ਦੋਦਾ ਅਤੇ ਗਿੱਦੜਬਾਹਾ ਵਿਚ ਪ੍ਰਾਪਰਟੀ ਡੀਲਰਾਂ ਨੇ ਕੀਤਾ ਪ੍ਰਦਰਸ਼ਨ
Saturday, Oct 19, 2024 - 04:13 PM (IST)
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ (ਪਵਨ ਤਨੇਜਾ, ਕਟਾਰੀਆ, ਖੁਰਾਣਾ) : ਪ੍ਰਾਪਰਟੀ ਡੀਲਰ, ਕਾਲੋਨਾਈਜ਼ਰ ਅਤੇ ਅਰਜ਼ੀ ਨਵੀਸ ਯੂਨੀਅਨ ਦਾ ਸੰਘਰਸ਼ ਸ਼ਨੀਵਾਰ ਨੂੰ 13ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਸੰਘਰਸ਼ ਦੇ ਤਹਿਤ ਅੱਜ ਪ੍ਰਾਪਰਟੀ ਡੀਲਰ ਰੋਸ਼ ਪ੍ਰਦਰਸ਼ਨ ਕਰਦੇ ਹੋਏ ਪਿੰਡ ਦੋਦਾ ਪਹੁੰਚੇ। ਜਿੱਥੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਉਪਰੰਤ ਗਿੱਦੜਬਾਹਾ ਪਹੁੰਚੇ।
ਦੱਸਣਯੋਗ ਹੈ ਕਿ ਕੋਟਕਪੂਰਾ ਰੋਡ ਤੋਂ ਪ੍ਰਾਪਰਟੀ ਡੀਲਰਾਂ ਦਾ ਕਾਫ਼ਲਾ ਗੱਡੀਆਂ ਰਾਹੀਂ ਕਾਲੇ ਝੰਡੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰਵਾਨਾ ਹੋਇਆ ਅਤੇ ਸਰਕਾਰ ਵਿਰੁੱਧ ਨਾਰੇਬਾਜ਼ੀ ਕਰਦੇ ਹੋਏ ਪਿੰਡ-ਪਿੰਡ ਅੱਗੇ ਵਧਿਆ। ਪ੍ਰਧਾਨ ਅਸ਼ੋਕ ਚੁੱਘ ਅਤੇ ਉਪ ਪ੍ਰਧਾਨ ਕਰਮਜੀਤ ਕਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਕਲੇਕਟਰ ਰੇਟ ਵਧਾਏ ਜਾ ਰਹੇ ਹਨ, ਉਹ ਗਲਤ ਹਨ, ਜਿਸਦੀ ਉਨ੍ਹਾਂ ਨੇ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਤਹਿਤ ਅੱਜ ਦੋਦਾ ਅਤੇ ਗਿੱਦੜਬਾਹਾ ਵਿੱਚ ਸਰਕਾਰ ਵਿਰੁੱਧ ਮਟਕਾ ਫੋੜ ਪ੍ਰਦਰਸ਼ਨ ਕਰਦੇ ਹੋਏ ਪਿੱਟ ਸਿਆਪੇ ਕੀਤੇ ਗਏ। ਅਗਲੇ ਸੰਘਰਸ਼ ਤਹਿਤ ਹੁਣ ਪੰਜਾਬ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।