ਬਿਜਲੀ ਬੋਰਡ ’ਚ ਕੰਮ ਤੋਂ ਲੈ ਕੇ ਵਿਵਾਦਾਂ ਤਕ, ਗੁਰਦਾਸ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਜਾਣੋ ਕੁਝ ਅਹਿਮ ਗੱਲਾਂ

1/4/2021 5:55:33 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੁਰਦਾਸ ਮਾਨ ਅੱਜ 64 ਵਰ੍ਹਿਆਂ ਦੇ ਹੋ ਗਏ ਹਨ। ਗੁਰਦਾਸ ਮਾਨ ਦਾ ਜਨਮ 4 ਜਨਵਰੀ, 1957 ਨੂੰ ਪੰਜਾਬ ਦੇ ਗਿੱਦੜਬਾਹਾ ਪਿੰਡ ’ਚ ਹੋਇਆ। 40 ਸਾਲਾਂ ਤੋਂ ਵੱਧ ਸਮੇਂ ਦੇ ਕਰੀਅਰ ’ਚ ਗੁਰਦਾਸ ਮਾਨ ਨੇ ਜਿਥੇ ਬੁਲੰਦੀਆਂ ਦੇ ਸਿਖਰ ਨੂੰ ਛੂਹਿਆ ਤੇ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ, ਉਥੇ ਵਿਵਾਦਾਂ ’ਚ ਵੀ ਉਹ ਸਮੇਂ-ਸਮੇਂ ’ਤੇ ਘਿਰਦੇ ਰਹੇ। ਅੱਜ ਤੁਹਾਨੂੰ ਇਸ ਖ਼ਬਰ ’ਚ ਗੁਰਦਾਸ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ–

1. ਗੁਰਦਾਸ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮ ਵਜੋਂ ਕੀਤੀ ਸੀ। ਗੁਰਦਾਸ ਮਾਨ ਦੀ ਦਾਦੀ ਅਕਸਰ ਉਨ੍ਹਾਂ ਨੂੰ ਕਹਿੰਦੇ ਹੁੰਦੇ ਸਨ ਕਿ ਸਾਡਾ ਮੁੰਡਾ ਪੜ੍ਹ ਕੇ ਡੀ. ਸੀ. ਬਣੇਗਾ। ਹਾਲਾਂਕਿ ਉਹ ਡੀ. ਸੀ. ਤਾਂ ਨਹੀਂ ਬਣ ਸਕੇ ਪਰ ਬਿਜਲੀ ਬੋਰਡ ’ਚ ਯੂ. ਡੀ. ਸੀ. ਬਣ ਗਏ।

2. ਗੁਰਦਾਸ ਮਾਨ ਨੇ ਸੰਗੀਤ ਜਗਤ ’ਚ ਸ਼ੁਰੂਆਤ ਸੰਨ 1980 ’ਚ ਕੀਤੀ। ਬਤੌਰ ਗਾਇਕ ਉਨ੍ਹਾਂ ਦਾ ਪਹਿਲਾ ਗੀਤ ‘ਦਿਲ ਦਾ ਮਾਮਲਾ’ ਸੀ। ਜਿਸ ਨੇ ਰਾਤੋ-ਰਾਤ ਗੁਰਦਾਸ ਮਾਨ ਨੂੰ ਸਟਾਰ ਬਣਾ ਦਿੱਤਾ। ਆਪਣੇ ਮਿਊਜ਼ਿਕ ਕਰੀਅਰ ’ਚ ਗੁਰਦਾਸ ਮਾਨ 35 ਤੋਂ ਵੱਧ ਐਲਬਮਜ਼ ਤੇ 300 ਤੋਂ ਵੱਧ ਹਿੱਟ ਗੀਤ ਦੇ ਚੁੱਕੇ ਹਨ।

3. ਸਾਲ 2001 ’ਚ ਗੁਰਦਾਸ ਮਾਨ ਦੀ ਜ਼ਿੰਦਗੀ ’ਚ ਵੱਡਾ ਸੜਕ ਹਾਦਸਾ ਵਾਪਰਿਆ ਸੀ, ਜਿਸ ’ਚ ਉਹ ਵਾਲ-ਵਾਲ ਬਚੇ। ਇਸ ਸੜਕ ਹਾਦਸੇ ’ਚ ਗੁਰਦਾਸ ਮਾਨ ਦੇ ਡਰਾਈਵਰ ਤੇ ਖਾਸ ਦੋਸਤ ਤੇਜਪਾਲ ਦੀ ਮੌਤ ਹੋ ਗਈ। ਗੁਰਦਾਸ ਮਾਨ ਤੇਜਪਾਲ ਨੂੰ ਇਕ ਸੱਚਾ ਦੋਸਤ ਮੰਨਦੇ ਸਨ ਤੇ ਉਸ ਨੂੰ ਇਕ ਗੀਤ ਵੀ ਸਮਰਪਿਤ ਕੀਤਾ ਸੀ, ਜਿਸ ਦਾ ਨਾਂ ਸੀ ‘ਬੈਠੀ ਸਾਡੇ ਨਾਲ ਸਵਾਰੀ ਉਤਰ ਗਈ’।

4. ਗੁਰਦਾਸ ਮਾਨ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੀ ਕਾਫੀ ਵੱਡੀ ਹੈ। ਇਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ’ਤੇ ਲੋਕਾਂ ਨੇ ਹਜ਼ਾਰਾਂ ਦੇ ਨੋਟ ਉਡਾਏ ਸਨ। ਜਿਵੇਂ ਹੀ ਪ੍ਰੋਗਰਾਮ ਖ਼ਤਮ ਹੋਇਆ ਤਾਂ ਗੁਰਦਾਸ ਮਾਨ ਨੇ ਸਾਰੇ ਪੈਸੇ ਇਕੱਠੇ ਕਰਵਾਏ ਤੇ ਪ੍ਰੋਗਰਾਮ ’ਚ ਮੌਜੂਦ ਇਕ ਅਪਾਹਜ ਜੋੜੇ ਨੂੰ ਇਹ ਪੈਸੇ ਦੇਣ ਦਾ ਐਲਾਨ ਕਰ ਦਿੱਤਾ।

5. ਗੁਰਦਾਸ ਮਾਨ ਨੇ ਗਾਇਕੀ ਤੋਂ ਇਲਾਵਾ ਅਦਾਕਾਰੀ ’ਚ ਵੀ ਹੱਥ ਅਜ਼ਮਾਏ ਹਨ ਤੇ ਇਸ ’ਚ ਉਹ ਸਫਲ ਵੀ ਹੋਏ। ਬਤੌਰ ਅਦਾਕਾਰ ਗੁਰਦਾਸ ਮਾਨ ਨੇ ਪੰਜਾਬੀ, ਹਿੰਦੀ ਤੇ ਤਾਮਿਲ ਫ਼ਿਲਮਾਂ ’ਚ ਕੰਮ ਕੀਤਾ ਪਰ ਉਹ ‘ਵਾਰਿਸ ਸ਼ਾਹ : ਇਸ਼ਕ ਦਾ ਵਾਰਿਸ’ ਫ਼ਿਲਮ ਕਰਕੇ ਵਧੇਰੇ ਮਕਬੂਲ ਹੋਏ।

6. ਸਤੰਬਰ 2010 ’ਚ ਬ੍ਰਿਟੇਨ ਦੀ ਵੌਲਵਰਹੈਂਪਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਰਲਡ ਮਿਊਜ਼ਿਕ ’ਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।

7. ਬਹੁਤ ਘੱਟ ਲੋਕ ਜਾਣਦੇ ਹਨ ਕਿ ਗੁਰਦਾਸ ਮਾਨ ਪੰਜਾਬੀ ਤੋਂ ਇਲਾਵਾ ਹਿੰਦੀ, ਬੰਗਾਲੀ, ਤਾਮਿਲ, ਹਰਿਆਣਵੀ ਤੇ ਰਾਜਸਥਾਨੀ ਭਾਸ਼ਾ ’ਚ ਵੀ ਗਾ ਲੈਂਦੇ ਹਨ।

8. ਗੁਰਦਾਸ ਮਾਨ ਮਾਰਸ਼ਲ ਆਰਟਸ ’ਚ ਵੀ ਮਾਹਿਰ ਹਨ। ਉਨ੍ਹਾਂ ਨੇ ਜੂਡੋ ’ਚ ਬਲੈਕ ਬੈਲਟ ਵੀ ਜਿੱਤੀ ਹੈ। ਗੁਰਦਾਸ ਮਾਨ ਨੇ ਐਥਲੈਟਿਕ ਦੇ ਕਈ ਮੁਕਾਬਲਿਆਂ ’ਚ ਹਿੱਸਾ ਲਿਆ ਤੇ ਕੌਮੀ ਪੱਧਰ ’ਤੇ ਕਈ ਮੈਡਲ ਜਿੱਤੇ।

9. ਗੁਰਦਾਸ ਮਾਨ ਸਾਈਂ ਲਾਡੀ ਸ਼ਾਹ ਨੂੰ ਬਹੁਤ ਮੰਨਦੇ ਹਨ। ਸਾਈਂ ਲਾਡੀ ਸ਼ਾਹ ਦੀ ਮੌਤ ਤੋਂ ਬਾਅਦ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਗੁਰਦਾਸ ਮਾਨ ਨੂੰ ਭੇਟ ਕੀਤੀ ਗਈ ਸੀ ਪਰ ਉਨ੍ਹਾਂ ਨੇ ਸੇਵਾਦਾਰ ਬਣ ਕੇ ਕੰਮ ਕਰਨ ਦਾ ਫੈਸਲਾ ਕੀਤਾ। ਮੇਲੇ ਦੌਰਾਨ ਕਈ ਗਾਇਕ ਨਕੋਦਰ ’ਚ ਪੇਸ਼ਕਾਰੀ ਕਰਦੇ ਹਨ ਤੇ ਗੁਰਦਾਸ ਮਾਨ ਇਨ੍ਹਾਂ ਮੇਲਿਆਂ ਦੀ ਅਗਵਾਈ ਕਰਦੇ ਹਨ।

10. ਸਤੰਬਰ, 2019 ’ਚ ਗੁਰਦਾਸ ਮਾਨ ਵੱਡੇ ਵਿਵਾਦ ’ਚ ਫਸੇ। ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਗੁਰਦਾਸ ਮਾਨ ਦਾ ਵਿਦੇਸ਼ਾਂ ’ਚ ਵਿਰੋਧ ਹੋਣਾ ਸ਼ੁਰੂ ਹੋਇਆ ਤੇ ਵਿਰੋਧ ਦੌਰਾਨ ਗੁਰਦਾਸ ਮਾਨ ਨੇ ਸਟੇਜ ਤੋਂ ਅਪਸ਼ਬਦ ਬੋਲ ਦਿੱਤੇ, ਜਿਸ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਲਗਾਤਾਰ ਜਾਰੀ ਰਿਹਾ। ਪਿਛਲੇ ਸਾਲ ਜਨਮਦਿਨ ਮੌਕੇ ਗੁਰਦਾਸ ਮਾਨ ਦਾ ਅੰਮ੍ਰਿਤਸਰ ਵਿਖੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ ਸੀ। ਹਾਲ ਹੀ ’ਚ ਦਿੱਲੀ ਧਰਨੇ ’ਚ ਪਹੁੰਚੇ ਗੁਰਦਾਸ ਮਾਨ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਸਟੇਜ ’ਤੇ ਬੋਲਣ ਤੋਂ ਵੀ ਰੋਕ ਦਿੱਤਾ ਗਿਆ। ਹਾਲਾਂਕਿ ਇਸ ਵਿਰੋਧ ਤੋਂ ਬਾਅਦ ਜਿਥੇ ਲੋਕਾਂ ਨੇ ਗੁਰਦਾਸ ਮਾਨ ਦਾ ਵਿਰੋਧ ਜਾਰੀ ਰੱਖਿਆ, ਉਥੇ ਕੁਝ ਲੋਕ ਗੁਰਦਾਸ ਮਾਨ ਦੇ ਸਮਰਥਨ ’ਚ ਵੀ ਆਏ।

ਨੋਟ– ਗੁਰਦਾਸ ਮਾਨ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh