ਇਕ ਹਾਦਸੇ ਮਗਰੋਂ ਸ਼ਰਾਬ ਤੇ ਨਸ਼ੇ ਦੇ ਆਦੀ ਹੋ ਗਏ ਸਨ ਮੈਥਿਊ ਪੇਰੀ, ਜਾਣੋ ਕੌਣ ਸਨ ‘ਫ੍ਰੈਂਡਜ਼’ ਦੇ ‘ਚੈਂਡਲਰ ਬਿੰਗ’?

Sunday, Oct 29, 2023 - 12:07 PM (IST)

ਇਕ ਹਾਦਸੇ ਮਗਰੋਂ ਸ਼ਰਾਬ ਤੇ ਨਸ਼ੇ ਦੇ ਆਦੀ ਹੋ ਗਏ ਸਨ ਮੈਥਿਊ ਪੇਰੀ, ਜਾਣੋ ਕੌਣ ਸਨ ‘ਫ੍ਰੈਂਡਜ਼’ ਦੇ ‘ਚੈਂਡਲਰ ਬਿੰਗ’?

ਐਂਟਰਟੇਨਮੈਂਟ ਡੈਸਕ– ਸ਼ਨੀਵਾਰ ਮੈਥਿਊ ਪੇਰੀ ਦੇ ਪ੍ਰਸ਼ੰਸਕਾਂ ਲਈ ਇਕ ਦੁਖਦਾਈ ਖ਼ਬਰ ਲੈ ਕੇ ਆਇਆ। ਮੈਥਿਊ ਪੇਰੀ (54) ਦੀ ਲਾਸ ਏਂਜਲਸ ਦੇ ਘਰ ’ਚ ਮੌਤ ਹੋ ਗਈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਨੂੰ ਵੱਡਾ ਝਟਕਾ ਲੱਗਾ ਹੈ।

ਮੈਥਿਊ ਪੇਰੀ ਸ਼ਨੀਵਾਰ (28 ਅਕਤੂਬਰ) ਨੂੰ ਲਾਸ ਏਂਜਲਸ ’ਚ ਆਪਣੇ ਘਰ ’ਚ ਮ੍ਰਿਤਕ ਪਾਏ ਗਏ। ਮੈਥਿਊ ਦੀ ਮੌਤ ਦਾ ਕਾਰਨ ਗਰਮ ਟੱਬ ’ਚ ਡੁੱਬਣਾ ਦੱਸਿਆ ਜਾ ਰਿਹਾ ਹੈ। ਉਹ 90 ਦੇ ਦਹਾਕੇ ’ਚ ਮਸ਼ਹੂਰ ਸਿਟਕਾਮ ‘ਫ੍ਰੈਂਡਜ਼’ ’ਚ ਚੈਂਡਲਰ ਬਿੰਗ ਦਾ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਸਨ।

ਮਾਪੇ ਬਚਪਨ ’ਚ ਹੋ ਗਏ ਸਨ ਅਲੱਗ
19 ਅਗਸਤ, 1969 ਨੂੰ ਜਨਮੇ ‘ਫ੍ਰੈਂਡਜ਼’ ਸਟਾਰ ਮੈਥਿਊ ਪੇਰੀ ਦੀ ਉਮਰ ਮਹਿਜ਼ 1 ਸਾਲ ਦੀ ਸੀ, ਜਦੋਂ ਉਨ੍ਹਾਂ ਦੀ ਮਾਂ ਸੁਜ਼ੈਨ ਮੈਰੀ (ਪੱਤਰਕਾਰ) ਤੇ ਪਿਤਾ ਜੌਹਨ ਬੇਨੇਟ ਪੇਰੀ (ਅਮਰੀਕੀ ਅਦਾਕਾਰ) ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਕੈਨੇਡੀਅਨ ਪੱਤਰਕਾਰ ਕੀਥ ਮੋਰੀਸਨ ਨਾਲ ਵਿਆਹ ਕਰਵਾ ਲਿਆ। ਇਸ ਕਾਰਨ ਮੈਥਿਊ ਕੋਲ ਦੋ ਦੇਸ਼ਾਂ ਕੈਨੇਡਾ ਤੇ ਅਮਰੀਕਾ ਦੀ ਨਾਗਰਿਕਤਾ ਸੀ।

ਛੋਟੀ ਉਮਰ ’ਚ ਬਣੇ ਹਾਲੀਵੁੱਡ ਦਾ ਹਿੱਸਾ
ਮੈਥਿਊ ਆਪਣੇ ਕਾਲਜ ਦੇ ਦਿਨਾਂ ਦੌਰਾਨ ਇਕ ਚੋਟੀ ਦਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਹੋਇਆ ਕਰਦੇ ਸਨ ਪਰ ਫ਼ਿਲਮਾਂ ’ਚ ਰੁਚੀ ਕਾਰਨ ਉਨ੍ਹਾਂ ਨੇ ਖੇਡਾਂ ’ਚ ਕਰੀਅਰ ਨਹੀਂ ਬਣਾਇਆ। 15 ਸਾਲ ਦੀ ਉਮਰ ’ਚ ਉਹ ਕੈਨੇਡਾ ਛੱਡ ਕੇ ਲਾਸ ਏਂਜਲਸ ਆ ਗਏ। ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਵੀ ਇਥੇ ਕੀਤੀ। ਮੈਥਿਊ ਨੂੰ ਪਹਿਲਾ ਬ੍ਰੇਕ ਟੀ. ਵੀ. ਸੀਰੀਜ਼ ‘ਸੈਕਿੰਡ ਚਾਂਸ’ ਤੋਂ ਮਿਲੀ ਸੀ ਪਰ ਉਨ੍ਹਾਂ ਨੂੰ 90 ਦੇ ਦਹਾਕੇ ’ਚ ਅਮਰੀਕੀ ਕਾਮੇਡੀ ਸੀਰੀਜ਼ ‘ਫ੍ਰੈਂਡਜ਼’ ਤੋਂ ਦੁਨੀਆ ਭਰ ’ਚ ਪ੍ਰਸਿੱਧੀ ਮਿਲੀ।

ਇਹ ਖ਼ਬਰ ਵੀ ਪੜ੍ਹੋ : PM ਟਰੂਡੋ ਨੇ 'ਫ੍ਰੈਂਡਸ' ਫੇਮ ਅਦਾਕਾਰ ਮੈਥਿਊ ਪੇਰੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਮੈਥਿਊ ਇਸ ਸੀਰੀਜ਼ ਦੇ ਮੁੱਖ ਕਿਰਦਾਰਾਂ ’ਚ ਸਭ ਤੋਂ ਘੱਟ ਉਮਰ ਦੇ ਅਦਾਕਾਰ ਸਨ। ਮੈਥਿਊ ਨੇ 1994 ਤੋਂ 2004 ਤੱਕ ਚੱਲੀ ਇਸ ਸੀਰੀਜ਼ ਤੋਂ ਵਿਸ਼ਵਵਿਆਪੀ ਪ੍ਰਸਿੱਧੀ ਹਾਸਲ ਕੀਤੀ। ਉਹ ‘ਰੋਮ-ਕੋਮ’, ‘ਫੂਲਜ਼ ਰਸ਼ ਇਨ’, ‘ਦਿ ਹੋਲ ਨਾਈਨ ਯਾਰਡਸ’ ਸਮੇਤ ਕਈ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੇ ਹਨ।

ਸ਼ਰਾਬ ਤੇ ਨਸ਼ੇ ਦੀ ਆਦਤ ਕਾਰਨ ਯਾਦਦਾਸ਼ਤ ਗੁਆਈ
ਮੈਥਿਊ ਪੇਰੀ ਦੀ ਪੇਸ਼ੇਵਰ ਜ਼ਿੰਦਗੀ ਚੰਗੀ ਸੀ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉਥਲ-ਪੁਥਲ ਨਾਲ ਭਰੀ ਹੋਈ ਸੀ। ਸਾਲ 1997 ’ਚ ਜਦੋਂ ਮੈਥਿਊ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ’ਚ ਸਨ ਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਸਨ ਤਾਂ ਇਕ ਜੈੱਟ-ਸਕੀ ਦੁਰਘਟਨਾ ਵਾਪਰੀ, ਜਿਸ ਨੇ ਉਨ੍ਹਾਂ ਨੂੰ ਵਿਕੋਡਿਨ ਦੀ ਲੱਤ ’ਚ ਧੱਕ ਦਿੱਤਾ। ਉਹ ਵੀ ਸ਼ਰਾਬ ਦੇ ਆਦੀ ਹੋ ਗਏ। ਜਦੋਂ ਉਹ ਟੈਕਸਾਸ ’ਚ ‘ਸਰਵਿੰਗ ਸਾਰਾ’ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਦੇ ਢਿੱਡ ’ਚ ਤੇਜ਼ ਦਰਦ ਹੋਈ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਮੈਥਿਊ ਨੂੰ ਸ਼ਰਾਬ ਤੇ ਨਸ਼ੇ ਕਾਰਨ ਪੈਨਕ੍ਰੇਟਾਈਟਸ ਹੋ ਗਿਆ ਸੀ। 2001 ’ਚ ਉਹ ਇਸ ਲੱਤ ਤੋਂ ਛੁਟਕਾਰਾ ਪਾਉਣ ਲਈ ਮੁੜ ਵਸੇਬੇ ’ਚ ਚਲੇ ਗਏ। ਇਸ ਕਾਰਨ ਉਨ੍ਹਾਂ ਦੀ ਸਿਹਤ ’ਤੇ ਵੀ ਡੂੰਘਾ ਅਸਰ ਪਿਆ। ਹਾਲੀਵੁੱਡ ਸਟਾਰ ਨੇ ਇਕ ਵਾਰ ਖ਼ੁਲਾਸਾ ਕੀਤਾ ਸੀ ਕਿ ਇਸ ਲੱਤ ਕਾਰਨ ਉਨ੍ਹਾਂ ਨੂੰ ‘ਫ੍ਰੈਂਡਜ਼’ ਦੇ ਸੀਜ਼ਨ 3 ਤੇ 6 ਦੇ ਵਿਚਕਾਰ ਦੇ ਤਿੰਨ ਸਾਲ ਯਾਦ ਨਹੀਂ ਹਨ।

ਮੈਥਿਊ ਪੇਰੀ ਨੇ ਕਦੇ ਵਿਆਹ ਨਹੀਂ ਕਰਵਾਇਆ
ਹਾਲਾਂਕਿ ਮੈਥਿਊ ਪੇਰੀ ਨੇ ਕਈ ਅਦਾਕਾਰਾਂ ਨੂੰ ਡੇਟ ਕੀਤਾ ਹੈ ਪਰ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ। ਉਹ ਯਾਸਮੀਨ ਬਲੀਥ, ਜੂਲੀਆ ਰਾਬਰਟਸ ਤੇ ਲਿਜ਼ੀ ਕੈਪਲਾਨ ਨਾਲ ਸਬੰਧਾਂ ’ਚ ਰਹੇ ਹਨ। ਸਾਲ 2020 ’ਚ ਉਨ੍ਹਾਂ ਨੇ ਸਾਹਿਤਕ ਪ੍ਰਬੰਧਕ ਮੌਲੀ ਹਰਵਿਟਜ਼ ਨਾਲ ਮੰਗਣੀ ਕੀਤੀ। ਹਾਲਾਂਕਿ ਉਨ੍ਹਾਂ ਦੀ ਮੰਗਣੀ 1 ਸਾਲ ਦੇ ਅੰਦਰ ਹੀ ਟੁੱਟ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News