ਐਕਸ਼ਨ ਤੇ ਰੋਮਾਂਸ ਭਰਪੂਰ ਪੰਜਾਬੀ ਫ਼ਿਲਮ ‘ਉੱਚਾ ਪਿੰਡ’

Tuesday, Aug 17, 2021 - 12:41 PM (IST)

ਚੰਡੀਗੜ੍ਹ (ਬਿਊਰੋ)– 3 ਸਤੰਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਹਰਜੀਤ ਰਿੱਕੀ ਦੀ ਨਵੀਂ ਫ਼ਿਲਮ ‘ਉੱਚਾ ਪਿੰਡ’ ਅਜੋਕੇ ਪੰਜਾਬੀ ਸਿਨੇਮਾ ਤੋਂ ਹੱਟ ਕੇ ਰੋਮਾਂਟਿਕ ਤੇ ਐਕਸ਼ਨ ਭਰਪੂਰ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ, ਜਿਸ ’ਚ ਪੰਜਾਬੀ ਥਿਏਟਰ ਤੇ ਫ਼ਿਲਮਾਂ ਨਾਲ ਚਿਰਾਂ ਤੋਂ ਜੁੜਿਆ ਅਦਾਕਾਰ ਨਵਦੀਪ ਕਲੇਰ ਤੇ ਚਰਚਿਤ ਖ਼ੂਬਸੂਰਤ ਅਦਾਕਾਰਾ ਪੂਨਮ ਸੂਦ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਜ਼ਿਕਰਯੋਗ ਹੈ ਕਿ ਮਲਟੀਸਟਾਰਰ ਇਹ ਫ਼ਿਲਮ ਸਟਾਰ ਕਾਸਟ ਤੇ ਲੋਕੇਸ਼ਨ ਪੱਖੋਂ ਸ਼ੂਟਿੰਗ ਸਮੇਂ ਤੋਂ ਹੀ ਚਰਚਾ ’ਚ ਸੀ। ਨਿਰਦੇਸ਼ਕ ਹਰਜੀਤ ਰਿੱਕੀ ਦੀ ਕਲਾਤਮਿਕ ਸੋਚ ਅਨੁਸਾਰ ਦਰਸ਼ਕਾਂ ਦੇ ਸੁਆਦ ਨੂੰ ਵੇਖਦਿਆਂ ਇਸ ਫ਼ਿਲਮ ਨੂੰ ਹਰ ਪੱਖੋਂ ਸੰਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫ਼ਿਲਮ ’ਚ ਜਿਥੇ ਰਵਾਇਤੀ ਐਕਸ਼ਨ ਤੇ ਰੋਮਾਂਸ ਹੈ, ਉਥੇ ਮਨੁੱਖਤਾ ਤੇ ਧਰਾਤਲ ਨਾਲ ਜੁੜੀ ਕਹਾਣੀ ਵੀ ਹੈ।

ਦੋ ਸਾਲ ਪਹਿਲਾਂ ਬਣੀ ਇਹ ਫ਼ਿਲਮ ਵੀ ਬਾਕੀ ਫ਼ਿਲਮਾਂ ਵਾਂਗ ਕੋਰੋਨਾ ਵਾਇਰਸ ਕਰਕੇ ਰਿਲੀਜ਼ ਲਈ ਅਟਕੀ ਰਹੀ। ਬੀਤੇ ਦਿਨੀਂ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਨੇ ਦਰਸ਼ਕਾਂ ਨੂੰ ਪਹਿਲੀ ਨਜ਼ਰੇ ਹੀ ਪ੍ਰਭਾਵਿਤ ਕੀਤਾ ਹੈ।

PunjabKesari

ਧੂਰੀ ਸ਼ਹਿਰ ਦਾ ਜੰਮਪਲ ਨਵਦੀਪ ਕਲੇਰ ਥਿਏਟਰ ਦਾ ਪਰਪੱਕ ਕਲਾਕਾਰ ਹੈ, ਜਿਸ ਨੇ ‘ਰੁਪਿੰਦਰ ਗਾਂਧੀ’ 1 ਤੇ 2, ‘ਸਰਦਾਰ ਮੁਹੰਮਦ’, ‘ਸਿਕੰਦਰ 2’, ‘ਪ੍ਰਾਹੁਣਾ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਇੱਕੋ-ਮਿੱਕੇ’ ਤੇ ਬਾਲੀਵੁੱਡ ਫ਼ਿਲਮ ‘ਗੋਲਡ’ ’ਚ ਯਾਦਗਾਰੀ ਕਿਰਦਾਰ ਨਿਭਾਅ ਕੇ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ।

ਪਹਿਲੀ ਵਾਰ ਨਾਇਕ ਦੀ ਭੂਮਿਕਾ ਪ੍ਰਤੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਉਸ ਨੇ ਕਿਹਾ, ‘ਮੈਂ ਜ਼ਿੰਦਗੀ ’ਚ ਕੁਝ ਪਾਉਣ ਲਈ ਹਮੇਸ਼ਾ ਹੀ ਸਖ਼ਤ ਮਿਹਨਤ ਤੇ ਲਗਨ ਦਾ ਪੱਲਾ ਫੜਿਆ ਹੈ। ਕਿਸੇ ਵੀ ਕਿਰਦਾਰ ਨੂੰ ਨਿਭਾਉਂਦਿਆਂ ਉਸ ਦੇ ਧੁਰ ਅੰਦਰ ਤਕ ਉਤਰ ਜਾਣਾ ਹੀ ਮੇਰਾ ਸੁਭਾਅ ਹੈ। ਜਦੋਂ ਇਹ ਫ਼ਿਲਮ ਮਿਲੀ ਤਾਂ ਆਪਣੇ ਕਿਰਦਾਰ ਨੂੰ ਪੜ੍ਹਦਿਆਂ ਮਹਿਸੂਸ ਹੋਇਆ ਕਿ ਇਹ ਮੇਰੇ ਲਈ ਹੀ ਖ਼ਾਸ ਹੈ, ਜਿਸ ਨੂੰ ਮੈਂ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰਵਾਨ ਕਰਕੇ ਬਿਹਤਰੀਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਮੈਨੂੰ ਯਕੀਨ ਹੈ ਕਿ ਦਰਸ਼ਕ ਮੇਰੇ ਕਿਰਦਾਰ ਨੂੰ ਜ਼ਰੂਰ ਪਸੰਦ ਕਰਨਗੇ।’

PunjabKesari

ਫ਼ਿਲਮ ਦੀ ਨਾਇਕਾ ਪੂਨਮ ਸੂਦ ਬਾਰੇ ਕਹਿ ਸਕਦੇ ਹਾਂ ਕਿ ਉਹ ਹੁਸਨ ਦੇ ਨਾਲ-ਨਾਲ ਕਲਾ ਪੱਖੋਂ ਵੀ ਅਮੀਰ ਹੈ। ਬਤੌਰ ਨਾਇਕਾ ਇਹ ਉਸ ਦੀ ਪਹਿਲੀ ਫ਼ਿਲਮ ਹੈ ਪਰ ਇਸ ਤੋਂ ਪਹਿਲਾਂ ਉਹ ‘ਮੇਰੇ ਯਾਰ ਕਮੀਨੇ’, ‘ਅੱਜ ਦੇ ਲਫੰਗੇ’, ‘ਮੁੰਡਾ ਫਰੀਦਕੋਟੀਆ’, ‘ਯਾਰ ਅਣਮੁੱਲੇ 2’ ਆਦਿ ਵਰਗੀਆਂ ਫ਼ਿਲਮਾਂ ’ਚ ਚੰਗਾ ਕੰਮ ਕਰ ਚੁੱਕੀ ਹੈ। ਹਰਜੀਤ ਰਿੱਕੀ ਦੀ ਡਾਇਰੈਕਟ ਕੀਤੀ ਲਘੂ ਫ਼ਿਲਮ ‘ਵੰਡ’ ਨਾਲ ਉਹ ਪਹਿਲੀ ਵਾਰ ਚਰਚਾ ’ਚ ਆਈ ਸੀ। ਇਸ ਨਵੀਂ ਫ਼ਿਲਮ ’ਚ ਬਤੌਰ ਨਾਇਕਾ ਕੰਮ ਕਰਕ ਉਹ ਬਹੁਤ ਖ਼ੁਸ਼ ਹੈ। ਯਕੀਨਣ ਦਰਸ਼ਕ ਉਸ ਨੂੰ ਪਸੰਦ ਕਰਨਗੇ ਤੇ ਇਹ ਫ਼ਿਲਮ ਉਸ ਦੇ ਕਲਾ ਗ੍ਰਾਫ ਨੂੰ ਹੋਰ ਉੱਚਾ ਕਰੇਗੀ।

ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨ ਵਲੋਂ ਬਣਾਈ ਇਸ ਫ਼ਿਲਮ ’ਚ ਨਵਦੀਪ ਕਲੇਰ, ਪੂਨਮ ਸੂਦ, ਸਰਦਾਰ ਸੋਹੀ, ਹੋਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕੁਲ ਦੇਵ, ਲੱਖਾ ਲਹਿਰੀ, ਸੰਜੂ ਸੋਲੰਕੀ, ਸਵਿੰਦਰ ਵਿੱਕੀ, ਦਿਲਾਵਰ ਸਿੱਧੂ ਤੇ ਰਾਹੁਲ ਜੁਗਰਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਨਰਿੰਦਰ ਅੰਬਰਸਰੀਆ ਨੇ ਲਿਖਿਆ ਹੈ। ਫ਼ਿਲਮ ਦਾ ਸੰਗੀਤ ਜਾਨੀ ਤੇ ਬੀ ਪਰਾਕ ਨੇ ਤਿਆਰ ਕੀਤਾ ਹੈ। 3 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਤਾ ਸੰਨੀ ਢਿੱਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਹਨ।

ਨੋਟ– ਇਸ ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News