਰਟੀ ਲਈ ਇਹ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਫਿਰੋਜ਼ਪੁਰ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਨੇ ਦੱਸਿਆ ਕਿ ਬੰਗਾਲ ਵਿਚ ਹੋਈਆਂ ਘਟਨਾਵਾਂ ਦੇ ਵਿਰੋਧ ਵਿਚ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਮੰਡਲਾਂ ਵਿਚ ਭਾਜਪਾ ਵੱਲੋਂ ਗਾਈਡਲਾਈਨ ਦਾ ਧਿਆਨ ਰੱਖਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖੁਦ ਆਪਣੇ ਸਾਥੀਆਂ ਦੇ ਨਾਲ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਵਿਚ ਰੋਸ ਪ੍ਰਦਰਸ਼ਨ ਕੀਤਾ। 


Shyna

Content Editor

Related News