ਰਣਜੀਤ ਬਾਵਾ ਤੇ ਕੰਵਰ ਦੇ ਘਰਾਂ ''ਚ ਕਿਤੇ ਇਸ ਕਰਕੇ ਤਾਂ ਨਹੀਂ ਮਾਰੇ IT ਤੇ NIA ਨੇ ਛਾਪੇ? ਜੋ ਬਣਿਆ ਚਰਚਾ ਦਾ ਵਿਸ਼ਾ

12/20/2022 10:22:53 AM

ਜਲੰਧਰ (ਬਿਊਰੋ) : ਬੀਤੇ ਦਿਨੀਂ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਵਿਭਾਗ (ਆਈਟੀ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਇੰਨਾਂ ਹੀ ਨਹੀਂ ਦੇਰ ਰਾਤ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਬੀਤੀ ਸ਼ਾਮ ਪਿੰਡ ਵਡਾਲਾ ਗ੍ਰੰਥੀਆਂ ਲਈ ਰਵਾਨਾ ਹੋਈਆਂ ਸਨ। ਇਥੇ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦਾ ਘਰ ਹੈ। ਮੈਨੇਜਰ ਦੇ ਘਰ ਤੋਂ ਦੇਰ ਰਾਤ ਤਕਰੀਬਨ 11: 30 ਵਜੇ ਰੇਡ ਕਰਨ ਵਾਲੇ ਅਧਿਕਾਰੀਆਂ ਨੇ ਕਈ ਦਸਤਾਵੇਜ਼ਾਂ ਦੇ ਭਰੇ ਬੈਗ ਲੈ ਕੇ ਰਵਾਨਾ ਹੋ ਗਏ। ਇਸ ਦੌਰਾਨ ਕਿਸੇ ਵੀ ਅਧਿਕਾਰੀ ਤੇ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਵੱਲੋਂ ਕੋਈ ਜਾਣਕਾਰੀ ਜਾਂ ਖ਼ੁਲਾਸਾ ਨਹੀਂ ਕੀਤਾ ਗਿਆ। 

ਕਿਉਂ ਮਾਰੇ ਰਣਜੀਤ ਬਾਵਾ ਤੇ ਕੰਵਰ ਗਰੇਵਾਲ ਦੇ ਘਰ ਛਾਪੇ
ਦੱਸ ਦਈਏ ਕਿ ਹੈ ਕਿ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਇਕੋ ਸਮੇਂ ਰਣਜੀਤ ਬਾਵਾ ਦੇ 4 ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਬਾਵਾ ਦੇ ਘਰ ਇੰਝ ਅਚਾਨਕ ਛਾਪੇਮਾਰੀ ਕਰਨਾ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਰਣਜੀਤ ਬਾਵਾ ਤੇ ਕੰਵਰ ਗਰੇਵਾਲ ਨੇ ਕਿਸਾਨ ਅੰਦੋਲਨ ਦੌਰਾਨ ਹਾਕਮਾਂ ਖ਼ਿਲਾਫ਼ ਡਟ ਕੇ ਸਟੈਂਡ ਲਿਆ ਸੀ। ਇਨ੍ਹਾਂ ਦੇ ਗੀਤਾਂ ਨੇ ਕਿਸਾਨ ਅੰਦੋਲਨ ਨੂੰ ਕਾਫ਼ੀ ਹੁਲਾਰਾ ਦਿੱਤਾ ਸੀ। ਹੁਣ ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਗਾਇਕਾਂ ਵੱਲੋਂ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣ ਕਰਕੇ ਹੀ ਛਾਪੇ ਮਰਵਾਏ ਜਾ ਰਹੇ ਹਨ। 

ਬੀਤੇ ਦਿਨੀਂ ਸੋਮਵਾਰ ਨੂੰ ਮੋਹਾਲੀ 'ਚ ਰਹਿੰਦੇ ਗਾਇਕ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਦੇ ਘਰਾਂ 'ਤੇ ਛਾਪੇ ਮਾਰੇ ਗਏ ਸਨ। ਕੇਂਦਰੀ ਟੀਮ ਨੇ ਕੰਵਰ ਗਰੇਵਾਲ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿਚਲੇ ਘਰ 'ਤੇ ਵੀ ਛਾਪਾ ਮਾਰਿਆ ਸੀ। ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕੰਵਰ ਗਰੇਵਾਲ ਦੇ ਮੋਹਾਲੀ ਦੇ ਸੈਕਟਰ-104 ਵਿਚਲੇ ਤਾਜ ਟਾਵਰ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਮੋਹਾਲੀ ਪੁਲਸ ਸਣੇ ਸੀ. ਆਰ. ਪੀ. ਐੱਫ. ਦੇ ਜਵਾਨ ਵੀ ਤਾਇਨਾਤ ਰਹੇ ਸਨ। ਅਧਿਕਾਰੀਆਂ ਨੇ ਕੰਵਰ ਗਰੇਵਾਲ ਤੋਂ ਪੁੱਛ-ਪੜਤਾਲ ਵੀ ਕੀਤੀ। ਦੂਜੇ ਪਾਸੇ ਆਮਦਨ ਕਰ ਵਿਭਾਗ ਦੀ ਟੀਮ ਨੇ ਕੰਵਰ ਗਰੇਵਾਲ ਦੇ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਚਲੇ ਘਰ 'ਚ ਛਾਪਾ ਮਾਰਿਆ ਸੀ। ਸਵੇਰੇ 8.30 ਵਜੇ ਪਿੰਡ ਮਹਿਮਾ ਸਵਾਈ ਪਹੁੰਚੀ ਕੇਂਦਰੀ ਟੀਮ ਨਾਲ ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਵੀ ਸਨ। ਇਸੇ ਤਰ੍ਹਾਂ ਕੇਂਦਰੀ ਟੀਮ ਨੇ ਇੱਥੋਂ ਦੇ ਸੈਕਟਰ-69 'ਚ ਰਹਿੰਦੇ ਰਣਜੀਤ ਬਾਵਾ ਦੇ ਘਰ ਦੀ ਛਾਣਬੀਣ ਕੀਤੀ ਗਈ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਰਣਜੀਤ ਬਾਵਾ ਦੇ ਬਟਾਲਾ ਦੇ ਪਿੰਡ ਵਡਾਰਾ ਗ੍ਰੰਥੀਆਂ ਵਿਚਲੇ ਜੱਦੀ ਘਰ, ਗ੍ਰੇਟਰ ਕੈਲਾਸ਼ ਸਥਿਤ ਕੋਠੀ ਤੇ ਉਸ ਦੇ ਮੈਨੇਜਰ ਡਿਪਟੀ ਵੋਹਰਾ ਦੇ ਘਰ ਛਾਪੇ ਮਾਰੇ। ਪੁਲਸ ਦੀ ਸਖ਼ਤ ਸੁਰੱਖਿਆ 'ਚ ਕੀਤੀ ਕਾਰਵਾਈ ਦੌਰਾਨ ਕੇਂਦਰੀ ਟੀਮਾਂ ਨੇ ਗਾਇਕ ਦੇ ਦੋਵਾਂ ਘਰਾਂ 'ਚ ਕਰੀਬ 6-7 ਘੰਟੇ ਫਰੋਲਾ-ਫਰਾਲੀ ਕੀਤੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News