ਮੁਸ਼ਕਿਲਾਂ ’ਚ ਘਿਰੀ ਜੈਕਲੀਨ ਫਰਨਾਂਡੀਜ਼, ਈ. ਡੀ. ਦੀ ਪੁੱਛਗਿੱਛ ’ਚ ਨਹੀਂ ਹੋਈ ਸ਼ਾਮਲ
Saturday, Sep 25, 2021 - 02:21 PM (IST)
ਨਵੀਂ ਦਿੱਲੀ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਸ਼ਨੀਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਮਨੀ ਲਾਂਡਰਿੰਗ ਨਾਲ ਜੁੜੇ ਇਕ ਮਾਮਲੇ 'ਚ ਪੇਸ਼ ਹੋਣਾ ਸੀ ਪਰ ਉਹ ਪੁੱਛਗਿੱਛ ਲਈ ਦਿੱਲੀ 'ਚ ਹਾਜ਼ਰ ਨਹੀਂ ਹੋਈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਉਹ ਈ.ਡੀ. ਦੇ ਨੋਟਿਸ ਦੇ ਬਾਵਜੂਦ ਪੁੱਛਗਿੱਛ 'ਚ ਸ਼ਾਮਲ ਨਹੀਂ ਹੋਈ ਹੈ। ਹਾਲਾਂਕਿ ਜੈਕਲੀਨ ਕਿਸੇ ਸ਼ੂਟਿੰਗ 'ਚ ਰੁੱਝੇ ਹੋਣ ਦੀ ਵਜ੍ਹਾ ਨਾਲ ਦਿੱਲੀ ਨਹੀਂ ਆਈ ਜਾਂ ਕੋਈ ਹੋਰ ਕਾਰਨ ਸੀ, ਇਸ 'ਤੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਇਹ ਮਾਮਲਾ ਤਿਹਾੜ ਜੇਲ੍ਹ 'ਚ 200 ਕਰੋੜ ਦੀ ਰੰਗਦਾਰੀ ਨਾਲ ਜੁੜਿਆ ਹੈ। ਇਸ ਦਾ ਮਾਸਟਰਮਾਇੰਡ ਮੁਕੇਸ਼ ਚੰਦਰਸ਼ੇਖਰ ਤਿਹਾੜ ਜੇਲ੍ਹ ਦੇ ਅੰਦਰ ਪੂਰਾ ਰੈਕੇਟ ਚਲਾ ਰਿਹਾ ਸੀ।
ਜਾਣਕਾਰੀ ਮੁਤਾਬਕ ਦੋ ਸੌ ਕਰੋੜ ਦੀ ਇਹ ਰੰਗਦਾਰੀ ਵਸੂਲਣ ਲਈ ਮਾਸਟਰਮਾਇੰਡ ਸੁਕੇਸ਼ ਚੰਦਰਸ਼ੇਖਰ ਫਿਲਮੀਂ ਅਦਾਕਾਰਾ ਜੈਕਲੀਨ ਨੂੰ ਤਿਹਾੜ ਜੇਲ੍ਹ ਦੇ ਅੰਦਰੋਂ ਹੀ ਫੋਨ ਕਰਦਾ ਸੀ। ਜਾਂਚ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੁਕੇਸ਼ ਚੰਦਰਸ਼ੇਖਰ ਤਿਹਾੜ ਜੇਲ੍ਹ ਦੇ ਅੰਦਰ ਤੋਂ ਹੀ ਜੈਕਲੀਨ ਨੂੰ ਕਾਲ ਸਪੂਫਿੰਗ ਸਿਸਟਮ ਦੇ ਰਾਹੀਂ ਫੋਨ ਕਰਦਾ ਸੀ ਪਰ ਸੁਕੇਸ਼ ਚੰਦਰਸ਼ੇਖਰ ਨੇ ਆਪਣੀ ਪਛਾਣ ਅਤੇ ਅਹੁਦਾ ਵਧਾ ਚੜ੍ਹਾ ਕੇ ਦੱਸਿਆ ਸੀ।
ਜਾਂਚ ਏਜੰਸੀ ਮੁਤਾਬਕ 'ਜਦੋਂ ਜੈਕਲੀਨ ਸੁਕੇਸ਼ ਦੇ ਜਾਲ 'ਚ ਫੱਸਣ ਲੱਗੀ ਤਾਂ ਉਸ ਨੂੰ ਮਹਿੰਗੇ ਫੁੱਲ ਅਤੇ ਚਾਕਲੇਟ ਗਿਫਟ ਦੇ ਤੌਰ 'ਤੇ ਭੇਜਣ ਲੱਗਾ। ਜੈਕਲੀਨ ਇਹ ਨਹੀਂ ਸਮਝ ਪਾ ਰਹੀ ਸੀ ਕਿ ਇਹ ਸਾਰਾ ਕੁਝ ਤਿਹਾੜ ਜੇਲ੍ਹ 'ਚ ਬੰਦ ਸ਼ਾਤਿਰ ਠੱਗ ਸੁਕੇਸ਼ ਕਰ ਰਿਹਾ ਹੈ। ਜਾਂਚ ਏਜੰਸੀਆਂ ਨੂੰ ਸੁਕੇਸ਼ ਦੇ ਅਹਿਮ ਕਾਲ ਰਿਕਾਰਡ ਹੱਥ ਲੱਗੇ ਹਨ। ਇਸ ਆਧਾਰ 'ਤੇ ਜੈਕਲੀਨ ਦੇ ਨਾਲ ਹੋਈ ਧੋਖਾਧੜੀ ਦਾ ਜਾਂਚ ਏਜੰਸੀਆਂ ਨੂੰ ਵੀ ਜਾਣਕਾਰੀ ਮਿਲ ਸਕੀ।
ਜਾਂਚ ਏਜੰਸੀਆਂ ਨੇ ਸੁਰੱਖਿਆ ਕਾਰਨਾਂ ਨਾਲ ਉਸ ਨਾਂ ਅਤੇ ਅਹੁਦੇ ਦਾ ਖੁਲਾਸਾ ਨਹੀਂ ਕੀਤਾ ਹੈ ਜੋ ਸੁਕੇਸ਼ ਚੰਦਰਸ਼ੇਖਰ ਬਾਲੀਵੁੱਡ ਅਦਾਕਾਰਾ ਜੈਕਲੀਨ ਨੂੰ ਦੱਸਿਆ ਸੀ। ਇਸ 'ਤੇ ਜੈਕਲੀਨ ਸੁਕੇਸ਼ ਦੇ ਬਹਿਕਾਵੇ 'ਚ ਆ ਗਈ। ਬਾਲੀਵੁੱਡ ਦੀ ਇਕ ਹੋਰ ਮਹਿਲਾ ਸੈਲੀਬਰਿਟੀ, ਜੋ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ, ਉਸ ਨੂੰ ਵੀ ਸੁਕੇਸ਼ ਨੇ ਨਿਸ਼ਾਨਾ ਬਣਾਇਆ ਸੀ। ਇਕ ਫਿਲਮ ਅਦਾਕਾਰ ਵੀ ਉਸ ਦੇ ਨਿਸ਼ਾਨੇ 'ਤੇ ਸੀ ਅਤੇ ਇਨ੍ਹਾਂ ਸਾਰਿਆਂ ਤੋਂ ਜ਼ਲਦੀ ਹੀ ਪੁੱਛਗਿੱਛ ਹੋ ਸਕਦੀ ਹੈ।