ਕਿਸਾਨਾਂ ਦੇ ‘ਟਰੈਕਟਰ ਮਾਰਚ’ 'ਤੇ ਯੋਗਰਾਜ ਸਿੰਘ ਦਾ ਵੱਡਾ ਬਿਆਨ, ਸਰਕਾਰ ਨੂੰ ਆਖੀਆਂ ਇਹ ਗੱਲਾਂ
Sunday, Jan 24, 2021 - 01:38 PM (IST)
ਚੰਡੀਗੜ੍ਹ (ਬਿਊਰੋ) — ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਲਗਭਗ ਪਿਛਲੇ 2 ਮਹੀਨਿਆਂ ਤੋਂ ਡਟੇ ਹੋਏ ਹਨ। ਪੰਜਾਬੀ ਕਲਾਕਾਰ ਇਸ ਅੰਦੋਲਨ ’ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਕਲਾਕਾਰ ਵਾਰੋ-ਵਾਰੀ ਦਿੱਲੀ ਮੋਰਚੇ ’ਚ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਕੁਝ ਕਲਾਕਾਰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਆਪਣੇ ਗੀਤਾਂ ਰਾਹੀਂ ਕਿਸਾਨਾਂ ਦੇ ਜਜ਼ਬੇ ਤੇ ਹੌਂਸਲੇ ਨੂੰ ਬੁਲੰਦ ਕਰ ਰਹੇ ਹਨ। ਉਥੇ ਹੀ ਹੁਣ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣਗੇ। ਇਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ’ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਸਰਹੱਦਾਂ ਵਲੋਂ ਕੂਚ ਕਰ ਚੁੱਕੇ ਹਨ।
ਉਥੇ ਹੀ ਯੋਗਰਾਜ ਨੇ ਵੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਦੇ ਚਲਦਿਆਂ ਸੈਂਕੜੇ ਕਿਸਾਨਾਂ ਨਾਲ ਟਰੈਕਟਰ ਮਾਰਚ ਦੀ ਰਿਹਰਸਲ ਕੀਤੀ। ਇਸ ਦੌਰਾਨ ਯੋਗਰਾਜ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ‘26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਪਿੰਡ-ਪਿੰਡ ’ਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਰਿਹਰਸਲ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦੇ ਬਣਦੇ ਹੱਕ ਦੇ ਦੇਣੇ ਚਾਹੀਦੇ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਜਦੋਂ ਤੱਕ ਖੇਤੀ ਕਾਨੂੰਨਾਂ ਰੱਦ ਨਹੀਂ ਕੀਤੇ ਜਾਂਦੇ, ਉਦੋ ਤੱਕ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇਹ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ, ਇਹ ਕਿਸਾਨ ਅੰਦੋਲਨ ਦਾ ਹੀ ਇਕ ਹਿੱਸਾ ਹੈ। ਟਰੈਕਟਰ ਮਾਰਚ ਪਿਆਰ ਦਾ ਪ੍ਰਤੀਕ ਹੈ। ਟਰੈਕਟਰ ਮਾਰਚ ਦਾ ਮਤਲਬ ਹੈ ਅਸੀਂ ਇਕੱਠੇ ਹਾਂ ਅਤੇ ਸਰਕਾਰ ਸਾਡੇ ਹੱਕ ਸਾਨੂੰ ਦੇ ਦੇਣੇ ਚਾਹੀਦੇ ਹਨ।’
ਦੱਸਣਯੋਗ ਹੈ ਕਿ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਦਿੱਲੀ ਪੁਲਸ ਨੇ ਕਿਸਾਨ ਟਰੈਕਟਰ ਮਾਰਚ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਦਿੱਲੀ ਪੁਲਸ ਵਲੋਂ ਅਧਿਕਾਰਤ ਰੂਪ ਨਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦਿੱਲੀ ਪੁਲਸ ਦੇ ਏ.ਪੀ.ਆਰ.ਓ. ਅਨਿਲ ਮਿੱਤਲ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਸਾਡੀ ਆਖ਼ਰੀ ਗੇੜ ਦੀ ਗੱਲ਼ਬਾਤ ਜਾਰੀ ਹੈ। ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 28 ਨਵੰਬਰ ਤੋਂ ਯਾਨੀ 60 ਦਿਨਾਂ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਟਰੈਕਟਰ ਮਾਰਚ 'ਚ 2 ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ 5 ਰੂਟ ਹੋ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰਾਜਪਥ 'ਤੇ ਗਣਤੰਤਰ ਦਿਵਸ ਸਮਾਰੋਹ ਖ਼ਤਮ ਹੋਣ 'ਤੇ ਦਿਨ ਦੇ 12 ਵਜੇ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ।