ਮੁੰਬਈ ਫ਼ਿਲਮਸਿਟੀ ਦਾ ਆਧੁਨਿਕੀਕਰਣ ਕਰਵਾਏਗੀ ਊਧਵ ਸਰਕਾਰ

Thursday, Jul 01, 2021 - 10:05 AM (IST)

ਮੁੰਬਈ ਫ਼ਿਲਮਸਿਟੀ ਦਾ ਆਧੁਨਿਕੀਕਰਣ ਕਰਵਾਏਗੀ ਊਧਵ ਸਰਕਾਰ

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਮੁੰਬਈ ਸਥਿਤ ਫ਼ਿਲਮ ਸਿਟੀ ਦੇ ਵਿਕਾਸ ਲਈ ਐਕਸਪ੍ਰੈਸ਼ਨ ਆਫ ਇੰਟਰਸਟ (ਈਓਆਈ) ਦੇ ਬਿਨੈ ਪੱਤਰ ਮੰਗੇ ਹਨ। ਪਹਿਲਾਂ ਦੀ ਤੁਲਨਾ ’ਚ ਇਸ ਵਾਰ ਸ਼ੁਰੂਆਤ ਛੋਟੇ ਪੱਧਰ ’ਤੇ ਹੋ ਰਹੀ ਹੈ ਤਾਂ ਕਿ ਨਿਵੇਸ਼ਕ ਰੁਚੀ ਦਿਖਾਉਣ ਅਤੇ ਕੰਮ ਸ਼ੁਰੂ ਹੋ ਸਕੇ।
ਮਹਾਰਾਸ਼ਟਰ ਫ਼ਿਲਮ ਸਟੇਜ ਅਤੇ ਕਲਚਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਮ.ਐੱਫ.ਐੱਸ.ਸੀ.ਡੀ.ਸੀ) ਵੱਲੋਂ ਜਾਰੀ ਈ.ਓ.ਆਈ. ਵਿਚ ਫ਼ਿਲਮ ਸਿਟੀ ਦੀ 22 ਏਕੜ ਜ਼ਮੀਨ ’ਤੇ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਫ਼ਿਲਮ ਅਤੇ ਮੀਡੀਆ ਇੰਟਰਟੇਨਮੈਂਟ ਦੇ ਖੇਤਰ ਵਿਚ ਤਜ਼ਰਬਾ ਰੱਖਣ ਵਾਲੇ ਵਿਕਾਸ ਕਰਤਾਵਾਂ ਤੋਂ ਈ.ਓ.ਆਈ ਮੰਗੇ ਗਏ ਹਨ। ਇਸ ਬੁਨਿਆਦੀ ਢਾਂਚੇ ਵਿਚ ਸਟੂਡੀਓ ਫਲੋਰਸ, ਆਊਟਡੋਰ ਲੋਕੇਸ਼ਨਜ਼, ਪੋਸਟ ਪ੍ਰੋਡਕਸ਼ਨ ਸਹੂਲਤਾਂ ਆਦਿ ਤਿਆਰ ਕਰਨ ਦੀ ਇੱਛਾ ਪ੍ਰਗਟਾਈ ਗਈ ਹੈ।
ਐੱਫ.ਐੱਫ.ਐੱਸ.ਸੀ.ਡੀ.ਸੀ. ਦੀ ਸੰਯੁਕਤ ਪ੍ਰਬੰਧ ਨਿਰਦੇਸ਼ਕ ਆਂਚਲ ਗੋਇਲ ਅਨੁਸਾਰ 1977 ’ਚ ਸਥਾਪਤ ਫ਼ਿਲਮ ਸਿਟੀ ’ਚ ਹਾਲੇ ਸਿਰਫ 16 ਇਨਡੋਰ ਸਟੂਡੀਓ ਹਨ ਜਦਕਿ ਓ.ਟੀ.ਟੀ ਪਲੇਟਫਾਰਮ ਆ ਜਾਣ ਤੋਂ ਬਾਅਦ ਇਨਡੋਰ ਤੇ ਆਊਟਡੋਰ ਸਟੂਡੀਓ ਦੀਆਂ ਲੋੜਾਂ ਵਧ ਗਈਆਂ ਹਨ। ਫ਼ਿਲਮਾਂ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਮੁੰਬਈ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਆਪਣੇ ਨੇੜੇ ਸਟੂਡੀਓ ਦੀ ਲੋੜ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ 80 ਹੋਰ ਸਟੂਡੀਓ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਪੋਸਟ ਪ੍ਰੋਡਕਸ਼ਨ ਸਹੂਲਤਾਂ ਤਿਆਰ ਕੀਤੀਆਂ ਜਾਣਗੀਆਂ ਤਾਂ ਕਿ ਫ਼ਿਲਮ ਜਾਂ ਸੀਰੀਅਲ ਬਣਾਉਣ ਵਾਲਿਆਂ ਨੂੰ ਸਾਰੀਆਂ ਸਹੂਲਤਾਂ ਇਕ ਹੀ ਜਗ੍ਹਾ ਮਿਲ ਜਾਣ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮੁੰਬਈ ਆ ਕੇ ਫ਼ਿਲਮ ਜਗਤ ਦੀਆਂ ਕਈ ਉੱਚਕੋਟੀ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਗ੍ਰੇਟਰ ਨੋਇਡਾ ’ਚ 780 ਏਕੜ ’ਤੇ ਫ਼ਿਲਮ ਸਿਟੀ ਨਿਰਮਾਣ ਦਾ ਖਾਕਾ ਵੀ ਨਿਰਮਾਤਾਵਾਂ ਸਾਹਮਣੇ ਪੇਸ਼ ਕੀਤਾ ਸੀ ਜਿਸ ਵਿਚ ਫ਼ਿਲਮ ਨਿਰਮਾਣ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹੋਣਗੀਆਂ। ਯੋਗੀ ਦੀ ਇਸ ਯੋਜਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਹਫ਼ਤਿਆਂ ਤਕ ਇਹ ਇਕ ਸਿਆਸੀ ਮੁੱਦਾ ਬਣਿਆ ਰਿਹਾ। ਇਹ ਸਵਾਲ ਵੀ ਉੱਠਿਆ ਕਿ ਫੜਨਵੀਸ ਸਰਕਾਰ ਵੱਲੋਂ ਫ਼ਿਲਮ ਸਿਟੀ ਦੀ ਕਾਇਆਕਲਪ ਲਈ ਤਿਆਰ ਕੀਤੀ ਗਈ ਯੋਜਨਾ ’ਤੇ ਨਵੀਂ ਸਰਕਾਰ ਕੰਮ ਕਿਉਂ ਨਹੀਂ ਕਰ ਰਹੀ।


author

Aarti dhillon

Content Editor

Related News