ਵਿਵੇਕ ਰੰਜਨ ਅਗਨੀਹੋਤਰੀ ਦੀ ‘ਦਿ ਬੰਗਾਲ ਫਾਈਲਜ਼’ ਦਾ ਟ੍ਰੇਲਰ ਹੋਇਆ ਰਿਲੀਜ਼
Sunday, Aug 17, 2025 - 04:19 PM (IST)

ਮੁੰਬਈ- ਵਿਵੇਕ ਰੰਜਨ ਅਗਨੀਹੋਤਰੀ, ਅਭਿਸ਼ੇਕ ਅੱਗਰਵਾਲ ਅਤੇ ਪੱਲਵੀ ਜੋਸ਼ੀ ਦੁਆਰਾ ਨਿਰਮਿਤ ‘ਦਿ ਬੰਗਾਲ ਫਾਈਲਜ਼’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਨਿਰਦੇਸ਼ਨ ਵਿਵੇਕ ਰੰਜਨ ਅਗਨੀਹੋਤਰੀ ਨੇ ਕੀਤਾ ਹੈ, ਜਿਨ੍ਹਾਂ ਨੇ ‘ਦਿ ਕਸ਼ਮੀਰ ਫਾਇਲਜ਼’ ਬਣਾਈ ਹੈ। ਪੱਛਮੀ ਬੰਗਾਲ ਦੇ ਖੂਨੀ ਅਤੇ ਹਿੰਸਕ ਸਿਆਸੀ ਅਤੀਤ ਦੇ ਪਿਛੋਕੜ ਵਾਲੀ ‘ਦਿ ਬੰਗਾਲ ਫਾਈਲਜ਼’ ਉਨ੍ਹਾਂ ਸਵਾਲਾਂ ਨੂੰ ਚੁੱਕਣ ਦੀ ਹਿੰਮਤ ਕਰਦੀ ਹੈ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਦਿੰਦਾ।
ਟ੍ਰੇਲਰ ਦੇ ਸਭ ਤੋਂ ਹੈਰਾਨ ਕਰਨ ਵਾਲੇ ਪਲ ਵਿਚ ਇਕ ਆਵਾਜ਼ ਚੁੱਪ ਨੂੰ ਤੋੜਦੀ ਹੈ, ‘ਇਹ ਪੱਛਮੀ ਬੰਗਾਲ ਹੈ, ਇਥੇ ਦੋ ਸੰਵਿਧਾਨ ਚੱਲਦੇ ਹਨ, ਇਕ ਹਿੰਦੂਆਂ ਦਾ, ਇਕ ਮੁਸਲਮਾਨਾਂ ਦਾ। ’ ਇਸ ਵਿਚ ਨੈਸ਼ਨਲ ਐਵਾਰਡ ਜੇਤੂ ਅਦਾਕਾਰਾ ਪੱਲਵੀ ਜੋਸ਼ੀ, ਸੀਨੀਅਰ ਸਟਾਰ ਮਿਥੁਨ ਚੱਕਰਵਰਤੀ ਅਤੇ ਸ਼ਾਨਦਾਰ ਕਲਾਕਾਰਾਂ ਦੀ ਟੀਮ ਹੈ।
ਵਿਵੇਕ ਰੰਜਨ ਅਗਨੀਹੋਤਰੀ ਨੇ ਕਿਹਾ, “ਦਿ ਬੰਗਾਲ ਫਾਈਲਜ਼’ ਇਕ ਚਿਤਾਵਨੀ ਹੈ, ਆਵਾਜ਼ ਹੈ ਕਿ ਅਸੀਂ ਬੰਗਾਲ ਨੂੰ ਦੂਜਾ ਕਸ਼ਮੀਰ ਨਹੀਂ ਬਣਨ ਦੇਵਾਂਗੇ। ਅਸੀਂ ਟ੍ਰੇਲਰ ਨੂੰ ਕੋਲਕਾਤਾ ਵਿਚ ਲਾਂਚ ਕਰਨ ਦਾ ਫੈਸਲਾ ਕੀਤਾ ਤਾਂ ਕਿ ਹਿੰਦੂ ਕਤਲੇਆਮ ਦੀ ਹੁਣ ਤੱਕ ਨਾ ਦੱਸੀ ਸੱਚਾਈ ਨੂੰ ਠੀਕ ਤਰੀਕੇ ਨਾਲ ਦਿਖਾਇਆ ਜਾ ਸਕੇ।”
ਮਿਥੁਨ ਚੱਕਰਵਰਤੀ ਨੇ ਕਿਹਾ, ‘‘ਦਿ ਬੰਗਾਲ ਫਾਈਲਜ਼’ ਉਹ ਸਭ ਹੈ ਜਿਸ ਦੇ ਬਾਰੇ ਦਰਸ਼ਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਪੱਲਵੀ ਜੋਸ਼ੀ ਨੇ ਕਿਹਾ, “ਅਸੀਂ ਸਮਾਜ ਦੇ ਸਾਹਮਣੇ ਹਕੀਕਤ ਦਾ ਇਕ ਹੋਰ ਪਹਿਲੂ ਪੇਸ਼ ਕਰ ਰਹੇ ਹਾਂ, ਕੁਝ ਅਜਿਹਾ ਜੋ ਲੋਕਾਂ ਨੂੰ ਸੱਚੀਂ ਦੇਖਣਾ ਚਾਹੀਦਾ ਹੈ। ਟ੍ਰੇਲਰ ਦਰਸ਼ਕਾਂ ਨੂੰ ਉਸ ਡਰਾਉਣੀ ਸੱਚਾਈ ਦੇ ਲਾਗੇ ਲਿਆਉਣ ਦੀ ਕੋਸ਼ਿਸ਼ ਹੈ, ਜਿਸ ਨੂੰ ਫਿਲਮ ਦਿਖਾਵੇਗੀ। ਇਹ ਫਿਲਮ 5 ਸਿਤੰਬਰ, 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।