‘ਆਦਿਪੁਰਸ਼’ ’ਚ ਹਨੂੰਮਾਨ ਦੇ ਅਜਿਹੇ ਡਾਇਲਾਗ ਜਾਣਬੁਝ ਕੇ ਲਿਖੇ ਗਏ, ਵਿਵਾਦ ’ਤੇ ਲੇਖਕ ਮਨੋਜ ਮੁੰਤਸ਼ੀਰ ਦਾ ਬਿਆਨ

06/17/2023 3:55:08 PM

ਮੁੰਬਈ (ਬਿਊਰੋ)– ਸੁਪਰਸਟਾਰ ਪ੍ਰਭਾਸ, ਅਦਾਕਾਰਾ ਕ੍ਰਿਤੀ ਸੈਨਨ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ‘ਆਦਿਪੁਰਸ਼’ ਸ਼ੁੱਕਰਵਾਰ 16 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ ਪਰ ਇਸ ਫ਼ਿਲਮ ਦੇ ਕਿਰਦਾਰਾਂ ਦੇ ਡਾਇਲਾਗ ਪ੍ਰਸ਼ੰਸਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਏ, ਜਿਸ ਕਾਰਨ ਸੋਸ਼ਲ ਮੀਡੀਆ ’ਤੇ ਯੂਜ਼ਰਸ ਨੇ ਮੇਕਰਜ਼ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਹ ਫ਼ਿਲਮ ਰਿਲੀਜ਼ ਹੁੰਦੇ ਹੀ ਵਿਵਾਦਾਂ ’ਚ ਘਿਰ ਗਈ ਸੀ। ‘ਆਦਿਪੁਰਸ਼’ ’ਚ ਭਗਵਾਨ ਹਨੂੰਮਾਨ ਦੇ ਸੰਵਾਦ ਨੂੰ ਲੈ ਕੇ ਹੰਗਾਮਾ ਹੋਇਆ ਹੈ, ਜਿਸ ’ਤੇ ਹੁਣ ਸੰਵਾਦ ਲੇਖਕ ਮਨੋਜ ਮੁੰਤਸ਼ੀਰ ਨੇ ਸਪੱਸ਼ਟੀਕਰਨ ਦਿੱਤਾ ਹੈ।

ਅਸਲ ’ਚ ‘ਆਦਿਪੁਰਸ਼’ ’ਚ ‘ਹਨੂੰਮਾਨ’ ਦੇ ਡਾਇਲਾਗ ’ਤੇ ਹੋਏ ਵਿਵਾਦ ’ਤੇ ਪ੍ਰਤੀਕਿਰਿਆ ਦਿੰਦਿਆਂ ਮਨੋਜ ਮੁੰਤਸ਼ੀਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਜਿਹੇ ਡਾਇਲਾਗ ਕਿਉਂ ਲਿਖੇ? ਮਨੋਜ ਮੁੰਤਸ਼ੀਰ ਦਾ ਕਹਿਣਾ ਹੈ ਕਿ ਜਿਸ ਸੰਵਾਦ ਨੂੰ ਲੈ ਕੇ ਰੌਲਾ-ਰੱਪਾ ਹੈ, ਉਸ ਨੂੰ ਜਾਣਬੁਝ ਕੇ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਅੱਜ ਦੇ ਲੋਕ ਇਸ ਨਾਲ ਜੁੜ ਸਕਣ।

ਇਹ ਖ਼ਬਰ ਵੀ ਪੜ੍ਹੋ : ਨੇਹਾ ਕੱਕੜ ਨੇ ਤਲਾਕ ਦੀਆਂ ਖ਼ਬਰਾਂ ’ਤੇ ਲਾਈ ਰੋਕ, ਪਤੀ ਰੋਹਨਪ੍ਰੀਤ ਨਾਲ ਸਾਂਝੀ ਕੀਤੀ ਤਸਵੀਰ

ਮਨੋਜ ਨੇ ਇਕ ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਸਿਰਫ ਹਨੂੰਮਾਨ ਜੀ ਦੀ ਹੀ ਗੱਲ ਕਿਉਂ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਗੱਲ ਹੋਣੀ ਚਾਹੀਦੀ ਹੈ ਤਾਂ ਭਗਵਾਨ ਸ਼੍ਰੀ ਰਾਮ ਦੇ ਸੰਵਾਦਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ। ਸਾਡੇ ਕੋਲ ਮਾਤਾ ਸੀਤਾ ਦੇ ਸੰਵਾਦ ਹਨ, ਜਿਥੇ ਉਹ ਅਸ਼ੋਕ ਵਾਟਿਕਾ ’ਚ ਬੈਠੇ ਰਾਵਣ ਨੂੰ ਚੁਣੌਤੀ ਦਿੰਦੀ ਹੈ ਕਿ ਰਾਵਣ ਤੇਰੀ ਲੰਕਾ ’ਚ ਇੰਨਾ ਸੋਨਾ ਨਹੀਂ ਹੈ ਕਿ ਉਹ ਜਾਨਕੀ ਦਾ ਪਿਆਰ ਖਰੀਦ ਸਕੇ। ਇਸ ਬਾਰੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ।

ਮਨੋਜ ਮੁੰਤਸ਼ੀਰ ਨੇ ਕਿਹਾ ਕਿ ਇਹ ਡਾਇਲਾਗ ਜਾਣਬੁਝ ਕੇ ਲਿਖੇ ਗਏ ਹਨ। ਇਸ ’ਚ ਕੋਈ ਗਲਤੀ ਨਹੀਂ ਹੈ। ਬਜਰੰਗ ਬਲੀ ਦੇ ਡਾਇਲਾਗ ਇਕ ਪ੍ਰਕਿਰਿਆ ’ਚੋਂ ਲੰਘੇ ਹਨ, ਅਸੀਂ ਉਨ੍ਹਾਂ ਨੂੰ ਬਹੁਤ ਸਰਲ ਰੱਖਿਆ ਹੈ। ਇਕ ਫ਼ਿਲਮ ’ਚ ਕਈ ਕਿਰਦਾਰ ਹੁੰਦੇ ਹਨ ਤੇ ਹਰ ਕੋਈ ਇਕੋ ਭਾਸ਼ਾ ਨਹੀਂ ਬੋਲ ਸਕਦਾ, ਇਸ ਲਈ ਕੁਝ ਵੱਖਰਾ ਹੋਣਾ ਚਾਹੀਦਾ ਹੈ, ਇਸ ਲਈ ਇਸ ਨੂੰ ਇਸ ਤਰ੍ਹਾਂ ਲਿਖਿਆ ਗਿਆ।

ਮਨੋਜ ਮੁੰਤਸ਼ੀਰ ਨੇ ਸਪੱਸ਼ਟੀਕਰਨ ਪੇਸ਼ ਕਰਦਿਆਂ ਕਿਹਾ ਕਿ ਅਸੀਂ ‘ਰਾਮਾਇਣ’ ਨੂੰ ਕਿਵੇਂ ਜਾਣਦੇ ਹਾਂ? ਸਾਡੇ ਕੋਲ ਕਹਾਣੀ ਸੁਣਾਉਣ ਦੀ ਪ੍ਰੰਪਰਾ ਵੀ ਹੈ। ‘ਰਾਮਾਇਣ’ ਇਕ ਅਜਿਹੀ ਪੁਸਤਕ ਹੈ, ਜਿਸ ਨੂੰ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ। ਇਕ ਨਿਰੰਤਰ ਪਾਠ ਹੁੰਦਾ ਹੈ, ਕਹਾਣੀਕਾਰ ਹਨ, ਮੈਂ ਇਕ ਛੋਟੇ ਜਿਹੇ ਪਿੰਡ ਤੋਂ ਆਇਆ ਹਾਂ, ਜਦੋਂ ਸਾਡੀ ਦਾਦੀ ਕਹਾਣੀ ਸੁਣਾਉਂਦੀ ਸੀ, ਉਹ ਉਸੇ ਭਾਸ਼ਾ ’ਚ ਸੁਣਾਉਂਦੀ ਸੀ। ਇਹ ਸੰਵਾਦ, ਜਿਸ ਦਾ ਜ਼ਿਕਰ ਕੀਤਾ ਗਿਆ ਸੀ, ਇਸ ਦੇਸ਼ ਦੇ ਮਹਾਨ ਸੰਤ, ਇਸ ਦੇਸ਼ ਦੇ ਮਹਾਨ ਕਥਾਵਾਚਕ ਬੋਲਦੇ ਹਨ, ਜਿਵੇਂ ਮੈਂ ਲਿਖਿਆ ਹੈ। ਮੈਂ ਕੋਈ ਪਹਿਲਾ ਵਿਅਕਤੀ ਨਹੀਂ ਜਿਸ ਨੇ ਅਜਿਹੇ ਸੰਵਾਦ ਲਿਖੇ ਹਨ। ਇਹ ਪਹਿਲਾਂ ਹੀ ਮੌਜੂਦ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News