ਮੈਂਬਰ ਪਾਰਲੀਮੈਂਟ ਘੁਬਾਇਆ ਨੂੰ ਸ਼੍ਰੋਅਦ ਨੇ ਮਾਣ ਦਿੱਤਾ ਪਰ ਉਨ੍ਹਾਂ ਹਮੇਸ਼ਾ ਪਾਰਟੀ ਨੂੰ ਕਮਜ਼ੋਰ ਕੀਤਾ : ਗਰਚਾ

Sunday, Nov 11, 2018 - 03:27 PM (IST)

ਮੈਂਬਰ ਪਾਰਲੀਮੈਂਟ ਘੁਬਾਇਆ ਨੂੰ ਸ਼੍ਰੋਅਦ ਨੇ ਮਾਣ ਦਿੱਤਾ ਪਰ ਉਨ੍ਹਾਂ ਹਮੇਸ਼ਾ ਪਾਰਟੀ ਨੂੰ ਕਮਜ਼ੋਰ ਕੀਤਾ : ਗਰਚਾ

ਫਰੀਦਕੋਟ (ਪਵਨ)- ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵੱਲੋਂ ਇਕ ਨਿੱਜੀ ਟੀ. ਵੀ. ਚੈਨਲ ’ਤੇ ਇੰਟਰਵਿਊ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਲਾਏ ਗਏ ਦੋਸ਼ਾਂ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਘੁਬਾਇਆ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ-ਵੱਡੇ ਰੁਤਬੇ ਦੇ ਕੇ ਉੱਚੇ ਮੁਕਾਮ ਉੱਪਰ ਪਹੁੰਚਾਇਆ ਪਰ ਉਹ ਹਮੇਸ਼ਾ ਹੀ ਪਾਰਟੀ ਨੂੰ ਕਮਜ਼ੋਰ ਕਰਦੇ ਰਹੇ ਹਨ। ਅੱਜ ਜਦੋਂ ਪਾਰਟੀ ਨੂੰ ਲੋਡ਼ ਹੈ ਤਾਂ ਉਹ ਵਿਰੋਧੀ ਪਾਰਟੀਆਂ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਬਣੇ ਹੋਏ ਹਨ। ਸੁਖਵਿੰਦਰਪਾਲ ਗਰਚਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਨੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ਲਗਾਤਾਰ ਦੋ ਵਾਰੀ ਸੱਤਾ ’ਚ ਆਉਣਾ ਦਾ ਸਿਹਰਾ ਵੀ ਸੁਖਬੀਰ ਬਾਦਲ ਨੂੰ ਹੀ ਜਾਂਦਾ ਹੈ। ਹਾਰਾਂ-ਜਿੱਤਾਂ ਤਾਂ ਹੁੰਦੀਅਾਂ ਹੀ ਰਹਿੰਦੀਆਂ ਹਨ ਪਰ ਜਿਹਡ਼ੇ ਆਗੂ ਪਾਰਟੀ ਤੋਂ ਤਾਕਤ ਲੈ ਕੇ ਸਮਾਂ ਆਉਣ ’ਤੇ ਉਸ ਨੂੰ ਕਮਜ਼ੋਰ ਕਰਦੇ ਹਨ, ਦੇ ਖਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘੁਬਾਇਆ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਅੱਜ ਹੀ ਆਪਣੀ ਮਕਬੂਲੀਅਤ ਵੇਖ ਲੈਣੀ ਚਾਹੀਦੀ ਹੈ। ਸ. ਗਰਚਾ ਨੇ ਕਿਹਾ ਕਿ 2017 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਜਿਹੇ ਆਗੂਆਂ ਕਰ ਕੇ ਹੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਨ੍ਹਾਂ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਘੁਬਾਇਆ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ।


Related News