ਕੌਣ ਹੋਵੇਗਾ ਮਿਰਜ਼ਾਪੁਰ ਦੀ ਗੱਦੀ ਦਾ ਹੱਕਦਾਰ! ਕਿਰਦਾਰਾਂ ਨੇ ਖੋਲ੍ਹੇ ਰਾਜ਼

07/03/2024 10:00:39 AM

ਮਿਰਜ਼ਾਪੁਰ ਦੀ ਗੱਦੀ ਲਈ ਇਕ ਵਾਰ ਫਿਰ ਤੋਂ ਸੰਘਰਸ਼ ਹੋਣ ਵਾਲਾ ਹੈ। ਐਮਾਜ਼ੋਨ ਪ੍ਰਾਈਮ ਦੀ ਬੇਹੱਦ ਪ੍ਰਸਿੱਧ ਸੀਰੀਜ਼ ‘ਮਿਰਜ਼ਾਪੁਰ’ ਦਾ ਸੀਜ਼ਨ-3 ਇਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਸੀਜ਼ਨ-3 ਦੇ ਜ਼ਿਆਦਾਤਰ ਅਦਾਕਾਰ ਆਪਣੀਆਂ ਭੂਮਿਕਾਵਾਂ ਦੁਹਰਾ ਰਹੇ ਹਨ। ਸੀਰੀਜ਼ 5 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ, ਜਿਸ ’ਚ ਵਿਜੈ ਵਰਮਾ, ਪੰਕਜ ਤ੍ਰਿਪਾਠੀ, ਅਲੀ ਫ਼ਜ਼ਲ, ਸ਼ਵੇਤਾ ਤ੍ਰਿਪਾਠੀ, ਈਸ਼ਾ ਤਲਵਾੜ, ਅੰਜੁਮ ਸ਼ਰਮਾ, ਪ੍ਰਿਯਾਂਸ਼ੂ ਪੇਨਯੁਲੀ, ਹਰਸ਼ਿਤਾ ਸ਼ੇਖਰ ਗੌੜ, ਰਸਿਕਾ ਦੁੱਗਲ ਆਦਿ ਨਜ਼ਰ ਆਉਣਗੇ। ਸੀਰੀਜ਼ ਬਾਰੇ ਸ਼ਵੇਤਾ ਤ੍ਰਿਪਾਠੀ, ਅੰਜੁਮ ਸ਼ਰਮਾ, ਪ੍ਰਿਯਾਂਸ਼ੂ ਪੇਨਯੁਲੀ, ਰਸਿਕਾ ਦੁੱਗਲ, ਗੁਰਮੀਤ ਸਿੰਘ, ਪੰਕਜ ਤ੍ਰਿਪਾਠੀ ਤੇ ਅਲੀ ਫ਼ਜ਼ਲ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਸਭ ਤੋਂ ਜ਼ਿਆਦਾ ਸਰਲ ਤੇ ਮਜ਼ੇਦਾਰ ਸ਼ੂਟਿੰਗ ਪ੍ਰਕਿਰਿਆ ਹੁੰਦੀ ਹੈ : ਗੁਰਮੀਤ ਸਿੰਘ

ਸੀਜ਼ਨ-3 ’ਚ ਇੰਨਾ ਸਮਾਂ ਕਿਉਂ ਲੱਗਿਆ?
ਮਿਰਜ਼ਾਪੁਰ ਦਾ ਸੀਜ਼ਨ-3 ਆਉਣ ’ਚ ਲੰਬਾ ਸਮਾਂ ਲੱਗਣ ਦੇ 2 ਮੁੱਖ ਕਾਰਨ ਹਨ। ਪਹਿਲਾ ਤਾਂ ਕੋਰੋਨਾ ਕਾਲ ’ਚ ਸਭ ਬੰਦ ਸੀ। ਇਸ ਕਾਰਨ 2 ਸਾਲ ਜ਼ਿਆਦਾ ਲੱਗੇ। ਦੂਜਾ ਇਹ ਹੈ ਕਿ ਸਾਨੂੰ ਲਿਖਣ ’ਚ ਸਮਾਂ ਲੱਗਦਾ ਹੈ। ਸੀਜ਼ਨ-1 ਤੇ 2 ’ਚ ਵੀ 2 ਸਾਲਾਂ ਦਾ ਗੈਪ ਸੀ। ਮਿਰਜ਼ਾਪੁਰ ਕਿਸੇ ਕਹਾਣੀ ਜਾਂ ਨਾਵਲ ’ਤੇ ਆਧਾਰਿਤ ਨਹੀਂ ਹੈ। ਇਸ ਦੀ ਜੋ ਕਹਾਣੀ ਲਿਖੀ ਜਾਂਦੀ ਹੈ, ਉਹ ਤਾਜ਼ਾ ਕਹਾਣੀ ਹੁੰਦੀ ਹੈ। ਇਸ ’ਚ ਥੋੜ੍ਹਾ ਸਮਾਂ ਲੱਗ ਜਾਂਦਾ ਹੈ। ਇਹੀ ਕਾਰਨ ਹੈ ਕਿ ਲੰਬਾ ਸਮਾਂ ਲੱਗਿਆ।

2 ਸੀਜ਼ਨਾਂ ਤੋਂ ਬਾਅਦ ਦਰਸ਼ਕਾਂ ਦੀਆਂ ਉਮੀਦਾਂ ਇਸ ਵਾਰ ਕਾਫ਼ੀ ਵਧ ਗਈਆਂ ਹਨ। ਇਸ ਦਬਾਅ ਨੂੰ ਕਿਵੇਂ ਹੈਂਡਲ ਕਰਦੇ ਹੋ?
ਜੋ ਤਰੀਕਾ ਅਸੀਂ ਅਪਣਾਉਂਦੇ ਹਾਂ, ਉਹ ਇਹੀ ਹੈ ਕਿ ਅਸੀਂ ਨਤੀਜੇ ਬਾਰੇ ਨਹੀਂ ਸੋਚਦੇ। ਅਸੀਂ ਬਸ ਆਪਣਾ ਕੰਮ ਕਰਦੇ ਹਾਂ। ਇਹ ਨਹੀਂ ਸੋਚਦੇ ਕਿ ਕੋਈ ਵੱਡੀ ਚੀਜ਼ ਬਣ ਰਹੀ ਹੈ। ਜਦੋਂ ਪਹਿਲਾਂ ਸੀਜ਼ਨ ਬਣਾਇਆ ਸੀ ਤਾਂ ਇਹ ਨਹੀਂ ਸੋਚਿਆ ਸੀ ਕਿ ਕੁਝ ਇੰਨਾ ਵੱਡਾ ਬਣਾ ਰਹੇ ਹਾਂ। ਅਸੀਂ ਕੰਮ ’ਤੇ ਫੋਕਸ ਕਰਦੇ ਹਾਂ ਜਿਵੇਂ ਲਿਖਣ ’ਤੇ। ਅਜਿਹਾ ਲਿਖੋ ਜੋ ਸਾਨੂੰ ਖ਼ੁਦ ਨੂੰ ਹੀ ਹੈਰਾਨ ਕਰ ਦੇਵੇ। ਫਿਰ ਸਕ੍ਰਿਪਟ ਅੱਗੇ ਅਦਾਕਾਰਾਂ ਤੱਕ ਪਹੁੰਚਦੀ ਹੈ ਕਿਉਂਕਿ ਇਹ ਸਭ ਆਪਣੇ ਕਿਰਦਾਰਾਂ ’ਚ ਪੂਰੀ ਤਰ੍ਹਾਂ ਰਚ ਚੁੱਕੇ ਹਨ। ਅਸੀਂ ਸਭ ਸਹਿਯੋਗ ਨਾਲ ਪੂਰੀਆਂ ਚੀਜ਼ਾਂ ਤੈਅ ਕਰਦੇ ਹਾਂ। ਇਹ ਸਾਡੀ ਇਕ ਸੋਚੀ-ਸਮਝੀ ਕਾਸਟ ਹੈ ਤਾਂ ਕਿਤੇ ਨਾ ਕਿਤੇ ਅਜਿਹਾ ਲੱਗਦਾ ਹੈ ਕਿ ਅਸੀਂ ਸਹੀ ਦਿਸ਼ਾ ’ਚ ਜਾ ਰਹੇ ਹਾਂ। ਸਭ ਤੋਂ ਜ਼ਿਆਦਾ ਸਰਲ ਤੇ ਮਜ਼ੇਦਾਰ ਸ਼ੂਟਿੰਗ ਦੀ ਪ੍ਰਕਿਰਿਆ ਹੁੰਦੀ ਹੈ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੀ ਮਿਹਨਤ ਸਭ ਤੋਂ ਜ਼ਿਆਦਾ ਹੁੰਦੀ ਹੈ।

ਮੇਰਾ ਕਿਰਦਾਰ ਧਾਕੜ ਰਿਹਾ ਹੈ : ਅਲੀ ਫ਼ਜ਼ਲ

ਇਸ ਧਾਕੜ ਕਿਰਦਾਰ ਲਈ ਤੁਸੀਂ ਖ਼ੁਦ ਨੂੰ ਕਿਸ ਤਰ੍ਹਾਂ ਟਰਾਂਸਫਾਰਮ ਕਰਦੇ ਹੋ।
ਮਿਰਜ਼ਾਪੁਰ ਦੇ ਸਾਰੇ ਸੀਜ਼ਨਾਂ ’ਚ ਮੇਰਾ ਕਿਰਦਾਰ ਧਾਕੜ ਰਿਹਾ ਹੈ। ਜੋ ਮੇਰੀਆਂ ਲਾਈਨਾਂ ਹੁੰਦੀਆਂ ਹਨ, ਉਹੀ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨਾਲ ਮੈਂ ਸਕ੍ਰੀਨ ’ਤੇ ਇੰਨਾ ਧਾਕੜ ਦਿਸਦਾ ਹਾਂ। ਰਹੀ ਗੱਲ ਟਰਾਂਸਫਾਰਮ ਹੋਣ ਦੀ ਤਾਂ ਇਹ ਸਾਡਾ ਕੰਮ ਹੈ, ਉਸੇ ’ਚ ਮਜ਼ਾ ਹੈ। ਮੇਰੇ ਕਿਰਦਾਰ ਦੀ ਇਕ ਰੇਂਜ ਹੈ, ਉਹ ਗੁੱਸੇ ਰਹਿੰਦਾ ਹੈ, ਰੋਂਦਾ ਹੈ, ਹੱਸਦਾ ਹੈ। ਮੈਨੂੰ ਮਿਰਜ਼ਾਪੁਰ ਦੀ ਕਾਮੇਡੀ ਚੰਗੀ ਲੱਗਦੀ ਹੈ। ਹਰ ਚੀਜ਼ ’ਚ ਕਿਰਦਾਰ ਲਈ ਸੰਤੁਲਨ ਹੁੰਦਾ ਹੈ।

ਤੁਸੀਂ ਪਿਤਾ ਬਣਨ ਵਾਲੇ ਹੋ। ਅਜਿਹੀ ਵੱਡੀ ਜ਼ਿੰਮੇਵਾਰੀ ਸੰਭਾਲਣ ਲਈ ਕਿੰਨੇ ਤਿਆਰ ਹੋ?
ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਸਮਾਂ ਹੈ, ਜਦੋਂ ਅਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਸੁਆਰ ਰਹੇ ਹਾਂ। ਇਸ ਨੂੰ ਮੈਂ ਨੈਸਟਿੰਗ ਸਟੇਜ ਕਹਿੰਦਾ ਹਾਂ ਕਿਉਂਕਿ ਅਸੀਂ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਾਂ। ਰਹੀ ਗੱਲ ਜ਼ਿੰਮੇਵਾਰੀ ਦੀ ਤਾਂ ਉਹ ਵੀ ਸੰਭਾਲ ਲਵਾਂਗੇ।

ਯਾਤਰਾ ਨੂੰ 9 ਸਾਲ ਬੀਤ ਚੁੱਕੇ ਹਨ : ਸ਼ਵੇਤਾ ਤ੍ਰਿਪਾਠੀ
ਗੋਲੂ ਦਾ ਕਿਰਦਾਰ ਸੀਜ਼ਨ-1 ਤੋਂ 3 ਤੱਕ ਕਈ ਤਬਦੀਲੀਆਂ ’ਚੋਂ ਲੰਘਿਆ ਹੈ ਤਾਂ ਇਸ ਬਦਲਾਅ ਨੂੰ ਸਕ੍ਰੀਨ ’ਤੇ ਦਿਖਾਉਣਾ ਕਿੰਨਾ ਮੁਸ਼ਕਲ ਰਿਹਾ?

ਕਿਸੇ ਅਦਾਕਾਰ ਨੂੰ ਜਦੋਂ ਕਿਰਦਾਰ ਮਿਲਦਾ ਹੈ ਤਾਂ ਉਸ ਦੌਰਾਨ ਉਹ ਉਸ ਜਰਨੀ ਨੂੰ ਜਿਊਂਦਾ ਹੈ ਤਾਂ ਬੈਸਟ ਪਾਰਟ ਹੁੰਦਾ ਹੈ। ਪਹਿਲੇ ਸੀਜ਼ਨ ਵਿਚ ਗੋਲੂ ਰਸਗੁੱਲਾ ਸੀ, ਮੈਂ ਖ਼ੁਦ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹਾਂ। ਜਦੋਂ ਮੈਂ ਸੀਜ਼ਨ-3 ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਇਹ ਜੋ ਇਨਸਾਨ ਹੈ, ਇਹ ਉਸ ਤੋਂ ਵੱਖਰਾ ਹੈ। ਇਸੇ ਯਾਤਰਾ ਨੂੰ 9 ਸਾਲ ਬੀਤ ਚੁੱਕੇ ਹਨ, ਜਿਸ ਵਿਚ ਤੁਹਾਡੇ ਨਾਲ ਕਿਰਦਾਰ ਵੀ ਗ੍ਰੋਅ ਕਰਦਾ ਹੈ।

ਗੋਲੂ ਅਤੇ ਤੁਹਾਡੇ ’ਚ ਸਮਾਨਤਾਵਾਂ ਹਨ?
ਸਮਾਨਤਾਵਾਂ ਕਾਫ਼ੀ ਹਨ ਅਤੇ ਨਹੀਂ ਵੀ। ਮੈਨੂੰ ਲੱਗਦਾ ਹੈ ਕਿ ਮੇਰਾ ਤੇ ਗੋਲੂ ਦਾ ਜੋ ਵੀਰ ਰਸ ਹੁੰਦਾ ਹੈ , ਉਹ ਉੱਚ ਪੱਧਰ ਦਾ ਹੈ। ਗੋਲੂ ਦੀ ਜ਼ਿੰਦਗੀ ’ਚ ਕਾਫ਼ੀ ਉਤਰਾਅ-ਚੜਾਅ ਆਏ ਹਨ, ਜਿਸ ਨਾਲ ਉਸ ਨੇ ਇਹ ਹਿੰਸਾ ਦਾ ਰਾਹ ਫੜ ਲਿਆ ਹੈ। ਇਸ ਤੋਂ ਇਲਾਵਾ ਵੱਡਾ ਫ਼ਰਕ ਇਹ ਹੈ ਕਿ ਗੋਲੂ ਦੀ ਜ਼ਿੰਦਗੀ ਬਹੁਤ ਹਨੇਰਮਈ ਹੈ ਤੇ ਮੇਰੀ ਬਹੁਤ ਸ਼ਾਨਦਾਰ ਹੈ।

ਸਮਾਜ ਤੋਂ ਸਿਨੇਮਾ ਪ੍ਰੇਰਿਤ ਹੁੰਦਾ ਹੈ ਤੇ ਸਿਨੇਮਾ ਤੋਂ ਸਮਾਜ : ਪੰਕਜ ਤ੍ਰਿਪਾਠੀ

ਕੀ ਕਾਲੀਨ ਭਈਆ ਦੇ ਕਿਰਦਾਰ ਨੂੰ ਨਿਭਾਉਣ ਲਈ ਤੁਸੀਂ ਕਿਸੇ ਗੈਂਗਸਟਰ ਨੂੰ ਦੇਖਿਆ ਜਾਂ ਕਾਪੀ ਕੀਤਾ?
ਮੈਂ ਕਿਸੇ ਨੂੰ ਵੀ ਨਹੀਂ ਦੇਖਦਾ, ਪੂਰੀ ਤਰ੍ਹਾਂ ਕਾਲੀਨ ਭਈਆ ਦਾ ਕਿਰਦਾਰ ਕਲਪਨਾ ’ਤੇ ਆਧਾਰਿਤ ਹੈ। ਉਹ ਜੋ ਕਿਰਦਾਰ ਹੈ, ਉਹ ਕਾਫ਼ੀ ਅਲੱਗ, ਸ਼ਾਂਤ, ਸਬਰ ਵਾਲਾ ਹੈ ਤਾਂ ਅਸਲ ’ਚ ਅਜਿਹਾ ਗੈਂਗਸਟਰ ਕਿੱਥੇ ਹੋਵੇਗਾ। ਉਹ ਬਣਾਇਆ ਹੋਇਆ ਕਿਰਦਾਰ ਹੈ। ਮੈਨੂੰ ਇਸ ਲਈ ਕਿਸੇ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ। ਹੁਣ ਸਮਾਜ ਤੋਂ ਸਿਨੇਮਾ ਪ੍ਰੇਰਿਤ ਹੁੰਦਾ ਹੈ ਤੇ ਸਿਨੇਮਾ ਤੋਂ ਸਮਾਜ ਪ੍ਰੇਰਿਤ ਹੁੰਦਾ ਹੈ ਤਾਂ ਅਜਿਹਾ ਵੀ ਸੰਭਵ ਹੈ ਕਿ ਕੋਈ ਭਵਿੱਖ ’ਚ ਕਾਲੀਨ ਭਈਆ ਦੀ ਤਰ੍ਹਾਂ ਵਿਵਹਾਰ ਕਰੇ।

ਤੁਹਾਡੇ ’ਚ ਤੇ ਕਾਲੀਨ ਭਈਆ ’ਚ ਕੀ ਸਮਾਨਤਾਵਾਂ ਹਨ?
ਮੈਂ ਅਤੇ ਕਾਲੀਨ ਭਈਆ, ਦੋਵੇਂ ਹੀ ਅਸੀਂ ਮਿੱਠਬੋਲੜੇ ਹਾਂ। ਮੈਂ ਵੀ ਇਕ ਸੀਰੀਅਸ ਹਿਊਮਰ ਲਾਈਫ ਜਿਊਂਦਾ ਹਾਂ ਤੇ ਕਾਲੀਨ ਭਈਆ ’ਚ ਵੀ ਇਹ ਚੀਜ਼ ਹੈ। ਮਿਰਜ਼ਾਪੁਰ ’ਚ ਅਪਰਾਧ ਵਾਲੇ ਹਿੱਸੇ ’ਤੇ ਤਾਂ ਸਭ ਗੱਲ ਕਰਦੇ ਹਨ ਪਰ ਉਸ ਦਾ ਹਿਊਮਰ ਬਹੁਤ ਜ਼ਬਰਦਸਤ ਹੈ। ਕਿਰਦਾਰ, ਜੋ ਹਾਲਾਤਾਂ ਦੇ ਨਾਲ ਹਿਊਮਰ ਪੈਦਾ ਕਰਦੇ ਹਨ, ਉਹ ਵੀ ਦੇਖਣ ਲਾਇਕ ਹਨ। ਹੁਣ ਗੁੱਡੂ ਇਸ ਲਈ ਵੀ ਗੁੱਡੂ ਹੈ ਕਿਉਂਕਿ ਉਹ ਮੂਰਖ ਹੈ। ਜੇ ਗੁੱਡੂ ਸਮਝਦਾਰ ਹੁੰਦਾ ਤਾਂ ਉਹ ਮਜ਼ਾ ਨਹੀਂ ਆਉਂਦਾ। ਜੋ ਮੂਰਖ ਹਨ, ਉਹੀ ਬਚੇ ਹੋਏ ਹਨ ਤਾਂ ਮਿਰਜ਼ਾਪੁਰ ਦੀ ਇਕ ਉਹ ਸਾਈਡ ਵੀ ਹੈ। ਮੇਰੇ ਅੰਦਰ ਉਹੀ ਸਮਾਨਤਾ ਹੈ ਕਿ ਮੇਰੀ ਜ਼ਿੰਦਗੀ ’ਚ ਵੀ ਸੀਰੀਅਸ ਹਿਊਮਰ ਹੈ।

ਟ੍ਰੋਲਿੰਗ ਮੈਨੂੰ ਜ਼ਿਆਦਾ ਪ੍ਰੇਸ਼ਾਨ ਨਹੀਂ ਕਰਦੀ : ਰਸਿਕਾ ਦੁੱਗਲ

ਤੁਹਾਡੇ ਕਿਰਦਾਰ ਦੇ ਕੁਝ ਸੀਨ ਕਾਫ਼ੀ ਵਿਵਾਦਗ੍ਰਸਤ ਰਹੇ ਹਨ ਤਾਂ ਟ੍ਰੋਲਿੰਗ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੁੰਦੀ ਹੈ?
ਮੈਨੂੰ ਲੱਗਦਾ ਹੈ ਕਿ ਜੋ ਆਨਲਾਈਨ ਕੁਮੈਂਟ ਹੁੰਦੇ ਹਨ, ਉਹ ਚੰਗੇ-ਬੁਰੇ ਦੋਵੇਂ ਹੁੰਦੇ ਹਨ। ਜਦੋਂ ਬੁਰਾ ਕੁਮੈਂਟ ਹੁੰਦਾ ਹੈ ਤਾਂ ਧੱਕਾ ਲੱਗਦਾ ਹੀ ਹੈ। ਹਰ ਕਿਰਦਾਰ ਇਕ ਕਹਾਣੀ ਦਾ ਹਿੱਸਾ ਹੁੰਦਾ ਹੈ ਤਾਂ ਉਸ ਕਹਾਣੀ ’ਤੇ ਫੋਕਸ ਕਰੋ ਨਾ ਕਿ ਉਸ ਕਿਰਦਾਰ ਦੀਆਂ ਪਰਤਾਂ ਖੋਲ੍ਹੋ। ਇਕ ਦਰਸ਼ਕ ਹੋਣ ਦੇ ਨਾਤੇ ਇਹ ਸਨਮਾਨ ਦੀ ਗੱਲ ਨਹੀਂ ਹੁੰਦੀ। ਕਈ ਵਾਰ ਅਜਿਹਾ ਹੁੰਦਾ ਹੈ ਕਿ ਦੂਜੇ ਲੋਕ ਹੀ ਕੁਮੈਂਟ ’ਚ ਅਜਿਹਾ ਕਰਨ ਵਾਲੇ ਨੂੰ ਚੁੱਪ ਕਰਾ ਦਿੰਦੇ ਹਨ। ਦਰਸ਼ਕਾਂ ’ਚ ਹੀ ਸੰਤੁਲਨ ਬਣਿਆ ਰਹਿੰਦਾ ਹੈ ਤਾਂ ਇਹ ਚੀਜ਼ਾਂ ਮੈਨੂੰ ਜ਼ਿਆਦਾ ਪ੍ਰੇਸ਼ਾਨ ਨਹੀਂ ਕਰਦੀਆਂ।

ਮਿਰਜ਼ਾਪੁਰ ’ਚ ਮਹਿਲਾ ਕਿਰਦਾਰਾਂ ਨੂੰ ਕਾਫ਼ੀ ਤਾਕਤਵਰ ਦਿਖਾਇਆ ਗਿਆ ਹੈ। ਇਸ ਦਾ ਮਹਿਲਾ ਦਰਸ਼ਕਾਂ ’ਤੇ ਕੀ ਪ੍ਰਭਾਵ ਹੋਵੇਗਾ?
ਤਾਕਤਵਰ ਔਰਤ ਨੂੰ ਸ਼ਾਇਦ ਉਹ ਅਸਲ ਜ਼ਿੰਦਗੀ ’ਚ ਵੀ ਦੇਖਦੀ ਹੈ ਪਰ ਅਣਦੇਖਿਆ ਕਰ ਦਿੰਦੀ ਹੈ। ਇਸ ਕਹਾਣੀ ਰਾਹੀਂ ਸ਼ਾਇਦ ਉਨ੍ਹਾਂ ਨੂੰ ਦੱਸਣ ਦੀ ਲੋੜ ਹੈ ਕਿ ਤੁਹਾਡੇ ਆਸ-ਪਾਸ ਵੀ ਅਜਿਹੀਆਂ ਔਰਤਾਂ ਹਨ। ਪਾਵਰਫੁੱਲ ਔਰਤ ਅਸੀਂ ਗੱਦੀ ’ਤੇ ਬੈਠਣ ਜਾਂ ਗੰਨ ਚਲਾਉਣ ਵਾਲੀ ਨੂੰ ਮੰਨਦੇ ਹਾਂ। ਅਸਲ ਜ਼ਿੰਦਗੀ ’ਚ ਸਾਡੇ ਆਸ-ਪਾਸ ਬਹੁਤ ਸਾਰੀਆਂ ਤਾਕਤਵਰ ਔਰਤਾਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਅਸੀਂ ਪਾਵਰਫੁੱਲ ਨਹੀਂ ਕਹਿੰਦੇ ਕਿਉਂਕਿ ਉਹ ਮੰਨੀ ਹੋਈ ਤਾਕਤ ਵਾਲੀਆਂ ਚੀਜ਼ਾਂ ਨਹੀਂ ਕਰਦੀਆਂ। ਉਨ੍ਹਾਂ ’ਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਹਰ ਹਾਲਾਤ ’ਚ ਲੜ ਸਕਣ ਨਹੀਂ ਤਾਂ ਉਹ ਇਸ ਪੁਰਸ਼ ਪ੍ਰਧਾਨ ਸਮਾਜ ’ਚ ਗੁਜ਼ਾਰਾ ਕਿਵੇਂ ਕਰਨ।

ਪ੍ਰਿਯਾਂਸ਼ੂ ਪੇਨਯੁਲੀ
ਰੋਬਿਨ ਦੀਆਂ ਬਹੁਤ ਸਾਰੀਆਂ ਪਰਤਾਂ ਹਨ ਤਾਂ ਇਸ ਵਾਰ ਕੀ ਇਹ ਪਰਤਾਂ ਖੁੱਲ੍ਹਣ ਵਾਲੀਆਂ ਹਨ।

ਰੋਬਿਨ ’ਚ ਪਿਆਜ਼ ਦੀ ਤਰ੍ਹਾਂ ਪਰਤਾਂ ਹਨ। ਇਸ ਵਾਰ ਵੀ ਉਹ ਇਕ ਜ਼ੋਨ ’ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਦਲਣ ਦੀ ਕੋਸ਼ਿਸ਼ ਕਰ ਰਿਹਾ ਪਰ ਉਸ ’ਚ ਕਈ ਰੁਕਾਵਟਾਂ ਆਉਂਦੀਆਂ ਹਨ। ਉਹੀ ਕਹਾਣੀ ਮਿਰਜ਼ਾਪੁਰ ਹੈ। ਮਿਰਜ਼ਾਪੁਰ ’ਚ ਸਭ ਆਸਾਨੀ ਨਾਲ ਮਿਲ ਜਾਵੇ ਤਾਂ ਉਹ ਮਿਰਜ਼ਾਪੁਰ ਨਹੀਂ ਰਹੇਗਾ। ਰੋਬਿਨ ਦੀ ਵੀ ਅਜਿਹੀ ਹੀ ਖੇਡ ਹੈ ਕਿ ਉਹ ਕੁਝ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਰ ਉਸ ਦਾ ਇਕ ਟੀਚਾ ਹੈ। ਪਿਛਲੇ ਸੀਜ਼ਨ ’ਚ ਉਸ ਦਾ ਟੀਚਾ ਕੀ ਸੀ, ਉਹ ਕਿਸੇ ਨੂੰ ਨਹੀਂ ਸੀ ਪਤਾ, ਜਿਵੇਂ ਉਹ ਕੌਣ ਹੈ, ਕਿੱਥੋਂ ਆਇਆ ਹੈ, ਉਹ ਨਹੀਂ ਪਤਾ ਸੀ। ਇਸ ਵਾਰ ਕਿਤੇ ਨਾ ਕਿਤੇ ਉਸ ਬਾਰੇ ਕੁਝ ਚੀਜ਼ਾਂ ਸਾਫ਼ ਹੋਣਗੀਆਂ। ਇਸ ਵਾਰ ਰੋਬਿਨ ਨੂੰ ਸਮਝ ਆ ਰਿਹਾ ਹੈ ਕਿ ਮਿਰਜ਼ਾਪੁਰ ’ਚ ਕੁਝ ਚੀਜ਼ਾਂ ਆਸਾਨੀ ਨਾਲ ਨਹੀਂ ਮਿਲਣਗੀਆਂ।

ਅੰਜੁਮ ਸ਼ਰਮਾ
ਸ਼ਰਦ ਸ਼ੁਕਲਾ ਦਾ ਇਸ ਵਾਰ ਕੀ ਨਵਾਂ ਅੰਦਾਜ਼ ਦੇਖਣ ਨੂੰ ਮਿਲੇਗਾ?

ਸ਼ਰਦ ਸ਼ੁਕਲਾ ਬਾਰੇ ਤਾਂ ਸਭ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ। ਕਿਵੇਂ ਸੋਚ-ਸਮਝ ਨਾਲ ਚੱਲਣ ਵਾਲਾ ਆਦਮੀ ਹੈ। ਕੋਈ ਵੀ ਫ਼ੈਸਲਾ ਲੈਣ ’ਚ ਸਮਾਂ ਲੈਣ ਵਾਲਾ ਆਦਮੀ ਹੈ। ਜਿਹੜੇ ਹਾਲਾਤ ’ਚ ਉਹ ਕਾਲੀਨ ਭਈਆ ਨੂੰ ਲੈ ਕੇ ਨਿਕਲਿਆ ਹੈ, ਅਸੀਂ ਉਸ ਨੂੰ ਗੱਦੀ ਦਾ ਉੱਤਰਾਧਿਕਾਰੀ ਮੰਨ ਸਕਦੇ ਹਾ। ਹੁਣ ਇਸ ਵਾਰ ਕਾਲੀਨ ਭਈਆ ਪੂਰਵਾਂਚਲ ’ਚ ਕੁਝ ਅਜਿਹਾ ਕਰਵਾਉਣ ਵਾਲੇ ਹਨ, ਜੋ ਕਦੇ ਨਹੀਂ ਹੋਇਆ। ਹੁਣ ਉਹ ਕਿਸ ਤੋਂ ਕਰਵਾਉਣਗੇ, ਕਿਵੇਂ ਕਰਵਾਉਣਗੇ, ਇਹ ਸਾਰੀਆਂ ਪਰਤਾਂ ਖੁੱਲ੍ਹਣਗੀਆਂ ਸੀਜ਼ਨ-3 ’ਚ।


sunita

Content Editor

Related News