ਉਦਾਸ ਚਿਹਰਾ ਤੇ ਅੱਖਾਂ ''ਚ ਹੰਝੂ ਲੈ ਸੜਕਾਂ ''ਤੇ ਉਤਰੇ ਜ਼ੁਬਿਨ ਗਰਗ ਦੇ ਪ੍ਰਸ਼ੰਸਕ, ਦੁਕਾਨਾਂ ਵੀ ਰਹੀਆਂ ਬੰਦ
Saturday, Sep 20, 2025 - 06:13 PM (IST)

ਐਂਟਰਟੇਨਮੈਂਟ ਡੈਸਕ- ਇਮਰਾਨ ਹਾਸ਼ਮੀ ਦੀ ਫਿਲਮ "ਗੈਂਗਸਟਰ" ਦੇ ਫੇਮਸ ਗਾਣੇ "ਯਾ ਅਲੀ" ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਜ਼ੁਬਿਨ ਗਰਗ ਹੁਣ ਸਾਡੇ ਵਿੱਚ ਨਹੀਂ ਰਹੇ। ਜਾਣਕਾਰੀ ਮੁਤਾਬਕ ਜ਼ੁਬਿਨ ਗਰਗ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸਦੇ ਚੱਲਦੇ ਉਨ੍ਹਾਂ ਦੀ ਮੌਤ ਹੋ ਗਈ ਸੀ। ਜ਼ੁਬਿਨ ਗਰਗ ਦੇ ਅਚਾਨਕ ਦੇਹਾਂਤ ਤੋਂ ਹਰ ਕੋਈ ਦੁਖੀ ਹੈ। ਗਾਇਕ ਦੇ ਪ੍ਰਸ਼ੰਸਕਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਅਸਾਮ ਵਿੱਚ ਪ੍ਰਸ਼ੰਸਕ ਸੜਕਾਂ 'ਤੇ ਉਤਰ ਆਏ, ਜ਼ੁਬਿਨ ਦੇ ਨਾਮ 'ਤੇ ਨਾਅਰੇਬਾਜ਼ੀ ਕੀਤੀ ਅਤੇ ਰੌਣ ਲੱਗੇ। ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਅਤੇ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ। ਬਿਸ਼ਵਨਾਥ ਵਿੱਚ, ਆਲ ਅਸਾਮ ਸਟੂਡੈਂਟਸ ਯੂਨੀਅਨ (ਏਏਐਸਯੂ) ਨੇ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ਾਲ ਜਲੂਸ ਦਾ ਆਯੋਜਨ ਕੀਤਾ, ਜਿਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ।
ਬਹੁਤ ਸਾਰੇ ਪ੍ਰਸ਼ੰਸਕ ਜ਼ੁਬਿਨ ਗਰਗ ਨੂੰ ਯਾਦ ਕਰਦੇ ਹੋਏ ਰੋ ਪਏ, "ਜੁਬਿਨ ਦਾ ਅਮਰ ਰਹੇ," "ਜੋਏ ਜੁਬਿਨ ਦਾ" ਵਰਗੇ ਨਾਅਰੇ ਲਗਾਉਂਦੇ ਦਿਖੇ।
ਜ਼ੁਬਿਨ ਗਰਗ ਦੇ ਸਨਮਾਨ ਵਿੱਚ ਸ਼ਹਿਰ ਭਰ ਦੀਆਂ ਦੁਕਾਨਾਂ ਪੂਰੇ ਦਿਨ ਬੰਦ ਰਹੀਆਂ। ਗੋਲਾਘਾਟ ਵਿੱਚ ਵੀ ਸੋਗ ਕਰਨ ਵਾਲਿਆਂ ਦੀ ਭੀੜ ਇਕੱਠੀ ਹੋ ਗਈ, ਜਿੱਥੇ ਲੋਕ ਸਵਰਗੀ ਜ਼ੁਬਿਨ ਗਰਗ ਨੂੰ ਯਾਦ ਕਰਦੇ ਹੋਏ ਪੋਸਟਰ ਫੜ ਕੇ ਗਲੀਆਂ ਵਿੱਚ ਰੋ ਰਹੇ ਸਨ। ਜ਼ੁਬਿਨ ਗਰਗ ਦੀ ਦੇਹ 20 ਸਤੰਬਰ ਨੂੰ ਅਸਾਮ ਲਿਆਂਦੀ ਜਾਵੇਗੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਜ਼ੁਬਿਨ ਗਰਗ ਦੀ ਦੇਹ ਨੂੰ ਸ਼ਨੀਵਾਰ ਸ਼ਾਮ ਤੱਕ ਨਵੀਂ ਦਿੱਲੀ ਅਤੇ ਫਿਰ ਉਸੇ ਰਾਤ ਗੁਹਾਟੀ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ, ਜ਼ੁਬਿਨ ਗਰਗ ਦੀ ਦੇਹ ਨੂੰ ਇੱਕ ਦਿਨ ਲਈ ਸਰੂਸਜਾਈ ਵਿੱਚ ਰੱਖਿਆ ਜਾਵੇਗਾ ਤਾਂ ਜੋ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ।