ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ''ਗੋਲਗੱਪੇ'', 17 ਫਰਵਰੀ ਨੂੰ ਦੁਨੀਆ ਭਰ ''ਚ ਹੋਵੇਗੀ ਰਿਲੀਜ਼
Wednesday, Feb 08, 2023 - 04:21 PM (IST)
ਚੰਡੀਗੜ੍ਹ (ਬਿਊਰੋ) – ‘ਕਿਸਮਤ 2’, ‘ਫੁੱਫੜ ਜੀ’ ਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਵਰਗੀਆਂ ਸ਼ਾਨਦਾਰ ਬਲਾਕਬਸਟਰ ਫ਼ਿਲਮਾਂ ਨਾਲ ਜ਼ੀ ਸਟੂਡੀਓਜ਼ ਪੰਜਾਬੀ ਫ਼ਿਲਮ ਉਦਯੋਗ ’ਚ ਮੋਹਰੀ ਨਿਰਮਾਤਾ ਵਜੋਂ ਉੱਭਰਿਆ ਹੈ। ਇਸ ਗਤੀ ਨੂੰ ਜਾਰੀ ਰੱਖਦਿਆਂ ਜ਼ੀ ਸਟੂਡੀਓਜ਼ ਸਮੀਪ ਕੰਗ ਵਲੋਂ ਨਿਰਦੇਸ਼ਿਤ ਇਕ ਹੋਰ ਕਾਮੇਡੀ ਬਲਾਕਬਸਟਰ ‘ਗੋਲਗੱਪੇ’ ਨਾਲ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ। ਫ਼ਿਲਮ ਦਾ ਨਿਰਮਾਣ ਜ਼ੀ ਸਟੂਡੀਓਜ਼, ਟ੍ਰੀਫਲਿਕਸ ਐਂਟਰਟੇਨਮੈਂਟ, ਜਾਨਵੀ ਪ੍ਰੋਡਕਸ਼ਨਜ਼ ਤੇ ਸੋਹਮ ਰੌਕਸਟਾਰ ਐਂਟਰਟੇਨਮੈਂਟ ਵਲੋਂ ਕੀਤਾ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਫ਼ਿਲਮ ਦੇ ਟਰੇਲਰ ਨੂੰ ਯੂਟਿਊਬ 'ਤੇ 2.8 ਮਿਲੀਅਨ ਤੋਂ ਵਧ ਵਾਰ ਵੇਖਿਆ ਜਾ ਚੁੱਕਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਫੈਨਜ਼ ਇਸ ਫ਼ਿਲਮ ਦੀ ਰਿਲੀਜ਼ਿੰਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਦੱਸ ਦਈਏ ਕਿ ਟਰੇਲਰ ਤਿੰਨ ਦੋਸਤਾਂ ਨੱਥੂ ਹਲਵਾਈ, ਜੱਗੀ ਤੇ ਪਾਲੀ ਦੀ ਯਾਤਰਾ ਤੇ ਇਕ ਪਲ ’ਚ ਪੈਸਾ ਕਮਾਉਣ ਦੇ ਉਨ੍ਹਾਂ ਦੇ ਮਿਸ਼ਨ ਦੇ ਰੂਪ ’ਚ ਦਰਸ਼ਕਾਂ ਲਈ ਹਾਸੇ ਦਾ ਡੋਜ਼ ਯਕੀਨੀ ਬਣਾਉਂਦਾ ਹੈ। ਇਸ ਫ਼ਿਲਮ ’ਚ ਬਾਕਮਾਲ ਕਾਮੇਡੀ ਦੇ ਪੰਚ ਸ਼ਾਮਲ ਹਨ, ਤਿੰਨ ਦੋਸਤ ਲੱਖਾਂ ਕਮਾਉਣ ਦੇ ਇਕ ਰੋਮਾਂਚਕ ਮੌਕੇ ਭਾਲਦੇ ਹਨ, ਜਦੋਂ ਇਕ ਗੈਂਗਸਟਰ ਡਾ. ਚਾਵਲਾ ਦੀ ਪਤਨੀ ਨੂੰ ਅਗਵਾ ਕਰਦਾ ਹੈ ਤੇ ਇਕ ਉਲਝਣ ਦੇ ਕਾਰਨ ਇਨ੍ਹਾਂ ਤਿੰਨਾਂ ਦੋਸਤਾਂ ਨੂੰ ਫਿਰੌਤੀ ਲਈ ਫੋਨ ਕਰਦਾ ਹੈ।
ਦੱਸਣਯੋਗ ਹੈ ਕਿ ਫ਼ਿਲਮ ‘ਗੋਲਗੱਪੇ’ 'ਚ ਬੀਨੂੰ ਢਿੱਲੋਂ, ਰਜਤ ਬੇਦੀ, ਬੀ. ਐੱਨ. ਸ਼ਰਮਾ, ਨਵਨੀਤ ਕੌਰ ਢਿੱਲੋਂ, ਇਹਾਨਾ ਢਿੱਲੋਂ ਤੇ ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਸਮੀਪ ਕੰਗ ਵਲੋਂ ਨਿਰਦੇਸ਼ਿਤ ਹੈ, ਜੋ ‘ਕੈਰੀ ਆਨ ਜੱਟਾ’, ‘ਵਧਾਈਆਂ ਜੀ ਵਧਾਈਆਂ’, ‘ਲੱਕੀ ਦੀ ਅਨਲੱਕੀ ਸਟੋਰੀ’ ਤੇ ਹੋਰ ਬਹੁਤ ਸਾਰੀਆਂ ਬਲਾਕਬਸਟਰ ਦੇਣ ਲਈ ਮਸ਼ਹੂਰ ਹੈ। ‘ਗੋਲਗੱਪੇ’ ਬੀਨੂੰ ਢਿੱਲੋਂ ਤੇ ਸਮੀਪ ਕੰਗ ਵਿਚਕਾਰ ਪੰਜਵੇਂ ਸਹਿਯੋਗ ਦੀ ਨਿਸ਼ਾਨਦੇਹੀ ਕਰਦੀ ਹੈ। ਇਹ ਫ਼ਿਲਮ 17 ਫਰਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।