ਪੁਲਸ ਨੇ ਗਿੱਦੜਬਾਹਾ ਵਿਖੇ ਹੋਈ ਕਾਰ ਦੀ ਖੋਹ ਨੂੰ ਟਰੇਸ ਕਰ ਕੇ ਇਕ ਨੂੰ ਕੀਤਾ ਕਾਬੂ

Tuesday, Mar 26, 2024 - 04:50 PM (IST)

ਪੁਲਸ ਨੇ ਗਿੱਦੜਬਾਹਾ ਵਿਖੇ ਹੋਈ ਕਾਰ ਦੀ ਖੋਹ ਨੂੰ ਟਰੇਸ ਕਰ ਕੇ ਇਕ ਨੂੰ ਕੀਤਾ ਕਾਬੂ

ਗਿੱਦੜਬਾਹਾ (ਕਟਾਰੀਆ) : ਡੀ. ਜੀ. ਪੀ. ਗੋਰਵ ਯਾਦਵ ਦੀਆਂ ਹਦਾਇਤਾਂ ਤਹਿਤ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਕੰਵਲਪ੍ਰੀਤ ਸਿੰਘ ਚਾਹਲ ਐੱਸ. ਪੀ. (ਐੱਚ.) ਅਤੇ ਜਸਬੀਰ ਸਿੰਘ ਪੰਨੂ ਡੀ. ਐੱਸ. ਪੀ. (ਗਿੱਦੜਬਾਹਾ) ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸ੍ਰੀ ਮੁਕਤਸਰ ਸਾਹਿਬ, ਐੱਸ. ਆਈ. ਕੁਲਬੀਰ ਚੰਦ ਸੀ. ਆਈ. ਏ. ਮਲੋਟ, ਸਪੈਸ਼ਲ ਸਟਾਫ ਗਿੱਦੜਬਾਹਾ ਤੇ ਪੁਲਸ ਪਾਰਟੀ ਵੱਲੋਂ ਬੀਤੇ ਦਿਨੀਂ ਗਿੱਦੜਬਾਹਾ ਤੋਂ ਬਰੀਜ਼ਾ ਗੱਡੀ ਖੋਹ ਕਰਨ ਵਾਲੇ ਮੁਲਜ਼ਮਾਂ ਨੂੰ ਟਰੇਸ ਕਰ ਕੇ ਇਕ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ।

ਇਸ ਮੌਕੇ ਗਿੱਦੜਬਾਹਾ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਐੱਚ.) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 23.03.2024 ਨੂੰ ਗੁਰਪ੍ਰੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਬਹਾਦਰਗੜ੍ਹ ਜੰਡੀਆ ਜ਼ਿਲ੍ਹਾ ਬਠਿੰਡਾ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਉਹ ਆਪਣੀ ਕਾਰ ’ਤੇ ਸਵਾਰ ਹੋ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ, ਜਦੋਂ ਉਹ ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਨਜ਼ਦੀਕ ਪੁੱਜਾ ਤਾਂ ਪਿਸ਼ਾਬ ਕਰਨ ਲਈ ਸੜਕ ਦੀ ਸਾਈਡ ’ਤੇ ਰੋਕ ਕੇ ਗੱਡੀ ’ਚੋਂ ਉਤਰ ਰਿਹਾ ਸੀ ਤਾਂ ਉਸੇ ਟਾਈਮ 2 ਨੌਜਵਾਨ ਲੜਕੇ ਉਸ ਕੋਲ ਆ ਗਏ ਅਤੇ ਜਿਸ ’ਚੋਂ ਇਕ ਵਿਅਕਤੀ ਵੱਲੋਂ ਉਸ ਦੀ ਬਾਂਹ ਪਕੜ ਕੇ ਬਾਹਰ ਖਿੱਚ ਲਿਆ ਅਤੇ ਕੁੱਟ-ਮਾਰ ਕਰਨ ਲੱਗ ਪਿਆ ਅਤੇ ਦੂਜਾ ਵਿਅਕਤੀ ਕਾਰ ਦੀ ਡਰਾਈਵਰ ਸੀਟ ’ਤੇ ਬੈਠ ਗਿਆ ਤੇ ਕਾਰ ਦੀ ਚਾਬੀ ’ਚ ਹੀ ਲੱਗੀ ਹੋਣ ਕਰ ਕੇ ਉਸ ਨੇ ਜਲਦੀ ਨਾਲ ਕਾਰ ਸਟਾਰਟ ਕਰ ਲਈ, ਉਸ ਨੂੰ ਥੱਲੇ ਸੁੱਟ ਕੇ ਜ਼ਬਰਦਸਤੀ ਕਾਰ ਖੋਹ ਕੇ ਭਜਾ ਕੇ ਲੈ ਗਏ।

ਉਕਤ ਨੇ ਦੱਸਿਆ ਕਿ ਕਾਰ ’ਚ ਮੁੱਦਈ ਦਾ ਮੋਬਾਈਲ, ਜਿਸ ’ਚ 2 ਸਿਮ ਚੱਲਦੇ ਸਨ ਅਤੇ ਬਾਕੀ ਪਰਸ, ਜਿਸ ’ਚ ਕਾਰ ਦੀ ਆਰ. ਸੀ., ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਤੇ ਕਰੀਬ 600 ਰੁਪਏ ਸਨ। ਇਸ ਤੋਂ ਇਲਾਵਾ ਮੁੱਦਈ ਦੇ ਬੈਂਕਾਂ ਦੇ ਖਾਤਿਆਂ ਦੀਆਂ 2 ਚੈੱਕ ਬੁੱਕਾਂ ਵੀ ਸਨ। ਜੋ ਕਾਰ ’ਚ ਹੀ ਚਲੀਆਂ ਗਈਆਂ ਹਨ, ਜਿਸ ਦੇ ਬਿਆਨਾਂ ’ਤੇ ਪੁਲਸ ਵੱਲੋਂ ਮੁਕੱਦਮਾ ਥਾਣਾ ਗਿੱਦੜਬਾਹਾ ਵਿਖੇ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਅਤੇ ਆਧੁਨਿਕ ਢੰਗ ਤਰੀਕਿਆਂ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ।

ਐੱਸ. ਪੀ. ਐੱਚ. ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਸਮਾਘ ਹਾਲ ਸਿੱਖ ਮਹੱਲਾ ਵਾਰਡ ਨੰਬਰ 7 ਗਿੱਦੜਬਾਹਾ, ਜਿਸ ਨੇ ਆਪਣੇ ਦੋਸਤ ਨਾਲ ਮਿਲ ਕੇ ਬਰੀਜ਼ਾ ਕਾਰ ਦੀ ਖੋਹ ਕੀਤੀ ਹੈ, ਜਿਸ ’ਤੇ ਸੰਜੇ ਕੁਮਾਰ ਉਕਤ ਅਤੇ ਸੰਜੇ ਕੁਮਾਰ ਦੀ ਮਾਤਾ ਰਾਜ ਰਾਣੀ ਪਤਨੀ ਮੋਹਨ ਲਾਲ ਵਾਸੀ ਸਮਾਘ ਹਾਲ ਸਿੱਖ ਮਹੱਲਾ ਵਾਰਡ ਨੰਬਰ 7 ਗਿੱਦੜਬਾਹਾ ਨੂੰ ਮੁਕੱਦਮਾ ਉਕਤ ’ਚ ਨਾਮਜ਼ਦ ਕਰ ਕੇ ਅਧੀਨ ਧਾਰਾ ਆਈ. ਪੀ. ਸੀ. 120 ਬੀ ਦਾ ਵਾਧਾ ਜੁਰਮ ਕੀਤਾ ਗਿਆ, ਜਿਸ ’ਤੇ ਪੁਲਸ ਵੱਲੋਂ ਸੰਜੇ ਕੁਮਾਰ ਉਕਤ ਦੀ ਮਾਤਾ ਰਾਜ ਰਾਣੀ ਨੂੰ ਮੁਕੱਦਮਾ ਉਕਤ ’ਚ ਗ੍ਰਿਫਤਾਰ ਕੀਤਾ ਗਿਆ, ਜਿਸ ’ਤੇ ਮੁਢੱਲੀ ਪੁੱਛਗਿੱਛ ’ਤੇ ਰਾਜ ਰਾਣੀ ਪਤਨੀ ਮੋਹਨ ਲਾਲ ਨੇ ਦੱਸਿਆ ਕਿ ਖੋਹ ਕੀਤੀ ਬਰੀਜ਼ਾ ਕਾਰ ਪਿੰਡ ਲੁੰਡੇ ਵਾਲਾ ਵਿਖੇ ਆਪਣੀ ਲੜਕੀ ਘਰੇ ਖੜ੍ਹੀ ਕੀਤੀ ਹੈ, ਜਿਸ ’ਤੇ ਪੁਲਸ ਵੱਲੋਂ ਖੋਹੀ ਹੋਈ ਗੱਡੀ ਨੂੰ ਬਰਾਮਦ ਕਰਵਾਇਆ ਗਿਆ, ਜਿਸ ’ਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ’ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Gurminder Singh

Content Editor

Related News