ਯੂ. ਪੀ. ਛੱਡ ਦੁਬਈ ’ਚ ਸ਼ੂਟ ਕਰਨ ਦੇ ਰਿਤਿਕ ਰੌਸ਼ਨ ਦੇ ਬਿਆਨ ’ਤੇ ਕਿਉਂ ਪਿਆ ਵਿਵਾਦ? ਮੇਕਰਜ਼ ਨੇ ਦੱਸੀ ਸੱਚਾਈ
Monday, Jul 04, 2022 - 01:46 PM (IST)
ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਵਿਕਰਮ ਵੇਧਾ’ ਕੁਝ ਦਿਨ ਪਹਿਲਾਂ ਕਾਫੀ ਚਰਚਾ ’ਚ ਸੀ। ਰਿਪੋਰਟ ’ਚ ਕਿਹਾ ਗਿਆ ਸੀ ਕਿ ਰਿਤਿਕ ਨੇ ਉੱਤਰ ਪ੍ਰਦੇਸ਼ ’ਚ ਸ਼ੂਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਮੇਕਰਜ਼ ਨੂੰ ਕਿਹਾ ਕਿ ਉਹ ਦੁਬਈ ’ਚ ਯੂ. ਪੀ. ਦੇ ਫੀਲ ਵਾਲਾ ਸੈੱਟ ਬਣਾਓ।
ਹੁਣ ‘ਵਿਕਰਮ ਵੇਧਾ’ ਦੇ ਮੇਕਰਜ਼ ਨੇ ਇਸ ਪੂਰੇ ਮਾਮਲੇ ’ਤੇ ਸਫਾਈ ਦਿੰਦਿਆਂ ਇਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਸੀ। ਦੁਬਈ ’ਚ ਕਿਉਂ ਸ਼ੂਟ ਕਰਨਾ ਪਿਆ, ਇਸ ਬਾਰੇ ਵੀ ਮੇਕਰਜ਼ ਨੇ ਆਪਣੇ ਇਸ ਬਿਆਨ ’ਚ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸਿਨੀ ਸ਼ੈੱਟੀ ਦੇ ਸਿਰ ਸਜਿਆ ‘ਮਿਸ ਇੰਡੀਆ 2022’ ਦਾ ਖ਼ਿਤਾਬ, ਜਾਣੋ ਜੇਤੂ ਬਾਰੇ ਖ਼ਾਸ ਗੱਲਾਂ
ਮੇਕਰਜ਼ ਨੇ ਕਿਹਾ, ‘‘ਫ਼ਿਲਮ ‘ਵਿਕਰਮ ਵੇਧਾ’ ਦੀ ਸ਼ੂਟਿੰਗ ਲੋਕੇਸ਼ਨਜ਼ ਨੂੰ ਲੈ ਕੇ ਕਾਫੀ ਹੈਰਾਨ ਕਰਨ ਵਾਲੀਆਂ ਤੇ ਝੂਠੀਆਂ ਰਿਪੋਰਟ ਸਾਡੀ ਨਜ਼ਰ ’ਚ ਆਈਆਂ ਹਨ। ਅਸੀਂ ਇਹ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ‘ਵਿਕਰਮ ਵੇਧਾ’ ਦਾ ਕਾਫੀ ਵੱਡਾ ਹਿੱਸਾ ਭਾਰਤ ’ਚ ਸ਼ੂਟ ਹੋਇਆ ਹੈ, ਜਿਸ ’ਚ ਲਖਨਊ ਵੀ ਸ਼ਾਮਲ ਹੈ।’’
ਯੂ. ਪੀ. ਦਾ ਸੈੱਟ ਦੁਬਈ ’ਚ ਬਣਾਉਣ ਦੀ ਗੱਲ ’ਤੇ ਮੇਕਰਜ਼ ਨੇ ਕਿਹਾ ਕਿ ਇਹ ਫ਼ੈਸਲਾ ਕੋਰੋਨਾ ਵਾਇਰਸ ਦੇ ਦੌਰ ’ਚ ਪੂਰੀ ਟੀਮ ਦੀ ਸਿਹਤ ਨੂੰ ਦੇਖਦਿਆਂ ਲਿਆ ਗਿਆ, ਨਾ ਕਿ ਰਿਤਿਕ ਰੌਸ਼ਨ ਨੂੰ ਯੂ. ਪੀ. ’ਚ ਸ਼ੂਟ ਕਰਨ ਤੋਂ ਇਤਰਾਜ਼ ਕਾਰਨ, ਜਿਵੇਂ ਕਿ ਕੁਝ ਰਿਪੋਰਟਸ ’ਚ ਦਾਅਵਾ ਕੀਤਾ ਗਿਆ ਸੀ।
ਮੇਕਰਜ਼ ਨੇ ਬਿਆਨ ’ਚ ਅੱਗੇ ਕਿਹਾ, ‘‘ਅਕਤੂਬਰ-ਨਵੰਬਰ 2021 ’ਚ ਫ਼ਿਲਮ ਦਾ ਇਕ ਹਿੱਸਾ ਯੂ. ਏ. ਈ. ’ਚ ਸ਼ੂਟ ਕੀਤਾ ਗਿਆ ਕਿਉਂਕਿ ਇਹ ਇਕੋ-ਇਕ ਲੋਕੇਸ਼ਨ ਸੀ, ਜਿਥੇ ਇੰਨੇ ਵੱਡੇ ਕਰਿਊ ਲਈ ਬਾਓ-ਬਬਲ ਦੀ ਵਿਵਸਥਾ ਉਪਲੱਬਧ ਸੀ ਤੇ ਸ਼ੂਟ ਤੋਂ ਪਹਿਲਾਂ ਦੇ ਮਹੀਨਿਆਂ ’ਚ ਸਟੂਡੀਓ ’ਚ ਸੈੱਟਸ ਬਣਾਉਣ ਦੀ ਇਜਾਜ਼ਤ ਸੀ। ਅਸੀਂ ਹੈਲਥ ਤੇ ਪ੍ਰੋਟੋਕਾਲ ਦੀ ਚਿੰਤਾ ਨੂੰ ਦੇਖਦਿਆਂ ਅਜਿਹਾ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਤੱਥਾਂ ਨੂੰ ਤੋੜਨ-ਮੜੋਰਨ ਦੀ ਕੋਈ ਵੀ ਕੋਸ਼ਿਸ਼ ਸਾਫ ਝੂਠ ਹੈ ਤੇ ਸ਼ਰਾਰਤ ਭਰੀ ਹੈ।’’
ਮੇਕਰਜ਼ ਨੇ ਇਹ ਵੀ ਕਿਹਾ ਕਿ ਉਹ ਫ਼ਿਲਮ ਨਾਲ ਜੁੜੇ ਕ੍ਰਿਏਟਿਵ ਲੋਕਾਂ ਦੀ ਸਲਾਹ ਦਾ ਸੁਆਗਤ ਕਰਦੇ ਹਨ ਪਰ ਪ੍ਰੋਡਕਸ਼ਨ ਤੇ ਬਜਟ ਨਾਲ ਜੁੜੇ ਫ਼ੈਸਲੇ ਉਹ ਖ਼ੁਦ ਹੀ ਲੈਂਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।