ਅਕਸ਼ੇ ਕੁਮਾਰ ਦੀ ਫ਼ਿਲਮ 'ਬੈੱਲ ਬੋਟਮ' ਦਾ ਟ੍ਰੇਲਰ ਹੋਇਆ ਰਿਲੀਜ਼
Wednesday, Aug 04, 2021 - 12:55 PM (IST)

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ 'ਬੈੱਲ ਬੋਟਮ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ 'ਚ ਉਹ ਰਾਅ ਏਜੰਟ ਬਣ ਭਾਰਤੀ ਲੋਕਾਂ ਦੀ ਜਾਨ ਬਚਾਉਂਦੇ ਨਜ਼ਰ ਆਉਣਗੇ। ਕਹਾਣੀ ਸਾਲ 1984 ਦੀ ਹੈ ਜਦ ਅੱਤਵਾਦੀਆਂ ਵੱਲੋਂ ਇੰਡੀਅਨ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਈਜੈੱਕ ਕਰ ਲਿਆ ਗਿਆ ਸੀ।
ਇਸ ਤੋਂ ਬਾਅਦ ਖੁਫੀਆ ਏਜੰਸੀ ਰਾਅ ਯਾਤਰੀਆਂ ਦੀ ਜਾਨ ਬਚਾਉਣ ਲਈ ਮਿਸ਼ਨ ਤਿਆਰ ਕਰਦੀ ਹੈ। ਫ਼ਿਲਮ 'ਚ ਅਕਸ਼ੇ ਕੁਮਾਰ ਦੇ ਕਿਰਦਾਰ ਦਾ ਕੋਡਨੇਮ 'ਬੈੱਲ ਬੋਟਮ' ਹੈ ਜਿਸ ਨੂੰ ਇਹ ਮਿਸ਼ਨ ਪੂਰਾ ਕਰਨ ਲਈ ਸੌਂਪਿਆ ਜਾਂਦਾ ਹੈ। ਅਕਸ਼ੇ ਕੁਮਾਰ ਆਪਣੀ ਟੀਮ ਨਾਲ ਇਸ ਮਿਸ਼ਨ ਨੂੰ ਪੂਰਾ ਕਰਨ 'ਚ ਲੱਗ ਜਾਂਦਾ ਹੈ।
ਟ੍ਰੇਲਰ 'ਚ ਸਭ ਤੋਂ ਖ਼ਾਸ ਲਾਰਾ ਦੱਤਾ ਦਾ ਕਿਰਦਾਰ ਹੈ ਜੋ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪਰਦੇ 'ਤੇ ਉਤਾਰੇਗੀ। ਲਾਰਾ ਦੱਤਾ ਨੂੰ ਇੰਦਰਾ ਗਾਂਧੀ ਦੇ ਕਿਰਦਾਰ 'ਚ ਪਛਾਣਨਾ ਕਾਫੀ ਮੁਸ਼ਕਲ ਹੈ। ਦੂਜੇ ਪਾਸੇ ਅਦਾਕਾਰਾ ਵਾਨੀ ਕਪੂਰ ਅਕਸ਼ੇ ਕੁਮਾਰ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਏਗੀ ਅਤੇ ਹੁਮਾ ਕੁਰੈਸ਼ੀ ਅਕਸ਼ੇ ਕੁਮਾਰ ਦੀ ਟੀਮ ਦਾ ਹਿੱਸਾ ਹੈ। ਇਹ ਫ਼ਿਲਮ 19 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।